ਰਾਸ਼ਟਰਪਤੀ ਚੋਣਾਂ ’ਚ ਟਰੰਪ ਨੂੰ ਹਰਾ ਸਕਦਾ ਸੀ: ਬਾਇਡਨ
ਵਾਸ਼ਿੰਗਟਨ, 11 ਜਨਵਰੀ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਉਹ ਨਵੰਬਰ ਵਿੱਚ ਹੋਈਆਂ ਆਮ ਚੋਣਾਂ ਵਿੱਚ ਡੋਨਾਲਡ ਟਰੰਪ ਨੂੰ ਹਰਾ ਸਕਦੇ ਸੀ ਪਰ ਉਨ੍ਹਾਂ ਨੇ ਡੈਮੋਕਰੈਟਿਕ ਪਾਰਟੀ ਦੀ ਇਕਜੁੱਟਤਾ ਖਾਤਰ ਆਪਣੀ ਉਮੀਦਵਾਰੀ ਵਾਪਸ ਲੈਣ ਦਾ ਫ਼ੈਸਲਾ ਕੀਤਾ।
ਬਾਇਡਨ ਤੋਂ ਇੱਥੇ ਵ੍ਹਾਈਟ ਹਾਊਸ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਪੁੱਛਿਆ ਗਿਆ, ‘‘ਕੀ ਤੁਹਾਨੂੰ ਚੋਣ ਨਾ ਲੜਨ ਦੇ ਆਪਣੇ ਫ਼ੈਸਲੇ ’ਤੇ ਪਛਤਾਵਾ ਹੈ? ਕੀ ਤੁਹਾਨੂੰ ਲਗਦਾ ਹੈ ਕਿ ਤੁਸੀਂ ਟਰੰਪ ਨੂੰ ਆਪਣਾ ਉਤਰਾਧਿਕਾਰੀ ਬਣਨ ਦਾ ਆਸਾਨ ਮੌਕਾ ਦੇ ਦਿੱਤਾ?’’ ਇਸ ’ਤੇ ਬਾਇਡਨ ਨੇ ਕਿਹਾ, ‘‘ਮੈਨੂੰ ਅਜਿਹਾ ਨਹੀਂ ਲਗਦਾ। ਮੈਨੂੰ ਲਗਦਾ ਹੈ ਕਿ ਮੈਂ ਟਰੰਪ ਨੂੰ ਹਰਾ ਸਕਦਾ ਸੀ। ਮੈਨੂੰ ਲਗਦਾ ਹੈ ਕਿ ਕਮਲਾ ਹੈਰਿਸ ਟਰੰਪ ਨੂੰ ਹਰਾ ਸਕਦੀ ਸੀ।’’
ਉਨ੍ਹਾਂ ਕਿਹਾ, ‘‘ਪਾਰਟੀ ਨੂੰ ਇਕਜੁੱਟ ਕਰਨਾ ਅਹਿਮ ਹੈ ਅਤੇ ਜਦੋਂ ਪਾਰਟੀ ਇਸ ਗੱਲ ਨੂੰ ਲੈ ਕੇ ਚਿੰਤਤ ਸੀ ਕਿ ਮੈਂ ਅੱਗ ਵਧ ਸਕਾਂਗਾ ਜਾਂ ਨਹੀਂ, ਤਾਂ ਮੈਂ ਸੋਚਿਆ ਕਿ ਪਾਰਟੀ ਨੂੰ ਇਕਜੁੱਟ ਕਰਨਾ ਬਿਹਤਰ ਹੋਵੇਗਾ। ਹਾਲਾਂਕਿ, ਮੈਨੂੰ ਲਗਿਆ ਸੀ ਕਿ ਮੈਂ ਮੁੜ ਜਿੱਤ ਸਕਦਾ ਹਾਂ।’’
ਜ਼ਿਕਰਯੋਗ ਹੈ ਕਿ ਜੂਨ ਵਿੱਚ ਅਟਲਾਂਟਾਂ ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦਰਮਿਆਨ ਹੋਈ ‘ਬਹਿਸ’ ਵਿੱਚ ਬਾਇਡਨ (82) ਦਾ ਪ੍ਰਦਰਸ਼ਨ ਖਾਸ ਨਹੀਂ ਸੀ। ਇਸ ਮਗਰੋਂ ਡੈਮੋਕਰੈਟਿਕ ਪਾਰਟੀ ਦੇ ਮੈਂਬਰ ਬਾਇਡਨ ਦੇ ਇਸ ਦੌੜ ਤੋਂ ਹਟਣ ਦੀ ਗੱਲ ਕਰਨ ਲੱਗੇ ਸਨ। ਅਖ਼ੀਰ ਬਾਇਡਨ ਨੇ ਟਰੰਪ ਖ਼ਿਲਾਫ਼ ਆਪਣੀ ਉਮੀਦਵਾਰੀ ਵਾਪਸ ਲੈ ਲਈ। ਬਾਇਡਨ ਦੀ ਥਾਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਡੈਮੋਕਰੈਟਿਕ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਸੀ। ਹਾਲਾਂਕਿ, ਉਹ ਟਰੰਪ ਤੋਂ ਹਾਰ ਗਈ। -ਪੀਟੀਆਈ
ਰੂਸ ’ਤੇ ਪਾਬੰਦੀਆਂ ਲਾਉਣ ਨਾਲ ਯੂਕਰੇਨ ਨੂੰ ਮਿਲੇਗੀ ਮਦਦ: ਬਾਇਡਨ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਅਮਰੀਕਾ ਨੇ ਯੂਕਰੇਨ ਨੂੰ ਖੁਦਮੁਖ਼ਿਤਆਰ ਬਣਾਈ ਰੱਖਣ ਅਤੇ ਮਾਸਕੋ ਖ਼ਿਲਾਫ਼ ਲੜਨ ਵਿੱਚ ਮਦਦ ਕਰਨ ਲਈ ਰੂਸ ’ਤੇ ਵੱਡੇ ਪੱਧਰ ’ਤੇ ਪਾਬੰਦੀਆਂ ਲਗਾਈਆਂ ਹਨ। ਡੋਨਾਲਡ ਟਰੰਪ ਨੂੰ ਸੱਤਾ ਸੌਂਪਣ ਤੋਂ ਦਸ ਦਿਨ ਪਹਿਲਾਂ ਬਾਇਡਨ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਕੰਪਨੀਆਂ ਅਤੇ ਸੰਸਥਾਵਾਂ ’ਤੇ ਪਾਬੰਦੀਆਂ ਲਗਾ ਦਿੱਤੀਆਂ ਹਨ ਜੋ ਊਰਜਾ, ਖਾਸ ਕਰ ਗੈਸ ਬਰਾਮਦ ਵਿੱਚ ਰੂਸ ਦੀ ਮਦਦ ਕਰਦੀਆਂ ਹਨ। ਇਨ੍ਹਾਂ ਵਿੱਚੋਂ ਦੋ ਕੰਪਨੀਆਂ ਭਾਰਤ ਦੀਆਂ ਹਨ। ਪਾਬੰਦੀਆਂ ਨਾਲ ਸਬੰਧਤ ਸੂਚੀ ਵਿੱਚ ਕਿਹਾ ਗਿਆ ਹੈ ਕਿ ਦੋ ਭਾਰਤੀ ਕੰਪਨੀਆਂ ‘ਸਕਾਈਹਾਰਟ ਮੈਨੇਜਮੈਂਟ ਸਰਵਿਸਿਜ਼’ ਅਤੇ ‘ਐਵੀਜ਼ਨ ਮੈਨੇਜਮੈਂਟ ਸਰਵਿਸਿਜ਼’ ’ਤੇ ਪਾਬੰਦੀ ਲਗਾਈ ਗਈ ਹੈ। ਬਾਇਡਨ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, ‘‘ਇਹ ਪਾਬੰਦੀਆਂ ਇਸ ਲਈ ਲਗਾਈਆਂ ਗਈਆਂ ਹਨ ਕਿਉਂਕਿ ਇਨ੍ਹਾਂ ਦਾ ਰੂਸੀ ਅਰਥਵਿਵਸਥਾ ’ਤੇ ਡੂੰਘਾ ਪ੍ਰਭਾਵ ਪਵੇਗਾ ਅਤੇ ਪੂਤਿਨ ਲਈ ਯੁੱਧ ਲੜਨਾ ਹੋਰ ਵੀ ਮੁਸ਼ਕਲ ਹੋ ਜਾਵੇਗਾ।’’ -ਪੀਟੀਆਈ