ਕੌਂਸਲਰ ਗੁਰਭਗਤ ਸਿੰਘ ਗਿੱਲ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ
ਪੱਤਰ ਪ੍ਰੇਰਕ
ਜ਼ੀਰਾ, 15 ਮਈ
ਕੌਂਸਲਰ ਗੁਰਭਗਤ ਸਿੰਘ ਗਿੱਲ ’ਤੇ ਅੱਜ ਕੁਝ ਵਿਅਕਤੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਜ਼ੀਰਾ ਵਿੱਚ ਲਿਖਤੀ ਦਰਖਾਸਤ ਦਿੱਤੀ ਗਈ ਹੈ ਜਿਸ ਵਿੱਚ ਕੌਂਸਲਰ ਗੁਰਭਗਤ ਸਿੰਘ ਗਿੱਲ ਵਾਸੀ ਗਾਦੜੀ ਵਾਲਾ ਰੋਡ ਜ਼ੀਰਾ ਨੇ ਦੱਸਿਆ ਕਿ ਉਹ ਮੌਜੂਦਾ ਐੱਮਸੀ ਹੈ ਅਤੇ ਸ਼ਹਿਰ ਦਾ ਮੌਜੂਦਾ ਨੰਬਰਦਾਰ ਵੀ ਹੈ। ਅੱਜ ਜਦੋਂ ਉਹ ਦੁਪਹਿਰ ਇੱਕ ਵਜੇ ਦੇ ਕਰੀਬ ਰੇਲਵੇ ਰੋਡ ਜ਼ੀਰਾ ਵਿੱਚ ਆਪਣੀ ਐਕਟਿਵਾ ’ਤੇ ਬੱਸ ਸਟੈਂਡ ਨਜ਼ਦੀਕ ਪਹੁੰਚਿਆ ਤਾਂ ਅੱਠ ਦੇ ਕਰੀਬ ਅਣਪਛਾਤੇ ਵਿਅਕਤੀ ਉਸ ਦੀ ਐਕਟਿਵਾ ਦੇ ਅੱਗੇ ਖੜ੍ਹੇ ਹੋ ਗਏ ਅਤੇ ਉਸ ਨੂੰ ਰੋਕ ਲਿਆ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਮੁਲਜ਼ਮਾਂ ਨੇ ਉਸ ਦੀ ਐਕਟਿਵਾ ਖੋਹ ਲਈ ਜਿਸ ਮਗਰੋਂ ਉਹ ਭੱਜ ਦੇ ਬੱਸ ਅੱਡੇ ਅੰਦਰ ਚਲਾ ਗਿਆ ਅਤੇ ਮੁਲਜ਼ਮ ਉਸ ਦੇ ਪਿੱਛੇ ਆ ਗਏ। ਇਸ ਦੌਰਾਨ ਇਕ ਵਿਅਕਤੀ ਨੇ ਗੱਡੀ ਉਸ ਦੀਆਂ ਲੱਤਾਂ ਵਿੱਚ ਮਾਰੀ ਪਰ ਉਸ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਗੁਰਭਗਤ ਸਿੰਘ ਗਿੱਲ ਨੇ ਕਿਹਾ ਕਿ ਪਹਿਲਾਂ ਵੀ ਉਸ ’ਤੇ ਹਮਲੇ ਹੋ ਚੁੱਕੇ ਹਨ। ਇਸ ਸਬੰਧੀ ਪਹਿਲਾਂ ਵੀ ਥਾਣਾ ਸਿਟੀ ਜ਼ੀਰਾ ਵਿਖੇ ਮਾਮਲਾ ਦਰਜ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਇਨ੍ਹਾਂ ਵਿਅਕਤੀਆਂ ਤੋਂ ਜਾਨੀ ਅਤੇ ਮਾਲੀ ਨੁਕਸਾਨ ਹੋਣ ਦਾ ਖਤਰਾ ਹੈ ਇਸ ਲਈ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਇਸ ਦੌਰਾਨ ਐੱਸਪੀਡੀ ਰਣਧੀਰ ਕੁਮਾਰ, ਡੀਐੱਸਪੀਡੀ ਬਲਕਾਰ ਸਿੰਘ, ਡੀਐੱਸਪੀ ਗੁਰਦੀਪ ਸਿੰਘ, ਐੱਸਐਚਓ ਥਾਣਾ ਸਿਟੀ ਜ਼ੀਰਾ ਕੰਵਲਜੀਤ ਰਾਏ ਨੇ ਸਥਿਤੀ ਨੂੰ ਸੰਭਾਲਿਆ।