ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਦੋਂ ਦੀ ਝੜੀ ’ਚ ਨਰਮੇ ਦਾ ਫਲ ਝੜਿਆ

08:20 AM Aug 22, 2020 IST

ਜੋਗਿੰਦਰ ਸਿੰਘ ਮਾਨ
ਮਾਨਸਾ, 21 ਅਗਸਤ

Advertisement

ਵੱਡੇ  ਤੜਕੇ ਤੋਂ ਦੁਪਹਿਰ ਤੱਕ ਰੁਕ-ਰੁਕ ਕੇ ਪੈਂਦੇ ਰਹੇ ਮੀਂਹ ਨੇ ਨਰਮਾ ਉਤਪਾਦਕਾਂ ਨੂੰ  ਡਰਾ ਦਿੱਤਾ ਹੈ। ਭਾਦੋਂ ਦੀ ਇਸ ਝੜੀ ਨੇ ਕਿਸਾਨਾਂ ਦੇ ਸਾਹ ਸੂਤ ਧਰੇ ਹਨ। ਪੰਜਾਬ ਖੇਤੀਬਾੜੀ  ਯੂਨੀਵਰਸਿਟੀ ਦੇ ਅਧਿਕਾਰੀਆਂ ਤੇ ਖੇਤੀ ਮਹਿਕਮੇ ਦੇ ਮਾਹਿਰਾਂ ਨੇ ਬੇਸ਼ੱਕ ਇਸ ਮੀਂਹ ਨੂੰ  ਸਾਉਣੀ ਦੀਆਂ ਸਾਰੀਆਂ ਫ਼ਸਲਾਂ ਲਈ ਸ਼ੁਭ ਦੱਸਿਆ ਹੈ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਲਗਾਤਾਰ  ਪੈ ਰਹੇ ਮੀਂਹ ਨੇ ਨਰਮੇ ਦੀ ਫ਼ਸਲ ਨੂੰ ਜੜ੍ਹਾਂ ਤੋਂ ਉਖਾੜ ਦਿੱਤਾ ਹੈ,ਜਿਸ ਨਾਲ ਬੂਟਿਆਂ  ਦੇ ਸੁੱਕਣ ਦਾ ਖਦਸ਼ਾ ਖੜ੍ਹਾ ਹੋ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਲਗਾਤਾਰ ਪਏ ਮੀਂਹ  ਕਾਰਨ ਅਗੇਤੇ ਟੀਂਡਿਆਂ ਨੇ ਗ਼ਲ ਜਾਣਾ ਹੈ ਅਤੇ ਫੁੱਲਾਂ ਨੇ ਡਿੱਗ ਪੈਣਾ ਹੈ, ਜਿਸ ਨਾਲ ਨਵੇਂ  ਸਿਰ ਤੋਂ ਫ਼ਲ ਚੁੱਕਣ ਦੀ ਉਮੀਦ ਘੱਟ ਜਾਂਦੀ ਹੈ।

ਦਿਲਚਸਪ ਗੱਲ ਹੈ ਕਿ ਇਸ ਵਾਰ ਨਰਮੇ  ਦੀ ਫਸਲ ਬੇਹੱਦ ਵਧੀਆ ਸੀ ਤੇ ਹੁਣ ਪਏ ਇਸ ਮੀਂਹ ਨੇ ਕਿਸਾਨਾਂ ਵਿਚ ਘਬਰਾਹਟ ਖੜ੍ਹੀ ਕਰ  ਦਿੱਤੀ ਹੈ। ਹੋਰ ਮੀਂਹ ਆਉਣ ਦੀਆਂ ਖਬਰਾਂ ਨੇ ਕਿਸਾਨਾਂ ਨੂੰ ਝੋਰਾ ਲਾ ਦਿੱਤਾ ਹੈ, ਕਿਉਂਕਿ  ਲਗਾਤਾਰ ਮੀਂਹ ਪੈਣ ਨਾਲ ਨਰਮੇ ਦੀ ਫੁੱਲ-ਬੁੱਕੀ ਕਿਰ ਜਾਂਦੀ ਹੈ।

Advertisement

ਬੇਸ਼ੱਕ ਖੇਤੀਬਾੜੀ  ਮਹਿਕਮੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਦੱਖਣੀ ਪੰਜਾਬ ਦੇ ਵੱਖ-ਵੱਖ  ਹਿੱਸਿਆਂ ਵਿਚ ਪਏ ਮੀਂਹ ਨੂੰ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਲਈ ਲਾਭਦਾਇਕ ਦੱਸਿਆ ਹੈ।  ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮੀਂਹ ਨੇ ਜਿੱਥੇ ਫ਼ਸਲਾਂ ਦੇ ਝਾੜ ਵਿਚ ਵਾਧਾ ਕਰਨਾ  ਹੈ, ਉਥੇ ਇਸ ਨਾਲ ਨਰਮੇ ਅਤੇ ਝੋਨੇ ਉਪਰ ਪੈਦਾ ਹੋਣ ਜਾ ਰਹੀਆਂ ਅਨੇਕਾਂ ਬਿਮਾਰੀਆਂ ਤੋਂ  ਛੁਟਕਾਰਾ ਦਿਵਾਉਣ ਵਿਚ ਸਹਾਈ ਸਿੱਧ ਹੋਵੇਗਾ।

ਖੇਤੀਬਾੜੀ ਵਿਭਾਗ ਦੇ ਵਿਕਾਸ ਅਫ਼ਸਰ  ਡਾ. ਮਨੋਜ਼ ਕੁਮਾਰ ਦਾ ਕਹਿਣਾ ਹੈ ਕਿ ਇਸ ਵੇਲੇ ਮੀਂਹ ਦੀ ਨਰਮੇ ਅਤੇ ਝੋਨੇ ਦੀ ਫ਼ਸਲ ਸਮੇਤ  ਹੋਰ ਸਾਰੀਆਂ ਫ਼ਸਲਾਂ ਨੂੰ ਸਖ਼ਤ ਜ਼ਰੂਰਤ ਸੀ ਤੇ ਇਸ ਮੀਂਹ ਨਾਲ ਹੁਣ ਨਰਮੇ ਦੀ ਫ਼ਸਲ ਉਪਰ  ਚਿੱਟੀ ਮੱਖੀ ਤੇ ਹਰੇ ਤੇਲੇ ਦਾ ਬਿਲਕੁਲ ਛੁਟਕਾਰਾ ਹੋ ਜਾਵੇਗਾ, ਜਦੋਂਕਿ ਕਿਸਾਨਾਂ ਨੂੰ  ਕੀਟਨਾਸ਼ਕ ਦਵਾਈ ਛਿੜਕਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਇਹ ਵਰਖਾ ਬਰਾਨੀ  ਫ਼ਸਲਾਂ ਲਈ ਵੀ ਲਾਹੇਵੰਦ ਮੰਨੀ ਜਾਂਦੀ ਹੈ। ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ 15 ਸਤੰਬਰ  ਤੋਂ ਪਹਿਲਾਂ ਸਿੱਧਾ ਪਿਆ ਮੀਂਹ ਸਾਉਣੀ ਦੀਆਂ ਫ਼ਸਲਾਂ ਲਈ ਸ਼ੁਭ ਮੰਨਿਆ ਜਾਂਦਾ ਹੈ।

ਉਧਰ  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ ਦੇ ਵਿਗਿਆਨੀ ਡਾ.  ਗੁਰਜਿੰਦਰ ਸਿੰਘ ਰੋਮਾਣਾ ਦਾ ਕਹਿਣਾ ਹੈ ਕਿ ਵੈਸੇ ਤਾਂ ਇਹ ਮੀਂਹ ਰਿਪੋਰਟਾਂ ਅਨੁਸਾਰ  ਕਿਤੇ ਵੀ ਨੁਕਸਾਨਦਾਇਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਖੇਤਰ ਦੇ ਬਰਾਨੀ ਇਲਾਕੇ ’ਚ  ਜਿਹੜੀਆਂ ਫ਼ਸਲਾਂ ਦੇ ਮੀਂਹ ਵੰਨੀਓ ਘੁੰਢ ਮੁੜੇ ਪਏ ਸਨ, ਉਨ੍ਹਾਂ ਫ਼ਸਲਾਂ ਦੇ ਉਪਰ ਅੰਬਰੀ  ਪਾਣੀ ਡਿੱਗਣ ਨਾਲ ਅੱਜ ਰੌਣਕਾਂ ਚਮਕ ਰਹੀਆਂ ਸਨ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ  ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਦਾ ਕਹਿਣਾ ਹੈ ਕਿ ਪੁੱਤਰਾਂ ਵਾਂਗ ਨਰਮੇ ਤੇ ਝੋਨੇ ਦੀ ਫ਼ਸਲ ਨੂੰ ਹੁਣ ਤੱਕ ਮਸਾਂ ਪਾਲਿਆਂ ਸੀ, ਪਰ ਜਦੋਂ ਹੁਣ ਨਰਮੇ ਦੇ ਫੁੱਲ  ਫ਼ਲ ਚੁੱਕਿਆ ਸੀ ਤਾਂ ਹੁਣ ਬਾਰਸ਼ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। 

ਬਰਸਾਤ ਕਾਰਣ ਦੋ ਗਰੀਬ ਪਰਿਵਾਰਾਂ ਦੀਆਂ ਛੱਤਾਂ ਡਿੱਗੀਆਂ

ਮਕਾਨ ਦੀ ਡਿੱਗੀ ਛੱਤ ਦਿਖਾਉਂਦਾ ਹੋਇਆ ਸ਼ਰਮਾ ਸਿੰਘ।

ਜਲਾਲਾਬਾਦ  (ਚੰਦਰ ਪ੍ਰਕਾਸ਼ ਕਾਲੜਾ)  ਪਿੰਡ ਝੁੱਗੇ ਫੰਗੀਆਂ ਨਾਲ ਸਬੰਧਤ ਇਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਤੇਜ਼ ਬਰਸਾਤ ਪੈਣ ਕਾਰਨ ਡਿੱਗ ਪਈ। ਹਾਲਾਂਕਿ ਕਿਸਮਤ ਨਾਲ ਪਰਿਵਾਰ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਛੱਤ ਡਿੱਗਣ ਨਾਲ ਹੇਠਾਂ ਪਿਆ ਸਾਮਾਨ ਨੁਕਸਾਨਿਆ ਗਿਆ। ਜਾਣਕਾਰੀ ਦਿੰਦੇ ਹੋਏ ਸ਼ਰਮਾ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਝੁੱਗੇ ਫੰਗੀਆ ਨੇ ਦੱਸਿਆ ਕਿ ਉਹ ਆਪਣੀ ਪਤਨੀ ਤੇ ਤਿੰਨ ਬੱਚਿਆਂ ਸਮੇਤ ਇਸ ਮਕਾਨ ’ਚ ਰਹਿ ਰਿਹਾ ਹੈ। ਬੀਤੇ ਦਿਨੀ ਆਈ ਬਰਸਾਤ ਕਾਰਨ ਕਮਜ਼ੋਰ ਛੱਤ ਡਿੱਗ ਪਈ। ਹਾਲਾਂਕਿ ਇਸ ਸਮੇਂ ਪਰਿਵਾਰ ਦਾ ਕੋਈ ਵੀ ਮੈਂਬਰ ਹੇਠਾਂ ਮੌਜੂਦ ਨਹੀਂ ਸੀ। ਨਹੀਂ ਤਾਂ ਹੋਰ ਵੀ ਨੁਕਸਾਨ ਹੋਣਾ ਸੀ। ਉਸਨੇ ਦੱਸਿਆ ਕਿ ਉਹ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜਾਰਾ ਚਲਾਉਂਦਾ ਹੈ ਤੇ ਅਜਿਹੇ ਸਮੇਂ ’ਚ ਮਕਾਨ ਦੀ ਛੱਤ ਡਿੱਗਣ ਨਾਲ ਉਸ ਲਈ ਵੱਡੀ ਮੁਸੀਬਤ ਪੈਦਾ ਹੋ ਗਈ ਹੈ। ਉਸਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਉਸਨੂੰ ਮਕਾਨ ਦੀ ਛੱਤ ਪਾਉਣ ਲਈ ਮਾਲੀ ਸਹਾਇਤਾ ਦਿੱਤੀ ਜਾਵੇ।

 ਝੁਨੀਰ (ਨਿੱਜੀ ਪੱਤਰ ਪੇਰਕ) ਇਥੋਂ ਥੋੜ੍ਹੀ ਦੁੂਰ ਪੈਂਦੇ ਪਿੰਡ ਸਾਹਨੇਵਾਲੀ ਵਿੱਚ ਪਿਛਲੇ 2 ਦਿਨ ਤੋਂ ਲਗਾਤਾਰ ਪੈ ਰਹੀ ਬਰਸਾਤ ਕਾਰਨ ਮਜ਼ਦੂਰ ਭੂਰਾ ਸਿੰਘ ਪੁੱਤਰ ਸਿਉਣ ਸਿੰਘ ਵਾਸੀ ਸਾਹਨੇਵਾਲ ਦੇ ਮਕਾਨ ਦੀ ਛੱਤ ਡਿੱਗ ਪਈ। ਭੂਰਾ ਸਿੰਘ ਨੇ ਦੱਸਿਆ  ਕਿ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਛੱਤ ਡਿੱਗਣ ਕਾਰਨ  ਘਰ ਵਿੱਚ ਪਿਆ ਸਾਰਾ ਘਰੇਲੂ ਸਾਮਾਨ ਟੁੱਟ ਗਿਆ। ਮਕਾਨ ਦੀ ਛੱਤ ਪੂਰੀ ਤਰ੍ਹਾਂ ਢਹਿ ਗਈ ਹੈ। ਮੌਕੇ ’ਤੇ ਕੋਈ ਵੀ ਪਰਿਵਾਰਕ ਮੈਂਬਰ ਕਮਰੇ ਅੰਦਰ ਨਾ ਹੋਣ ਕਾਰਨ ਜਾਨੀ ਨੁਕਸਾਨ ਹੋਣੋਂ ਬਚ ਗਿਆ। ਭੂਰਾ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਮਦਦ ਨਾਲ ਘਰ ਦਾ ਸਾਰਾ ਸਾਮਾਨ ਧਰਮਸ਼ਾਲਾ ’ਚ ਰੱਖਿਆ ਹੈ।  

Advertisement
Tags :
ਝੜਿਆਨਰਮੇਭਾਦੋਂ