For the best experience, open
https://m.punjabitribuneonline.com
on your mobile browser.
Advertisement

ਮੋਗਾ ’ਚ ਤਿੰਨ ਪਰਤੀ ਸਖ਼ਤ ਸੁਰੱਖਿਆ ਛੱਤਰੀ ਹੇਠ ਹੋਵੇਗੀ ਵੋਟਾਂ ਦੀ ਗਿਣਤੀ

07:47 AM Jun 04, 2024 IST
ਮੋਗਾ ’ਚ ਤਿੰਨ ਪਰਤੀ ਸਖ਼ਤ ਸੁਰੱਖਿਆ ਛੱਤਰੀ ਹੇਠ ਹੋਵੇਗੀ ਵੋਟਾਂ ਦੀ ਗਿਣਤੀ
ਮੋਗਾ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਡੀਸੀ ਕੁਲਵੰਤ ਸਿੰਘ ਤੇ ਹੋਰ ਅਧਿਕਾਰੀ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 3 ਜੂਨ
ਵੋਟਾਂ ਦੀ ਗਿਣਤੀ ਤੋਂ ਪਹਿਲਾਂ ਲੋਕ ਸਭਾ ਚੋਣ ਲੜ ਰਹੇ ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ। ਉਮੀਦਵਾਰ ਜਿਥੇ ਪਰਮਾਤਮਾ ਅਰਦਾਸਾਂ ਕਰ ਰਹੇ ਹਨ ਉਥੇ ਚੋਣ ਨਤੀਜਿਆਂ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ।
ਫ਼ਰੀਦਕੋਟ ਰਾਖਵੇਂ ਹਲਕੇ ’ਚ ਕੁੱਲ 28 ਉਮੀਦਵਾਰ ਚੋਣ ਮੈਦਾਨ ਵਿੱਚ ਸਨ ਪਰ ਇਨ੍ਹਾਂ ਵਿੱਚੋਂ ਮੁੱਖ ਮੁਕਾਬਲਾ ‘ਆਪ’ ਉਮੀਦਵਾਰ ਅਦਾਕਾਰ ਕਰਮਜੀਤ ਅਨਮੋਲ ਤੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਦਰਮਿਆਨ ਰਹਿਣ ਦੇ ਆਸਾਰ ਹਨ। ਕਾਂਗਰਸ ਉਮੀਦਵਾਰ ਅਮਰਜੀਤ ਕੌਰ ਸਾਹੋਕੇ, ਅਕਾਲੀ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਤੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਵੀ ਜਿੱਤ ਲਈ ਆਸਮੰਦ ਹਨ।
ਫ਼ਰੀਦਕੋਟ ਹਲਕੇ ਅਧੀਨ ਮੋਗਾ ਜ਼ਿਲ੍ਹੇ ’ਚ ਪੈਂਦੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਇਥੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈਟੀਆਈ) ’ਚ ਪੁਲੀਸ ਦੇ ਸਖਤ ਪਹਿਰੇ ਹੇਠ ਹੋਵੇਗੀ। ਪ੍ਰਸ਼ਾਸਨ ਵੱਲੋਂ ਇਥੇ ਤਿੰਨ ਪਰਤੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ। ਐੱਸਐੱਸਪੀ ਵਿਵੇਕਸੀਲ ਸੋਨੀ ਨੇ ਦੱਸਿਆ ਕਿ ਕਿਹਾ ਕਿ ਅਮਨ-ਸ਼ਾਂਤੀ ਨਾਲ ਵੋਟਾਂ ਦੀ ਗਿਣਤੀ ਦਾ ਕੰਮ ਨੇਪਰੇ ਚੜ੍ਹਾਉਣ ਲਈ ਸੁਰੱਖਿਆ ਦੇ ਪੁਖਤਾ ਬੰਦੋਬਸਤ ਕੀਤੇ ਗਏ ਹਨ। ਇਹ ਗਿਣਤੀ ਤਿੰਨ ਪਰਤੀ ਸੁਰੱਖਿਆ ਛੱਤਰੀ ਵਿੱਚ ਹੋਵੇਗੀ। ਉਨ੍ਹਾਂ ਕਿਹਾ ਕਿ ਸੁਰੱਖਿਆ ਵਿਚ 2 ਐੱਸਪੀ ਤੇ 11 ਡੀਐੱਸਪੀ ਪੱਧਰ ਦੇ ਅਫ਼ਸਰਾਂ ਸਮੇਤ ਕੁੱਲ 460 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਹਿਰ ਵਿਚ 8 ਨਾਕੇ ਲਾਏ ਜਾਣਗੇ ਜਦਕਿ 6 ਪਾਰਟੀਆਂ ਲਗਾਤਾਰ ਗਸ਼ਤ ਕਰਦੀਆਂ ਰਹਿਣਗੀਆਂ। ਇਸ ਤੋਂ ਇਲਾਵਾ 5 ਰਿਜ਼ਰਵ ਫੋਰਸ ਟੀਮਾਂ ਵੀ ਰੱਖੀਆਂ ਗਈਆਂ ਹਨ। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਗਿਣਤੀ ਕੇਂਦਰ ਦਾ ਦੌਰਾ ਕੀਤਾ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਗਿਣਤੀ ਸਵੇਰੇ 8 ਵਜੇ ਸੁਰੂ ਹੋਵੇਗੀ। ਸਵੇਰੇ ਸਮੂਹ ਉਮੀਦਵਾਰਾਂ ਜਾਂ ਉਨ੍ਹਾਂ ਦੇ ਅਧਿਕਾਰਿਤ ਚੋਣ ਏਜੰਟਾਂ ਦੀ ਹਾਜ਼ਰੀ ਵਿੱਚ ਸਟਰੌਂਗ ਰੂਮ ਖੋਲ੍ਹੇ ਜਾਣਗੇ। ਸਭ ਤੋਂ ਪਹਿਲਾਂ ਪੋਸਟਲ ਬੈਲੇਟ ਪੇਪਰਾਂ ਦੀ ਗਿਣਤੀ ਹੋਵੇਗੀ। ਉਨ੍ਹਾਂ ਕਿਹਾ ਕਿ ਮੀਡੀਆ ਕਰਮੀਆਂ ਲਈ ਮੀਡੀਆ ਸੈਂਟਰ ਸਥਾਪਿਤ ਕੀਤਾ ਗਿਆ ਹੈ। ਗਿਣਤੀ ਕੇਂਦਰਾਂ ਵਿੱਚ ਕਿਸੇ ਵੀ ਆਮ ਵਿਅਕਤੀ ਦੀ ਐਂਟਰੀ ਨਹੀਂ ਹੋ ਸਕਦੀ। ਉਥੇ ਸਿਰਫ਼ ਗਿਣਤੀ ਕਰਨ ਵਾਲਾ ਸਟਾਫ਼, ਸੁਰੱਖਿਆ ਕਰਮੀ, ਚੋਣ ਅਫ਼ਸਰ, ਆਬਜ਼ਰਵਰ, ਮੀਡੀਆ ਕਰਮੀ, ਉਮੀਦਵਾਰ, ਪੋਲਿੰਗ ਏਜੰਟ ਹੀ ਜਾ ਸਕਦੇ ਹਨ।

Advertisement

ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਧਾਰਾ 144 ਲਾਗੂ

ਸਿਰਸਾ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਮੈਜਿਸਟਰੇਟ ਆਰਕੇ ਸਿੰਘ ਨੇ ਲੋਕ ਸਭਾ ਦੀਆਂ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਗਿਣਤੀ ਕੇਂਦਰਾਂ ਦੇ ਨੇੜੇ ਧਾਰਾ 144 ਲਾਗੂ ਕਰ ਦਿੱਤੀ ਹੈ। ਗਿਣਤੀ ਵਾਲੇ ਦਿਨ ਜ਼ਿਲ੍ਹੇ ਵਿੱਚ ਸ਼ਰਾਬ ਦੀ ਵਿਕਰੀ ’ਤੇ ਪਾਬੰਦੀ ਲਗਾਈ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਵੋਟਾਂ ਦੀ ਗਿਣਤੀ ਕੇਂਦਰਾਂ ਦੇ ਨੇੜੇ ਧਾਰਾ 144 ਲਾਗੂ ਰਹੇਗੀ। ਗਿਣਤੀ ਕੇਂਦਰਾਂ ਦੇ ਨੇੜੇ ਲੋਕ ਇਕੱਠੇ ਨਹੀਂ ਹੋ ਸਕਣਗੇ। ਉਨ੍ਹਾਂ ਵੱਲੋਂ ਜਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਇਲਾਕੇ ਦੇ ਕਿਸੇ ਵੀ ਹੋਟਲ, ਰੈਸਤਰਾਂ, ਬਾਰ, ਦੁਕਾਨ ਜਾਂ ਕਿਸੇ ਹੋਰ ਜਨਤਕ ਜਾਂ ਨਿੱਜੀ ਥਾਂ ’ਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ, ਪਰੋਸਣ ਅਤੇ ਪੀਣ ’ਤੇ ਪੂਰਨ ਪਾਬੰਦੀ ਹੋਵੇਗੀ।

Advertisement
Author Image

Advertisement
Advertisement
×