ਰਾਜਪੁਰਾ ਹਲਕੇ ਵਿੱਚ ਹੁਕਮਰਾਨ ਧਿਰ ਦੀ ਪੁੱਠੀ ਗਿਣਤੀ ਸ਼ੁਰੂ: ਕੰਬੋਜ
ਪੱਤਰ ਪ੍ਰੇਰਕ
ਬਨੂੜ, 22 ਅਕਤੂਬਰ
ਰਾਜਪੁਰਾ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਹੈ ਕਿ ਹੁਕਮਰਾਨ ‘ਆਪ’ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਚਾਇਤ ਚੋਣਾਂ ਵਿੱਚ ਵੀ ਅਨੇਕਾਂ ਧੱਕੇਸ਼ਾਹੀਆਂ ਦੇ ਬਾਵਜੂਦ ‘ਆਪ’ ਦੇ ਸਮਰਥਕ ਉਮੀਦਵਾਰਾਂ ਨੂੰ ਬੁਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਉਹ ਆਪਣੀਆਂ ਸਮਰਥਕ ਪੰਚਾਇਤਾਂ ਦਾ ਸਨਮਾਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਸ੍ਰੀ ਕੰਬੋਜ ਨੇ ਕਿਹਾ ਕਿ ਹੁਕਮਰਾਨ ਧਿਰ ਦੇ ਬਨੂੜ ਖੇਤਰ ਵਿੱਚ ਸਰਪੰਚੀ ਦੀ ਚੋਣ ਲੜ ਰਹੇ ਤਿੰਨ ਬਲਾਕ ਪ੍ਰਧਾਨ ਬੁਰੀ ਤਰਾਂ ਲੋਕਾਂ ਨੇ ਰੱਦ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਖੇੜਾ ਗੱਜੂ, ਮਾਣਕਪੁਰ, ਅਬਰਾਵਾਂ, ਨੱਤਿਆਂ, ਹੁਲਕਾ, ਕਰਾਲਾ, ਜਾਂਸਲਾ, ਜਲਾਲਪੁਰ, ਧਰਮਗੜ੍ਹ, ਚੰਗੇਰਾ ਆਦਿ ਵੱਡੇ ਪਿੰਡਾਂ ਵਿੱਚ ਕਾਂਗਰਸ ਜਾਂ ਕਾਂਗਰਸ ਦੇ ਸਮਰਥਨ ਵਾਲੇ ਉਮੀਦਵਾਰਾਂ ਨੇ ਸਰਪੰਚੀ ਦੀ ਚੋਣ ਜਿੱਤੀ ਹੈ।
ਸ੍ਰੀ ਕੰਬੋਜ ਨੇ ਦਾਅਵਾ ਕੀਤਾ ਕਿ ਜਿਨ੍ਹਾਂ ਪਿੰਡਾਂ ਵਿੱਚ ਹਾਕਮ ਧਿਰ ਦੇ ਵਿਧਾਇਕ ਸਰਪੰਚੀ ਲਈ ਚੋਣ ਪ੍ਰਚਾਰ ਕਰਨ ਵੀ ਗਏ ਸਨ, ਉਨ੍ਹਾਂ ਪਿੰਡਾਂ ਵਿੱਚ ਵੀ ਉਹ ਆਪਣੇ ਸਮਰਥਕਾਂ ਨੂੰ ਨਹੀਂ ਜਿਤਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੇ ਸੁਚਾਰੂ ਖ਼ਰੀਦ ਪ੍ਰਬੰਧ ਕਰਨ ਵਿੱਚ ਫੇਲ੍ਹ ਹੋਈ ਹੈ।