For the best experience, open
https://m.punjabitribuneonline.com
on your mobile browser.
Advertisement

ਦੁਕਾਨ ਢਾਹੁਣ ਲਈ ਜੇਸੀਬੀ ਲੈ ਕੇ ਪੁੱਜੀ ਕੌਂਸਲ ਟੀਮ

07:57 AM Dec 22, 2023 IST
ਦੁਕਾਨ ਢਾਹੁਣ ਲਈ ਜੇਸੀਬੀ ਲੈ ਕੇ ਪੁੱਜੀ ਕੌਂਸਲ ਟੀਮ
ਸੰਗਰੂਰ ’ਚ ਸੁਨਾਗੀ ਗੇਟ ਵਿੱਚ ਦੁਕਾਨ ਢਾਹੁਣ ਪੁੱਜੇ ਨਗਰ ਕੌਂਸਲ ਦੀ ਟੀਮ ਦਾ ਵਿਰੋਧ ਕਰਨ ਮੌਕੇ ਦੁਕਾਨ ਕਾਬਜ਼ਕਾਰ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 21 ਦਸੰਬਰ
ਸ਼ਹਿਰ ’ਚ ਸੁਨਾਮੀ ਗੇਟ ’ਚ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਨਗਰ ਕੌਂਸਲ ਦੇ ਅਧਿਕਾਰੀ ਜੇ.ਸੀ.ਬੀ ਮਸ਼ੀਨ ਲੈ ਕੇ ਉਸਾਰੀ ਗਈ ਦੁਕਾਨ ਨੂੰ ਢਾਹੁਣ ਪੁੱਜ ਗਏ। ਦੁਕਾਨ ਵਾਲੀ ਜਗ੍ਹਾ ’ਤੇ ਕਾਬਜ਼ ਧਿਰ ਨੇ ਨਗਰ ਕੌਂਸਲ ਦੀ ਕਾਰਵਾਈ ਦਾ ਵਿਰੋਧ ਕੀਤਾ। ਕਾਫ਼ੀ ਸਮਾਂ ਹੰਗਾਮਾ ਹੁੰਦਾ ਰਿਹਾ ਪਰ ਵਿਰੋਧ ਕਾਰਨ ਨਗਰ ਕੌਂਸਲ ਦੀ ਟੀਮ ਬਗੈਰ ਕੋਈ ਕਾਰਵਾਈ ਕੀਤਿਆਂ ਬੇਰੰਗ ਪਰਤ ਗਈ। ਨਗਰ ਕੌਂਸਲ ਦੇ ਈ.ਓ. ਨੇ ਕਿਹਾ ਕਿ ਦੁਕਾਨ ਉਸਾਰਨ ਵਾਲੇ ਨੂੰ 72 ਘੰਟੇ ਦਾ ਨੋਟਿਸ ਦੇ ਰਹੇ ਹਨ ਕਿ ਦੁਕਾਨ ਦੀ ਮਾਲਕੀ ਦਾ ਕੋਈ ਸਬੂਤ ਦਿਖਾਵੇ। ਜੇਕਰ ਮਾਲਕੀ ਦਾ ਕੋਈ ਸਬੂਤ ਨਾ ਹੋਇਆ ਤਾਂ ਨਿਸ਼ਾਨਦੇਹੀ ਕਰਵਾ ਕੇ ਦੁਕਾਨ ਢਾਹ ਦਿੱਤੀ ਜਾਵੇਗੀ।
ਸਥਾਨਕ ਸੁਨਾਮੀ ਗੇਟ ਬਾਹਰ ਆਰੇ ਵਾਲੀ ਸੜਕ ਉਪਰ ਲੱਗਦੀ ਜਗ੍ਹਾ ’ਤੇ ਇੱਕ ਦੁਕਾਨ ਦੀ ਉਸਾਰੀ ਕੀਤੀ ਗਈ ਹੈ। ਦੁਕਾਨ ਦੀ ਉਸਾਰੀ ਕਰਨ ਵਾਲੇ ਭਗਵੰਤ ਸਿੰਘ ਅਤੇ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ 70 ਸਾਲ ਤੋਂ ਉਹ ਜਗ੍ਹਾ ਉਪਰ ਕਾਬਜ਼ ਹਨ ਅਤੇ ਉਨ੍ਹਾਂ ਵੱਲੋਂ ਪੁਰਾਣੀ ਦੁਕਾਨ ਢਾਹ ਕੇ ਨਵੀਂ ਦੁਕਾਨ ਦੀ ਉਸਾਰੀ ਕੀਤੀ ਗਈ ਹੈ। ਸੜਕ ਦੀ 46 ਫੁੱਟ ਜਗ੍ਹਾ ਛੱਡ ਕੇ ਦੁਕਾਨ ਦੀ ਉਸਾਰੀ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਕੌਂਸਲ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ ਅਤੇ ਅੱਜ ਜੇਸੀਬੀ ਲੈ ਕੇ ਦੁਕਾਨ ਢਾਹੁਣ ਪੁੱਜ ਗਏ। ਉਨ੍ਹਾਂ ਕਿਹਾ ਕਿ ਇਸ ਬਸਤੀ ਵਿੱਚ ਜਗ੍ਹਾ ਦੀਆਂ ਰਜਿਸਟਰੀਆਂ ਨਹੀਂ ਹਨ ਜਦੋਂ ਕਿ ਨਗਰ ਕੌਂਸਲ ਵਾਲੇ ਸਬੂਤ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਬਿਜਲੀ ਬਿਲ, ਪਾਣੀ ਕੁਨੈਕਸ਼ਨ ਦੇ ਬਿਲ ਆਦਿ ਕਾਗਜ਼ਾਤ ਹਨ ਅਤੇ ਉਹ ਦੁਕਾਨ ਦਾ ਨਕਸ਼ਾ ਪਾਸ ਕਰਾਉਣ, ਐੱਨ.ਓ.ਸੀ. ਲੈਣ ਅਤੇ ਜੁਰਮਾਨਾ ਆਦਿ ਲੋੜੀਂਦੀ ਫੀਸ ਭਰਨ ਲਈ ਤਿਆਰ ਹਨ।
ਉਧਰ ਨਗਰ ਕੌਂਸਲ ਦੇ ਈ.ਓ. ਮੋਹਿਤ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੁਕਾਨ ਦੀ ਨਾਜਾਇਜ਼ ਉਸਾਰੀ ਹੋਣ ਦਾ ਪਤਾ ਲੱਗਿਆ ਸੀ ਜਿਸ ਕਾਰਨ ਹੀ ਉਹ ਕਾਰਵਾਈ ਲਈ ਇੱਥੇ ਪੁੱਜੇ ਸਨ। ਇਹ ਜਗ੍ਹਾ ਦੀ ਕਬਜ਼ਾਧਾਰੀ ਮਾਲਕੀ ਦਾ ਦਾਅਵਾ ਕਰ ਰਹੇ ਹਨ ਜਿਸ ਕਰਕੇ ਇਨ੍ਹਾਂ ਨੂੰ 72 ਘੰਟੇ ਦਾ ਨੋਟਿਸ ਜਾਰੀ ਕਰ ਰਹੇ ਹਨ। ਜੇਕਰ ਮਾਲਕੀ ਦੇ ਕੋਈ ਸਬੂਤ ਹੋਣ ਤਾਂ ਦਿਖਾਏ ਜਾ ਸਕਦੇ ਹਨ। ਜੇਕਰ ਕੋਈ ਸਬੂਤ ਨਾ ਦਿਖਾਏ ਗਏ ਅਤੇ ਨਿਸ਼ਾਨਦੇਹੀ ਉਪਰੰਤ ਦੁਕਾਨ ਨਜਾਇਜ਼ ਪਾਈ ਗਈ ਤਾਂ ਪੰਜਾਬ ਮਿਊਂਸਿਪਲ ਐਕਟ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਨਜਾਇਜ਼ ਉਸਾਰੀ ਢਾਹ ਦਿੱਤੀ ਜਾਵੇਗੀ।

Advertisement

Advertisement
Advertisement
Author Image

Advertisement