ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਾਪਮਾਨ ਦੇ ਵਾਧੇ ਨਾਲ ਝੁਲਸਦੇ ਮੁਲਕ

07:52 AM Sep 23, 2023 IST

ਡਾ. ਗੁਰਿੰਦਰ ਕੌਰ

ਵਰਲਡ ਮੈਟਰੋਲੋਜੀਕਲ ਆਰਗਨਾਈਜ਼ੇਸ਼ਨ (ਡਬਲਿਊਐੱਮਓ) ਅਤੇ ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ ਸੰਸਥਾਵਾਂ ਅਨੁਸਾਰ 2023 ਦੇ ਜੁਲਾਈ ਦੇ ਮਹੀਨੇ ਦਾ ਹੁਣ ਤੱਕ ਦੇ ਰਿਕਾਰਡ ਅਨੁਸਾਰ ਸਭ ਤੋਂ ਗਰਮ ਮਹੀਨਾ ਬਣ ਜਾਣਾ ਲਗਭਗ ਤੈਅ ਹੈ। ਇਨ੍ਹਾਂ ਸੰਸਥਾਵਾਂ ਅਨੁਸਾਰ ਜੁਲਾਈ 2023 ਦੇ ਪਹਿਲੇ 23 ਦਿਨਾਂ ਦਾ ਔਸਤ ਤਾਪਮਾਨ 16.95 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ ਜੋ 2019 ਦੇ ਜੁਲਾਈ ਦੇ ਪੂਰੇ ਮਹੀਨੇ (ਜੋ ਹੁਣ ਤੱਕ ਦਾ ਸਭ ਤੋਂ ਗਰਮ ਮਹੀਨਾ ਸੀ) ਦੇ ਔਸਤ ਤਾਪਮਾਨ 16.63 ਡਿਗਰੀ ਸੈਲਸੀਅਸ ਤੋਂ 0.32 ਡਿਗਰੀ ਸੈਲਸੀਅਸ ਵੱਧ ਹੈ।
6 ਜੁਲਾਈ 2023 ਨੂੰ ਧਰਤੀ ਦਾ ਔਸਤ ਤਾਪਮਾਨ 17.08 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਸ ਨਾਲ ਇਹ ਹੁਣ ਤੱਕ ਦਾ ਸਭ ਤੋਂ ਗਰਮ ਦਿਨ ਬਣ ਗਿਆ ਹੈ। 6 ਜੁਲਾਈ ਦੇ ਔਸਤ ਤਾਪਮਾਨ ਨੇ 2016 (ਜੋ ਹੁਣ ਤੱਕ ਦਾ ਸਭ ਤੋਂ ਗਰਮ ਸਾਲ ਸੀ) ਦੇ 13 ਅਗਸਤ ਦੇ ਔਸਤ ਤਾਪਮਾਨ 16.80 ਡਿਗਰੀ ਸੈਲਸੀਅਸ ਦੇ ਰਿਕਾਰਡ ਨੂੰ ਤੋੜ ਕੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। 5 ਅਤੇ 7 ਜੁਲਾਈ ਦੇ ਦੋਹਾਂ ਦਿਨਾਂ ਦਾ ਤਾਪਮਾਨ ਵੀ ਔਸਤ ਤਾਪਮਾਨ ਨਾਲੋਂ ਵੱਧ ਸੀ ਜੋ 6 ਜੁਲਾਈ ਦੇ ਤਾਪਮਾਨ ਤੋਂ ਸਿਰਫ਼ 0.01 ਡਿਗਰੀ ਸੈਲਸੀਅਸ ਘੱਟ ਸੀ। ਡਬਲਿਊਐੱਮਓ ਦੀ ਇੱਕ ਹੋਰ ਰਿਪੋਰਟ ਅਨੁਸਾਰ 2023 ਦੇ ਜੁਲਾਈ ਦੇ ਮਹੀਨੇ ਦੇ ਪਹਿਲੇ ਅਤੇ ਤੀਜੇ ਹਫ਼ਤੇ ਵਿਚ ਧਰਤੀ ਦਾ ਔਸਤ ਤਾਪਮਾਨ ਉਦਯੋਗਕ ਇਨਕਲਾਬ ਤੋਂ ਪਹਿਲਾਂ ਦੇ ਸਮੇਂ ਦੇ ਔਸਤ ਤਾਪਮਾਨ ਤੋਂ ਪੈਰਿਸ ਮੌਸਮੀ ਸਮਝੌਤੇ ਵਿਚ ਤੈਅ ਕੀਤੀ ਗਈ 1.5 ਡਿਗਰੀ ਸੈਲਸੀਅਸ ਸੀਮਾ ਨੂੰ ਪਾਰ ਕਰ ਚੁੱਕਿਆ ਹੈ।
ਇਸ ਤਰ੍ਹਾਂ ਦੇ ਵਰਤਾਰੇ ਬਾਰੇ ਡਬਲਿਊਐੱਮਓ ਦੀ 17 ਮਈ 2023 ਦੀ ਰਿਪੋਰਟ ਰਾਹੀਂ ਪਹਿਲਾਂ ਹੀ ਚਿਤਾਵਨੀ ਦਿੱਤੀ ਗਈ ਸੀ। 2023-27 ਤੱਕ ਦੇ ਪੰਜ ਸਾਲਾਂ ਵਿਚ ਧਰਤੀ ਦਾ ਔਸਤ ਤਾਪਮਾਨ ਘੱਟੋ-ਘੱਟ ਇੱਕ ਵਾਰ ਅਸਥਾਈ ਤੌਰ ਉੱਤੇ ਉਦਯੋਗਕ ਇਨਕਲਾਬ ਦੇ ਸਮੇਂ ਤੋਂ ਪਹਿਲਾਂ ਦੇ ਔਸਤ ਤਾਪਮਾਨ ਤੋਂ 1.5 ਡਿਗਰੀ ਸੈਲਸੀਅਸ ਵਧ ਜਾਣ ਦੀ 98 ਫ਼ੀਸਦ ਸੰਭਾਵਨਾ ਹੈ। ਇਨ੍ਹਾਂ ਪੰਜ ਸਾਲਾਂ ਵਿਚੋਂ ਇੱਕ ਸਾਲ ਦੇ ਦੁਨੀਆ ਦਾ ਸਭ ਤੋਂ ਗਰਮ ਸਾਲ ਹੋਣ ਦੀ ਵੀ 66 ਫ਼ੀਸਦ ਸੰਭਾਵਨਾ ਹੈ।
ਅਮਰੀਕਾ ਦੀ ਨੋਆ ਸੰਸਥਾ ਦੀ 20 ਜੁਲਾਈ 2023 ਦੀ ਰਿਪੋਰਟ ਅਨੁਸਾਰ ਜੂਨ ਵੀ ਹੁਣ ਤੱਕ ਦਾ ਸਭ ਤੋਂ ਗਰਮ ਜੂਨ ਦਾ ਮਹੀਨਾ ਰਿਹਾ ਹੈ। ਇਸ ਸਾਲ ਦੀ ਸ਼ੁਰੂਆਤ ਜਨਵਰੀ ਤੋਂ ਲੈ ਕੇ ਮਈ ਤੱਕ ਦੇ ਮਹੀਨਿਆਂ ਵਿਚ ਧਰਤੀ ਦਾ ਤਾਪਮਾਨ ਔਸਤ ਨਾਲੋਂ ਉੱਚਾ ਰਿਹਾ ਹੈ। ਇਸ ਸਾਲ ਜੂਨ ਅਤੇ ਜੁਲਾਈ ਵਿਚ ਪੂਰਬ ਵਿਚ ਜਾਪਾਨ ਤੋਂ ਲੈ ਕੇ ਪੱਛਮ ਵਿਚ ਅਮਰੀਕਾ ਤੱਕ ਕਈ ਰਿਕਾਰਡ ਟੁੱਟ ਚੁੱਕੇ ਹਨ। ਜੂਨ ਵਿਚ ਜਾਪਾਨ ਦੀ ਰਾਜਧਾਨੀ ਟੋਕੀਓ ਵਿਚ ਲਗਾਤਾਰ 5 ਦਿਨ ਤਾਪਮਾਨ 35 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਜਾਪਾਨ ਦੇ ਇੱਕ ਹੋਰ ਇਸੇਸਾਕੀ ਨਾਂ ਦੇ ਸ਼ਹਿਰ ਵਿਚ ਜੂਨ ਵਿਚ 40 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਜੋ ਹੁਣ ਤੱਕ ਦਾ ਜੂਨ ਵਿਚ ਸਭ ਤੋਂ ਉੱਚਾ ਤਾਪਮਾਨ ਹੈ। ਇਸ ਨੇ ਪਿਛਲੇ 150 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਵਧ ਰਹੇ ਤਾਪਮਾਨ ਦੀ ਮਾਰ ਇਸ ਸਾਲ ਚੀਨ ਉੱਤੇ ਵੀ ਪੈ ਰਹੀ ਹੈ ਜੋ ਅੱਜ ਕੱਲ੍ਹ ਵਾਤਾਵਰਨ ਵਿਚ ਦੁਨੀਆ ਦੇ ਸਭ ਮੁਲਕਾਂ ਤੋਂ ਜ਼ਿਆਦਾ ਗਰੀਨਹਾਊਸ ਗੈਸਾਂ ਛੱਡ ਰਿਹਾ ਹੈ। ਚੀਨ ਦੇ ਛੋਟੇ ਜਿਹੇ ਕਸਬੇ ਸਨਬਾਓ ਵਿਚ 17 ਜੁਲਾਈ ਨੂੰ 52.2 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਚੀਨ ਦੀ ਰਾਜਧਾਨੀ ਪੇਈਚਿੰਗ ਨੇ ਲਗਾਤਾਰ 27 ਦਿਨ 35 ਡਿਗਰੀ ਸੈਲਸੀਅਸ ਤਾਪਮਾਨ ਦਾ ਸੇਕ ਝੱਲਿਆ ਜਿਸ ਨੇ 23 ਸਾਲ ਦੇ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ ਹੈ।
ਯੂਰੋਪ ਅਤੇ ਅਮਰੀਕਾ ਜੋ ਠੰਢੇ ਮੌਸਮ ਵਜੋਂ ਜਾਣੇ ਜਾਂਦੇ ਮੁਲਕ ਹਨ, ਵੀ ਹੁਣ ਹਰ ਸਾਲ ਗਰਮ ਤਾਪਮਾਨ ਦੀ ਲਪੇਟ ਵਿਚ ਆ ਜਾਂਦੇ ਹਨ। 2021 ਵਿਚ ਅਮਰੀਕਾ ਦੇ ਪੱਛਮੀ ਤੱਟ ਦੇ ਰਾਜਾਂ ਨੇ ਭਿਆਨਕ ਗਰਮੀ ਦੀ ਮਾਰ ਸਹੀ ਸੀ ਅਤੇ 2022 ਵਿਚ ਯੂਰੋਪ ਦੇ ਕਈ ਮੁਲਕ ਗਰਮ ਤਾਪਮਾਨ ਦੀ ਲਪੇਟ ਵਿਚ ਆਏ ਰਹੇ ਸਨ। ਇਸ ਸਾਲ ਦੱਖਣੀ ਯੂਰੋਪ ਦੇ ਕਈ ਮੁਲਕਾਂ ਵਿਚ ਗਰਮ ਲਹਿਰਾਂ ਨੇ ਮਈ ਵਿਚ ਹੀ ਦਸਤਕ ਦੇ ਦਿੱਤੀ ਸੀ। ਇਟਲੀ ਦੇ 15 ਸ਼ਹਿਰਾਂ ਵਿਚ 17 ਜੁਲਾਈ ਨੂੰ ਤਾਪਮਾਨ ਵਿਚ ਜ਼ਿਆਦਾ ਵਾਧੇ ਕਾਰਨ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਸੀ। 18 ਜੁਲਾਈ ਨੂੰ ਰੋਮ ਵਿਚ ਦਿਨ ਦਾ ਤਾਪਮਾਨ 42 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਜਿਸ ਕਰ ਕੇ ਇਟਲੀ ਦੇ ਸਿਹਤ ਮੰਤਰੀ ਨੇ ਦੁਪਹਿਰ ਸਮੇਂ ਕੋਲੋਜ਼ੀਅਮ ਦਾ ਦੌਰਾ ਕਰਨ ਦੀ ਮਨਾਹੀ ਕਰ ਦਿੱਤੀ ਸੀ। ਸਿਸਲੀ ਦੇ ਪਲੇਰਮੋ ਸ਼ਹਿਰ ਵਿਚ 25 ਜੁਲਾਈ ਨੂੰ ਤਾਪਮਾਨ 47 ਡਿਗਰੀ ਸੈਲਸੀਅਸ ਹੋ ਗਿਆ ਸੀ। ਏਥਨਜ਼ (ਗਰੀਸ) ਦਾ ਐਕਰੋਪੈਲੇਸ ਵੀ ਤਾਪਮਾਨ ਵਿਚ ਜ਼ਿਆਦਾ ਵਾਧੇ ਕਾਰਨ ਸੈਲਾਨੀਆਂ ਲਈ ਕੁਝ ਦਿਨਾਂ ਲਈ ਬੰਦ ਕਰਨਾ ਪਿਆ। 21 ਜੁਲਾਈ ਨੂੰ ਇਟਲੀ ਵਿਚ ਵੱਧ ਤੋਂ ਵੱਧ ਤਾਪਮਾਨ 48.8 ਡਿਗਰੀ ਸੈਲਸੀਅਸ, ਸਪੇਨ ਵਿਚ 44.8 ਡਿਗਰੀ ਸੈਲਸੀਅਸ, ਗਰੀਸ ਵਿਚ 41 ਡਿਗਰੀ ਸੈਲਸੀਅਸ ਅਤੇ ਫਰਾਂਸ ਵਿਚ 40.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਜੇ ਕਿਸੇ ਥਾਂ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਹੋਵੇ ਤਾਂ ਉਹ ਥਾਂ ਲੂ (ਹੀਟਵੇਵ) ਦੇ ਪ੍ਰਭਾਵ ਆਈ ਹੋਈ ਹੁੰਦੀ ਹੈ। 40 ਡਿਗਰੀ ਸੈਲਸੀਅਸ ਤੋਂ ਉੱਪਰ ਤਾਪਮਾਨ ਮਨੁੱਖੀ ਸਿਹਤ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਾਉਂਦਾ ਹੈ।
ਅਮਰੀਕਾ ਦੇ ਵੀ ਕਈ ਸ਼ਹਿਰਾਂ ਵਿਚ ਰਿਕਾਰਡ ਤੋੜ ਤਾਪਮਾਨ ਆਂਕਿਆ ਗਿਆ। ਐਰੀਜ਼ੋਨਾ ਸਟੇਟ ਦੇ ਫੀਨਿਕਸ ਸ਼ਹਿਰ ਵਿਚ ਲਗਾਤਾਰ 31 ਦਿਨ ਤਾਪਮਾਨ 43.33 ਡਿਗਰੀ ਸੈਲਸੀਅਸ ਤੋਂ ਉੱਪਰ ਰਿਹਾ। ਕੈਲੀਫੋਰਨੀਆ ਦੀ ਡੈੱਥ ਵੈਲੀ ਵਿਚ 16 ਜੁਲਾਈ ਨੂੰ ਪਾਰਾ 53.5 ਡਿਗਰੀ ਸੈਲਸੀਅਸ ਤੱਕ ਚੜ੍ਹ ਗਿਆ ਜੋ ਹੁਣ ਤੱਕ ਇੱਥੋਂ ਦਾ ਦਿਨ ਦਾ ਸਭ ਤੋਂ ਉੱਚਾ ਤਾਪਮਾਨ ਹੈ ਅਤੇ ਇਸੇ ਦਿਨ ਰਾਤ ਦਾ ਤਾਪਮਾਨ ਵੀ 48.9 ਡਿਗਰੀ ਸੈਲਸੀਅਸ ਸੀ ਜੋ ਖ਼ਤਰਨਾਕ ਰੁਝਾਨ ਵੱਲ ਇਸ਼ਾਰਾ ਕਰਦਾ ਹੈ। ਆਮ ਤੌਰ ’ਤੇ ਰਾਤ ਦਾ ਤਾਪਮਾਨ ਦਿਨ ਦੇ ਤਾਪਮਾਨ ਨਾਲੋਂ ਕਾਫ਼ੀ ਘੱਟ ਹੁੰਦਾ ਹੈ ਜਿਸ ਨਾਲ ਕਾਫ਼ੀ ਰਾਹਤ ਮਿਲ ਜਾਂਦੀ ਹੈ।
ਇਨ੍ਹਾਂ ਦਿਨਾਂ ਵਿਚ ਧਰਤੀ ਦੇ ਦੱਖਣੀ ਅਰਧ ਗੋਲੇ ਵਿਚ ਸਰਦੀਆਂ ਦੀ ਰੁੱਤ ਹੈ ਪਰ ਚਿੱਲੀ, ਅਰਜਨਟੀਨਾ ਅਤੇ ਉਰੂਗੁਏ ਮੁਲਕਾਂ ਦੇ ਕੁਝ ਖੇਤਰਾਂ ਵਿਚ ਔਸਤ ਨਾਲੋਂ ਉੱਚਾ ਤਾਪਮਾਨ ਰਿਕਾਰਡ ਕੀਤਾ ਜਾ ਰਿਹਾ ਹੈ।
ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ ਅਨੁਸਾਰ ਸਮੁੰਦਰ ਦੀ ਸਤਹ ਦਾ ਤਾਪਮਾਨ ਅਗਸਤ ਦੇ ਪਹਿਲੇ ਹਫ਼ਤੇ 20.95 ਡਿਗਰੀ ਸੈਲਸੀਅਸ ਸੀ ਜਿਹੜਾ ਔਸਤ ਤਾਪਮਾਨ ਨਾਲੋਂ ਵੱਧ ਸੀ। ਇਸ ਨੇ 2016 ਦੇ ਸਭ ਤੋਂ ਉੱਚੇ ਤਾਪਮਾਨ 20.95 ਡਿਗਰੀ ਸੈਲਸੀਅਸ ਦਾ ਰਿਕਾਰਡ ਤੋੜ ਦਿੱਤਾ ਹੈ। ਆਮ ਤੌਰ ’ਤੇ ਸਮੁੰਦਰੀ ਸਤਹ ਦਾ ਸਾਲ ਵਿਚ ਸਭ ਤੋਂ ਉੱਚਾ ਤਾਪਮਾਨ ਮਾਰਚ ਦੇ ਮਹੀਨੇ ਵਿਚ ਹੁੰਦਾ ਹੈ ਪਰ ਜੇਕਰ ਅਗਸਤ ਵਿਚ ਇੰਨਾ ਜ਼ਿਆਦਾ ਤਾਪਮਾਨ ਹੈ ਤਾਂ ਮਾਰਚ ਵਿਚ ਇਸ ਦੇ ਹੋਰ ਵੀ ਵਧ ਜਾਣ ਦੀ ਸੰਭਾਵਨਾ ਹੈ। ਮੈਕਸਿਕੋ ਦੀ ਖਾੜੀ ਵਿਚ ਫਲੋਰੀਡਾ ਦੇ ਨੇੜੇ ਸਮੁੰਦਰ ਸਤਹ ਦਾ ਤਾਪਮਾਨ ਜੁਲਾਈ ਦੇ ਅਖ਼ੀਰਲੇ ਹਫ਼ਤੇ 38.44 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸ ਖੇਤਰ ਵਿਚ ਤਾਪਮਾਨ ਵਿਚ ਵਾਧਾ ਮਈ ਮਹੀਨੇ ਦੇ ਮੱਧ ਤੋਂ ਹੀ ਹੋਣਾ ਸ਼ੁਰੂ ਹੋ ਗਿਆ ਸੀ। ਅਮਰੀਕਾ ਦੀ ਨੋਆ ਸੰਸਥਾ ਅਨੁਸਾਰ ਫਲੋਰੀਡਾ ਤੱਟ ਨੇੜਲੇ ਸਮੁੰਦਰੀ ਖੇਤਰ ਦਾ ਤਾਪਮਾਨ ਆਮ ਤੌਰ ਉੱਤੇ 23 ਤੋਂ 31 ਡਿਗਰੀ ਸੈਲਸੀਅਸ ਦੇ ਵਿਚਕਾਰ ਹੀ ਰਹਿੰਦਾ ਹੈ। ਮੈਕਸਿਕੋ ਦੀ ਖਾੜੀ ਤੋਂ ਇਲਾਵਾ ਸਮੁੰਦਰੀ ਸਤਹ ਦਾ ਉੱਚਾ ਤਾਪਮਾਨ ਯੂਕੇ ਦੇ ਨੇੜਲੇ ਸਮੁੰਦਰੀ ਖੇਤਰ, ਉੱਤਰੀ ਐਟਲਾਂਟਿਕ ਅਤੇ ਮੈਡੀਟੇਰੇਰੀਅਨ ਸਮੁੰਦਰ ਉੱਤੇ ਵੀ ਕੀਤਾ ਗਿਆ ਹੈ। ਸਮੁੰਦਰ ਦੀ ਸਤਹ ਦੇ ਤਾਪਮਾਨ ਦਾ ਔਸਤ ਨਾਲੋਂ ਵੱਧ ਹੋਣਾ ਚਿੰਤਾ ਦਾ ਵਿਸ਼ਾ ਹੈ।
ਸਮੁੰਦਰ ਦੇ ਪਾਣੀ ਦਾ ਤਾਪਮਾਨ ਧਰਤੀ ਉੱਤਲੇ ਮੌਸਮ ਨੂੰ ਸੰਤੁਲਿਤ ਕਰਨ ਵਿਚ ਅਹਿਮ ਯੋਗਦਾਨ ਪਾਉਂਦਾ ਹੈ। ਇਹ ਵਾਤਾਵਰਨ ਵਿਚਲੀ ਗਰਮੀ ਅਤੇ ਵਾਧੂ ਗਰੀਨਹਾਊਸ ਗੈਸਾਂ ਨੂੰ ਜ਼ਜਬ ਕਰਨ ਦੀ ਸਮਰੱਥਾ ਰੱਖਦਾ ਹੈ। ਸਮੁੰਦਰ ਦੇ ਨਾਲ ਲੱਗਦੇ ਖੇਤਰਾਂ ਵਿਚ ਮੌਸਮ ਆਮ ਤੌਰ ਉੱਤੇ ਸਾਵਾਂ ਰਹਿੰਦਾ ਹੈ। ਧਰਤੀ ਅਤੇ ਸਮੁੰਦਰ ਦਾ ਪਾਣੀ ਦੋਵੇਂ ਦਿਨ ਵੇਲੇ ਸੂਰਜ ਦੀ ਗਰਮੀ ਨਾਲ ਗਰਮ ਹੁੰਦੇ ਹਨ ਪਰ ਸਮੁੰਦਰ ਦੇ ਮੁਕਾਬਲੇ ਧਰਤੀ ਛੇਤੀ ਗਰਮ ਹੁੰਦੀ ਹੈ। ਧਰਤੀ ਉਤਲੀ ਗਰਮ ਹਵਾ ਹੌਲੀ ਹੋ ਕੇ ਉੱਪਰ ਨੂੰ ਉੱਠਦੀ ਹੈ ਤਾਂ ਸਮੁੰਦਰ ਵੱਲੋਂ ਠੰਢੀ ਹਵਾ ਉੱਥੇ ਆ ਜਾਂਦੀ ਹੈ ਜਿਸ ਨਾਲ ਉਸ ਖੇਤਰ ਦਾ ਤਾਪਮਾਨ ਸਾਵਾਂ ਹੋ ਜਾਂਦਾ ਹੈ। ਰਾਤ ਵੇਲੇ ਇਸ ਤੋਂ ਉਲਟ ਪ੍ਰਕਿਰਿਆ ਹੁੰਦੀ ਹੈ। ਇਸ ਪ੍ਰਕਿਰਿਆ ਰਾਹੀਂ ਸਮੁੰਦਰ ਦੇ ਤੱਟੀ ਖੇਤਰਾਂ ਦਾ ਦੈਨਿਕ ਤਾਪਮਾਨ ਸਾਵਾਂ ਰਹਿੰਦਾ ਹੈ।
ਸਮੁੰਦਰ ਦੈਨਿਕ ਤਾਪਮਾਨ ਦੇ ਨਾਲ ਨਾਲ ਸਮੁੰਦਰੀ ਧਰਾਵਾਂ ਰਾਹੀਂ ਸਮੁੰਦਰਾਂ ਦੇ ਤੱਟਵਰਤੀ ਖੇਤਰਾਂ ਵਿਚਲੇ ਮੁਲਕਾਂ ਦੇ ਮੌਸਮ ਨੂੰ ਵੀ ਵੱਖ ਵੱਖ ਰੁੱਤਾਂ ਵਿਚ
ਪ੍ਰਭਾਵਿਤ ਕਰਦੇ ਹਨ। ਹੁਣ ਮਨੁੱਖ ਗਤੀਵਿਧੀਆਂ ਕਾਰਨ ਸਮੁੰਦਰਾਂ ਦੇ ਪਾਣੀ ਵੀ ਤੇਜ਼ੀ ਨਾਲ ਗਰਮ ਹੋਣ ਲੱਗੇ ਹਨ ਜਿਸ ਦੇ ਨਤੀਜੇ ਵਜੋਂ ਉਨ੍ਹਾਂ ਵਿਚ ਗਰਮ ਹਵਾਵਾਂ ਅਤੇ ਗਰੀਨਹਾਊਸ ਗੈਸਾਂ ਨੂੰ ਜਜ਼ਬ ਕਰਨ ਦੀ ਸਮਰੱਥਾ ਵੀ ਘਟ ਗਈ ਹੈ।
ਇਸ ਸਾਲ (2023) ਵਿਚ ਤਾਪਮਾਨ ਵਿਚ ਹੋਏ ਵਾਧੇ ਨੂੰ ਅਲ-ਨੀਨੋ ਪ੍ਰਕਿਰਿਆ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਅਲ-ਨੀਨੋ ਅਤੇ ਲਾ-ਨੀਨਾ ਦੋ ਅਜਿਹੀਆਂ ਪ੍ਰਕਿਰਿਆਵਾਂ ਹਨ ਜੋ ਪ੍ਰਸ਼ਾਂਤ ਮਹਾਸਾਗਰ ਦੇ ਪਾਣੀ ਦੇ ਔਸਤ ਤਾਪਮਾਨ ਨਾਲ ਸਬੰਧਿਤ ਹਨ। ਅਲ-ਨੀਨੋ ਪ੍ਰਕਿਰਿਆ ਸਮੇਂ ਪ੍ਰਸ਼ਾਤ ਮਹਾਸਾਗਰ ਦਾ ਪਾਣੀ ਔਸਤ ਤਾਪਮਾਨ ਨਾਲੋਂ ਗਰਮ ਹੋ ਜਾਂਦਾ ਹੈ ਜਿਸ ਨਾਲ ਧਰਤੀ ਦੇ ਔਸਤ ਤਾਪਮਾਨ ਵਿਚ ਵਾਧਾ ਹੋਣ ਦੇ ਨਾਲ ਨਾਲ ਕੁਝ ਮੁਲਕਾਂ ਵਿਚ ਸੋਕੇ ਦੇ ਹਾਲਤ ਵੀ ਪੈਦਾ ਹੋ ਜਾਂਦੇ ਹਨ। ਲਾ-ਨੀਨਾ ਪ੍ਰਕਿਰਿਆ ਸਮੇਂ ਪ੍ਰਭਾਵ ਬਿਲਕੁਲ ਉਲਟ ਹੁੰਦਾ ਹੈ।
ਇਸ ਸਾਲ ਦੇ ਤਾਪਮਾਨ ਵਿਚ ਇੰਨੇ ਜ਼ਿਆਦਾ ਵਾਧੇ ਦਾ ਮੁੱਖ ਕਾਰਨ ਅਲ-ਨੀਨੋ ਪ੍ਰਕਿਰਿਆ ਨਹੀਂ ਹੈ। ਵਿਗਿਆਨੀਆਂ ਅਨੁਸਾਰ ਇਸ ਸਾਲ ਤਾਪਮਾਨ ਵਿਚ ਵਾਧੇ ਦਾ ਮੁੱਖ ਕਾਰਨ ਮਨੁੱਖੀ ਗਤੀਵਿਧੀਆਂ ਹਨ ਜਿਸ ਦਾ ਜ਼ਿਕਰ ਆਈਪੀਸੀਸੀ ਦੀ ਛੇਵੀਂ ਰਿਪੋਰਟ ਵਿਚ ਕੀਤਾ ਗਿਆ ਸੀ। 2023 ਵਿਚ ਡਬਲਿਊਐੱਮਓ ਦੀ ਰਿਪੋਰਟ ਵਿਚ ਵੀ ਜ਼ਿਕਰ ਕੀਤਾ ਗਿਆ ਸੀ ਕਿ ਆਉਣ ਵਾਲੇ ਪੰਜ ਸਾਲਾਂ (2023-2027) ਵਿਚੋਂ ਇੱਕ ਸਾਲ ਸਭ ਤੋਂ ਗਰਮ ਹੋ ਸਕਦਾ ਹੈ। ਇਸ ਤੋਂ ਇਲਾਵਾ 2014 ਤੋਂ 2022 ਤੱਕ ਦੇ ਅੱਠ ਸਾਲ ਹੁਣ ਤੱਕ ਦੇ ਗਰਮ ਸਾਲ ਰਹੇ ਹਨ। ਮਨੁੱਖ ਨੇ ਆਪਣੀਆਂ ਲਾਲਸਾਵਾਂ ਦੀ ਪੂਰਤੀ ਲਈ ਵਾਤਾਵਰਨ ਵਿਚ ਅਥਾਹ ਮਾਤਰਾ ਵਿਚ ਗਰੀਨਹਾਊਸ ਗੈਸਾਂ ਛੱਡੀਆਂ ਹਨ ਜਿਸ ਨਾਲ ਧਰਤੀ ਦੇ ਔਸਤ ਤਾਪਮਾਨ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।
ਗਰੀਨਹਾਊਸ ਗੈਸਾਂ ਵਿਚੋਂ ਸਭ ਤੋਂ ਅਹਿਮ ਕਾਰਬਨ ਡਾਇਆਕਸਾਈਡ ਗੈਸ ਹੈ। ਕਾਰਬਨ ਡਾਇਆਕਸਾਈਡ ਗੈਸ ਦੀ ਮਾਤਰਾ ਉਦਯੋਗਕ ਇਨਕਲਾਬ ਦੇ ਸਮੇਂ ਤੋਂ ਪਹਿਲਾਂ ਸਿਰਫ਼ 280 ਪਾਰਟਸ ਪਰ ਮਿਲੀਅਨ (ਪੀਪੀਐੱਮ) ਸੀ ਜਿਹੜੀ 31 ਜੁਲਾਈ 2023 ਨੂੰ ਵਧ ਕੇ 419.4 ਪੀਪੀਐੱਮ ਹੋ ਗਈ ਹੈ। ਇਹ ਨੋਆ ਦੀ ਪ੍ਰਸਤਾਵਿਤ ਕੀਤੀ ਸੁਰੱਖਿਅਤ ਸੀਮਾ (350 ਪੀਪੀਐੱਮ) ਤੋਂ 69.4 ਪੀਪੀਐੱਮ ਜ਼ਿਆਦਾ ਹੈ। ਧਰਤੀ ਦਾ ਔਸਤ ਤਾਪਮਾਨ ਵੀ ਉਦਯੋਗਕ ਇਨਕਲਾਬ ਤੋਂ ਪਹਿਲਾਂ ਦੇ ਸਮੇਂ ਨਾਲੋਂ 2022 ਵਿਚ 1.22 ਡਿਗਰੀ ਵਧ ਗਿਆ ਸੀ। ਇਸ ਸਾਲ ਜੂਨ ਅਤੇ ਜੁਲਾਈ ਦੇ ਤਾਪਮਾਨ ਦੇ ਵਾਧੇ ਦੇ ਟੁੱਟਦੇ ਰਿਕਾਰਡਾਂ ਅਤੇ ਵਿਗਿਆਨੀਆਂ ਦੁਆਰਾ ਜੁਲਾਈ ਮਹੀਨੇ ਦੇ ਸਭ ਤੋਂ ਗਰਮ ਮਹੀਨਾ ਹੋ ਜਾਣ ਦੀ ਸੰਭਾਵਨਾ ਦੀ ਪੁਸ਼ਟੀ ਹੋ ਜਾਣ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ, “ਹੁਣ ਆਲਮੀ ਤਪਸ਼ (ਗਲੋਬਲ ਵਾਰਮਿੰਗ) ਦਾ ਦੌਰ ਖ਼ਤਮ ਹੋ ਚੁੱਕਿਆ ਹੈ ਅਤੇ ਧਰਤੀ ਦਾ ਤਾਪਮਾਨ ਉਬਾਲੇ ਖਾਣ ਲੱਗ ਪਿਆ ਹੈ। ਮੌਸਮੀ ਤਬਦੀਲੀ ਸਾਡੇ ਸਾਹਮਣੇ ਹੈ ਜੋ ਬਹੁਤ ਡਰਾਉਣੀ ਝਲਕ ਦਿਖਾ ਰਹੀ ਹੈ। ਇਸ ਡਰਾਉਣੇ ਅਤੇ ਕੁਦਰਤੀ ਆਫ਼ਤਾਂ ਨਾਲ ਗੜੁੱਚ ਵਾਤਾਵਰਨ ਲਈ ਮਨੁੱਖ ਆਪਣੇ ਆਪ ਜ਼ਿੰਮੇਵਾਰ ਹੈ। ਹੁਣ ਸਾਰੇ ਮੁਲਕਾਂ ਨੂੰ ਢਿੱਲ ਕੀਤੇ ਬਿਨਾਂ ਛੇਤੀ ਤੋਂ ਛੇਤੀ ਉਪਰਾਲੇ ਕਰਨੇ ਚਾਹੀਦੇ ਹਨ।”
ਇਸ ਸਾਲ ਜੂਨ ਅਤੇ ਜੁਲਾਈ ਵਿਚ ਤਾਪਮਾਨ ਵਿਚ ਤੇਜ਼ੀ ਨਾਲ ਹੋ ਰਹੇ ਵਾਧੇ ਬਾਰੇ ਨਾਸਾ ਦੇ ਮੌਸਮ ਵਿਗਿਆਨੀ ਜੇਮਜ਼ ਹੈਨਸਨ ਨੇ ਸਾਰੀ ਮਨੁੱਖੀ ਆਬਾਦੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਸੀਂ ਸਾਰੇ ਇੰਨੇ ਮੂਰਖ ਹਾਂ ਕਿ ਵਿਗਿਆਨੀਆਂ ਦੀਆਂ ਸਮੇਂ ਸਮੇਂ ਸਿਰ ਦਿੱਤੀਆਂ ਗਈਆਂ ਚਿਤਾਵਨੀਆਂ ਨੂੰ ਅਣਗੌਲਿਆ ਕਰ ਕੇ ਤਾਪਮਾਨ ਦੇ ਵਾਧੇ ਦੇ ਉਸ ਦੌਰ ਵੱਲ ਵਧ ਰਹੇ ਹਾਂ ਜੋ ਮਨੁੱਖ ਨੇ 10,000,000 ਸਾਲਾਂ ਵਿਚ ਪਹਿਲਾਂ ਕਦੇ ਦੇਖਿਆ ਨਹੀਂ ਸੀ। ਮਨੁੱਖ ਦੀ ਇਹ ਫਿਤਰਤ ਹੈ ਕਿ ਜਦ ਤੱਕ ਉਹ ਕਿਸੇ ਚੀਜ਼ ਦਾ ਸੁਆਦ ਚੱਖ ਨਹੀਂ ਲੈਂਦਾ, ਉਦੋਂ ਤੱਕ ਉਸ ਉੱਤੇ ਵਿਸ਼ਵਾਸ ਨਹੀਂ ਕਰਦਾ ਹੈ। ਹੈਨਸਨ ਨੇ 1980 ਦੇ ਦਹਾਕੇ ਵਿਚ ਹੀ ਦੁਨੀਆ ਨੂੰ ਸੁਚੇਤ ਕੀਤਾ ਸੀ ਕਿ ਗਰੀਨਹਾਊਸ ਗੈਸਾਂ ਦੀ ਵਧ ਰਹੀ ਨਿਕਾਸੀ ਕਾਰਨ ਧਰਤੀ ਬਹੁਤ ਹੀ ਗਰਮ ਤਾਪਮਾਨ ਵੱਲ ਧੱਕੀ ਜਾਵੇਗੀ। 1988 ਵਿਚ ਉਸ ਨੇ ਇਹ ਮੁੱਦਾ ਅਮਰੀਕੀ ਕਾਂਗਰਸ ਵਿਚ ਵੀ ਉਠਾਇਆ ਸੀ ਜਿਸ ਨੂੰ ਨਕਾਰ ਦਿੱਤਾ ਗਿਆ ਸੀ। ਹੈਨਸਨ ਨੇ ਇਹ ਵੀ ਕਿਹਾ ਕਿ ਜਾਂ ਤਾਂ ਅਸੀਂ (ਵਿਗਿਆਨੀ) ਗਰੀਨਹਾਊਸ ਗੈਸਾਂ ਦੇ ਵਾਤਾਵਰਨ ਉੱਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਸਮਝਾਉਣ ਵਿਚ ਅਸਮਰੱਥ ਰਹੇ ਹਾਂ ਜਾਂ ਫਿਰ ਅਸੀਂ ਅਜਿਹੇ ਨੇਤਾ ਨਹੀਂ ਚੁਣ ਸਕੇ ਜੋ ਇਸ ਮੁੱਦੇ ਨੂੰ ਸੁਲਝਾਉਣ ਦੇ ਸਮਰੱਥ ਹੁੰਦੇ।
ਧਰਤੀ ਦੇ ਔਸਤ ਤਾਪਮਾਨ ਵਿਚ ਵਾਧੇ ਨਾਲ ਸੋਕੇ ਅਤੇ ਜੰਗਲੀ ਅੱਗਾਂ ਦੀਆਂ ਘਟਨਾਵਾਂ ਵਿਚ ਵੀ ਵਾਧਾ ਹੋ ਜਾਂਦਾ ਹੈ। ਇਸ ਸਾਲ ਜੂਨ ਦੇ ਮਹੀਨੇ ਵਿਚ ਕੈਨੇਡਾ ਦੇ ਜੰਗਲਾਂ ਵਿਚ ਭਿਆਨਕ ਅੱਗ ਲੱਗ ਗਈ ਸੀ ਜਿਸ ਕਾਰਨ 13 ਮਿਲੀਅਨ ਹੈਕਟੇਅਰ ਜੰਗਲ ਸੜ ਕੇ ਸੁਆਹ ਹੋ ਗਏ ਜਿਸ ਨਾਲ ਵਾਤਾਵਰਨ ਵਿਚ ਲਗਭਗ 290 ਮੈਗਾਟਨ ਕਾਰਬਨ ਦਾ ਨਿਕਾਸ ਰਿਕਾਡਰ ਕੀਤਾ ਗਿਆ ਹੈ। ਸਪੇਨ, ਇਟਲੀ ਅਤੇ ਗਰੀਸ ਵਿਚ ਵੀ ਤਾਪਮਾਨ ਦੇ ਵਾਧੇ ਕਾਰਨ ਜੰਗਲੀ ਅੱਗਾਂ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਜੰਗਲੀ ਅੱਗਾਂ ਤੋਂ ਪੈਦਾ ਹੋਈ ਕਾਰਬਨ ਨਿਕਾਸੀ ਵਾਤਾਵਰਨ ਨੂੰ ਹੋਰ ਗਰਮਾ ਰਹੀ ਹੈ।
ਵਿਗਿਆਨੀਆਂ ਅਨੁਸਾਰ 2023 ਦੇ ਜੁਲਾਈ ਦੇ ਮਹੀਨੇ ਵਿਚ ਦੋ ਵਾਰ ਧਰਤੀ ਦਾ ਔਸਤ ਤਾਪਮਾਨ ਨੇ 1.5 ਡਿਗਰੀ ਸੈਲਸੀਅਸ ਦੀ ਤੈਅ ਸੀਮਾ ਪਾਰ ਕੀਤੀ ਹੈ ਪਰ ਤਾਪਮਾਨ ਦੇ ਇਸ ਵਾਧੇ ਨੇ ਦੁਨੀਆ ਦੇ ਸਾਰੇ ਮੁਲਕਾਂ ਨੂੰ ਹਾਲੋਂ-ਬੇਹਾਲ ਕਰ ਦਿੱਤਾ ਹੈ। ਹੁਣ ਸੋਚਣ ਵਾਲੀ ਗੱਲ ਹੈ ਕਿ ਜੇ ਧਰਤੀ ਦਾ ਔਸਤ ਤਾਪਮਾਨ ਹਮੇਸ਼ਾਂ ਲਈ ਉਦਯੋਗਕ ਇਨਕਲਾਬ ਦੇ ਸਮੇਂ ਤੋਂ ਪਹਿਲਾਂ ਦੇ ਤਾਪਮਾਨ ਨਾਲੋਂ 1.5 ਡਿਗਰੀ ਵਧ ਜਾਵੇ ਤਾਂ ਧਰਤੀ ਉੱਤਲੇ ਮਨੁੱਖਾਂ ਸਮੇਤ ਵੱਸਦੇ ਹਰ ਤਰ੍ਹਾਂ ਦੇ ਜੈਵਿਕਾਂ ਦਾ ਕੀ ਹਾਲ ਹੋਵੇਗਾ।
ਜੇ ਪੈਰਿਸ ਮੌਸਮੀ ਸਮਝੌਤੇ ਅਨੁਸਾਰ ਸਾਰੇ ਮੁਲਕ ਕਾਰਬਨ ਨਿਕਾਸੀ ਵਿਚ ਕਟੌਤੀ ਸੰਜੀਦਗੀ ਨਾਲ ਵੀ ਕਰਨ ਤਾਂ ਵੀ ਸਦੀ ਦੇ ਅੰਤ ਤੱਕ ਧਰਤੀ ਦੇ ਔਸਤ ਤਾਪਮਾਨ ਵਿਚ ਵਾਧਾ 1.5 ਡਿਗਰੀ ਸੈਲਸੀਅਸ ਦੀ ਸੀਮਾ ਨੂੰ ਪਾਰ ਕਰਦਾ ਹੋਇਆ 2.4 ਡਿਗਰੀ ਸੈਲਸੀਅਸ ਹੋ ਸਕਦਾ ਹੈ ਜੋ ਬਹੁਤ ਹੀ ਘਾਤਕ ਹੋਵੇਗਾ।
ਤਾਪਮਾਨ ਦੇ ਵਾਧੇ ਨਾਲ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਤੋਂ ਬਚਾਅ ਕਰਨ ਲਈ ਦੁਨੀਆ ਦੇ ਸਾਰੇ ਮੁਲਕਾਂ ਨੂੰ ਕੁਦਰਤ ਨਾਲ ਇਕਸੁਰਤਾ ਬਣਾ ਕੇ ਚੱਲਣਾ ਚਾਹੀਦਾ ਹੈ। ਦੁਨੀਆ ਦੇ ਸਾਰੇ ਮੁਲਕਾਂ ਕੋਲ ਹੁਣ ਸਮਾਂ ਨਹੀਂ ਬਚਿਆ ਹੈ ਕਿ ਉਹ ਕਾਰਬਨ ਨਿਕਾਸੀ ਦੀ ਕਟੌਤੀ ਵਿਚ ਗੁਰੇਜ਼ ਕਰਨ। ਇਸ ਸਾਲ ਹੋਣ ਵਾਲੀ ਕਾਨਫਰੰਸ ਆਫ ਪਾਰਟੀਜ਼-28 ਵਿਚ ਸਾਰੇ ਮੁਲਕਾਂ ਨੂੰ ਵਿਗਿਆਨੀਆਂ ਦੀਆਂ ਚਿਤਾਵਨੀਆਂ ਨੂੰ ਮੱਦੇਨਜ਼ਰ ਰੱਖਦਿਆਂ ਕਾਰਬਨ ਨਿਕਾਸੀ ਦੇ ਟੀਚੇ ਤੈਅ ਕਰ ਕੇ ਟਾਲਮਟੋਲ ਕਰਨ ਦੀ ਥਾਂ ਸੰਜੀਦਗੀ ਨਾਲ ਪੂਰੇ ਕਰਨੇ ਚਾਹੀਦੇ ਹਨ। ਵਿਕਸਤ ਮੁਲਕਾਂ ਨੂੰ ਇਹ ਭੁਲੇਖਾ ਸੀ ਕਿ ਉਹ ਨਵੀਂ ਤਕਨੋਲੋਜੀ ਰਾਹੀਂ ਆਪਣੇ ਲੋਕਾਂ ਅਤੇ ਮੁਲਕਾਂ ਦਾ ਕੁਦਰਤੀ ਆਫ਼ਤਾਂ ਤੋਂ ਬਚਾ ਕਰ ਲੈਣਗੇ ਪਰ ਤਾਪਮਾਨ ਵਿਚ ਹੋਏ ਅਥਾਹ ਵਾਧੇ ਨੇ ਇਨ੍ਹਾਂ ਮੁਲਕਾਂ ਨੂੰ ਝੁਲਸਾ ਕੇ ਰੱਖ ਦਿੱਤਾ ਹੈ। ਆਈਪੀਸੀਸੀ ਦੇ ਛੇਵੀਂ ਰਿਪੋਰਟ ਵਿਚ ਵਿਗਿਆਨੀਆਂ ਨੇ ਗਰੀਨਹਾਊਸ ਗੈਸਾਂ ਦੀ ਨਿਕਾਸੀ ਨੂੰ ਘਟਾਉਣ ਲਈ ਨਿੱਜੀ ਗੱਡੀਆਂ ਦੀ ਵਰਤੋਂ ਨੂੰ ਘਟਾਉਣ ਅਤੇ ਜਨਤਕ ਆਵਾਜਾਈ ਦੇ ਸਾਧਨਾਂ ਨੂੰ ਤਰਜੀਹ ਦੇਣ ਅਤੇ ਉਨ੍ਹਾਂ ਨੂੰ ਬਿਹਤਰ ਬਣਾਉਣ ਦੇ ਸੁਝਾਅ ਦਿੱਤੇ ਹਨ। ਇਸ ਸੁਝਾਅ ਨੂੰ ਅਮਲ ਵਿਚ ਲਿਆਉਣ ਲਈ ਦੁਨੀਆ ਦੇ ਸਾਰੇ ਮੁਲਕਾਂ ਨੂੰ ਯੂਰੋਪੀਅਨ ਮੁਲਕਾਂ ਵਾਂਗ ਉਪਰਾਲੇ ਕਰਨੇ ਚਾਹੀਦੇ ਹਨ।
ਚੀਨ ਅਤੇ ਅਮਰੀਕਾ ਨੂੰ ਕਾਰਬਨ ਨਿਕਾਸੀ ਵਿਚ ਵੱਧ ਤੋਂ ਵੱਧ ਕਟੌਤੀ ਕਰਨੀ ਚਾਹੀਦੀ ਹੈ ਕਿਉਂਕਿ ਦੋਵੇਂ ਮੁਲਕ ਚੀਨ (30.7 ਫ਼ੀਸਦ) ਅਤੇ ਅਮਰੀਕਾ (14.0 ਫ਼ੀਸਦ) ਕੁੱਲ ਕਾਰਬਨ ਨਿਕਾਸੀ ਦਾ 44.70 ਫ਼ੀਸਦ ਵਾਤਾਵਰਨ ਵਿਚ ਛੱਡਦੇ ਹਨ। ਚੀਨ, ਅਮਰੀਕਾ ਅਤੇ ਭਾਰਤ ਊਰਜਾ ਪੈਦਾ ਕਰਨ ਲਈ ਅੱਜ ਕੱਲ੍ਹ ਦੀ ਵੱਡੀ ਮਾਤਰਾ ਵਿਚ ਕੋਲੇ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਮੁਲਕਾਂ ਨੂੰ ਚਾਹੀਦਾ ਹੈ ਕਿ ਕੋਲੇ ਦੀ ਥਾਂ ਊਰਜਾ ਨਵਿਆਉਣਯੋਗ ਸਰੋਤਾਂ ਤੋਂ ਪੈਦਾ ਕਰਨ। ਵਿਕਾਸ ਦੇ ਮੁੱਦੇ ਨੂੰ ਮੁੱਖ ਰੱਖਦੇ ਹੋਏ ਵਿਗਿਆਨੀਆਂ ਦੀਆਂ ਚਿਤਾਵਨੀਆਂ ਅਤੇ ਕਾਨਫਰੰਸਾਂ ਵਿਚ ਕੀਤੇ ਵਾਅਦਿਆਂ ਨੂੰ ਅੱਖੋਂ-ਪਰੋਖੇ ਕਰ ਕੇ ਦੁਨੀਆ ਦੇ ਕਾਫ਼ੀ ਸਾਰੇ ਮੁਲਕ ਵਾਤਾਵਰਨ ਵਿਚ ਅਜੇ ਵੀ ਵੱਡੀ ਮਾਤਰਾ ਵਿਚ ਕਾਰਬਨ ਦੀ ਨਿਕਾਸੀ ਕਰ ਰਹੇ ਹਨ ਜਿਸ ਕਾਰਨ ਦੁਨੀਆ ਦੇ ਹਰ ਨਾਗਰਿਕ ਦੀ ਜ਼ਿੰਦਗੀ ਨੂੰ ਖ਼ਤਰਾ ਪੈਦਾ ਹੋ ਗਿਆ। ਤਾਪਮਾਨ ਦੇ ਵਾਧੇ ਨਾਲ ਵਧ ਰਹੀਆਂ ਕੁਦਰਤੀ ਆਫ਼ਤਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਮਾਰ ਦੀ ਗਹਿਰਾਈ ਨੂੰ ਦੇਖਦੇ ਹੋਏ ਦੁਨੀਆ ਦੇ ਸਾਰੇ ਮੁਲਕਾਂ ਨੂੰ ਸਮਝਣ ਲੈਣਾ ਚਾਹੀਦਾ ਹੈ ਕਿ ਕਿਸੇ ਵੀ ਮੁਲਕ ਦਾ ਵਿਕਾਸ ਮੁਲਕ ਦੇ ਨਾਗਰਿਕਾਂ ਲਈ ਹੁੰਦਾ ਹੈ। ਉਹ ਵਿਕਾਸ ਕਿਸ ਕੰਮ ਆਵੇਗਾ ਜਿਸ ਦੀ ਭੇਂਟ ਅਨੇਕਾਂ ਨਾਗਰਿਕਾਂ ਦੀ ਜ਼ਿੰਦਗੀਆਂ ਚੜ੍ਹ ਜਾਣ? ਦੁਨੀਆ ਦੇ ਵੱਖ ਵੱਖ ਮੁਲਕਾਂ ਵਿਚ ਲੱਗੀਆਂ ਲੜਾਈਆਂ ਵੀ ਅੱਜ ਕੱਲ੍ਹ ਬਹੁਤ ਸਾਰੀਆਂ ਗੈਸਾਂ ਵਾਤਾਵਰਨ ਵਿਚ ਛੱਡ ਰਹੀਆਂ ਹਨ ਜੋ ਤਾਪਮਾਨ ਵਿਚ ਵਾਧੇ ਦਾ ਕਾਰਨ ਬਣਿਆ ਹੈ। ਇਨ੍ਹਾਂ ਲੜਾਈਆਂ ਵਿਚ ਵੱਡੀ ਮਾਤਰਾ ਵਿਚ ਵਿਸਫੋਟਕ ਸਮੱਗਰੀ ਵਰਤੀ ਜਾਂਦੀ ਹੈ। ਇਸ ਲਈ ਸਾਰੇ ਮੁਲਕਾਂ ਨੂੰ ਰਲਮਿਲ ਕੇ ਇਨ੍ਹਾਂ ਮੁਲਕਾਂ ਦੇ ਮਸਲਿਆਂ ਦਾ ਹੱਲ ਲੱਭ ਕੇ ਲੜਾਈਆਂ ਬੰਦ ਕਰਵਾਉਣੀਆਂ ਚਾਹੀਦੀਆਂ ਹਨ। ਮੁਲਕ ਦੇ ਨਾਲ ਨਾਲ ਹਰ ਇੱਕ ਨਾਗਰਿਕ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਖਾਣ-ਪੀਣ ਅਤੇ ਰਹਿਣ-ਸਹਿਣ ਦੀਆਂ ਆਦਤਾਂ ਬਦਲੇ ਤਾਂ ਕਿ ਗਰੀਨਹਾਊਸ ਗੈਸਾਂ ਦੀ ਨਿਕਾਸੀ ਹਰ ਹੀਲੇ ਘਟਾਈ ਜਾ ਸਕੇ। ਦੁਨੀਆ ਸੰਕਟ ਦੀ ਘੜੀ ਵਿਚੋਂ ਲੰਘ ਰਹੀ ਹੈ, ਇਸ ਲਈ ਸਰਕਾਰਾਂ ਦੇ ਨਾਲ ਨਾਲ ਹਰ ਇੱਕ ਸ਼ਖ਼ਸ ਤਾਪਮਾਨ ਦੇ ਵਾਧੇ ਨੂੰ ਰੋਕਣ ਲਈ ਆਪਣਾ ਫ਼ਰਜ਼ ਨਿਭਾਵੇ।
*ਸਾਬਕਾ ਪ੍ਰੋਫੈਸਰ, ਜਿਓਗਰਾਫੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Advertisement

Advertisement