ਅਫ਼ਸਰਾਂ ਦੀ ਇਕੋ ਥਾਂ ਲੰਬਾ ਸਮਾਂ ਤਾਇਨਾਤੀ ਕਾਰਨ ਭ੍ਰਿਸ਼ਟਾਚਾਰ ਫੈਲਦੈ: ਸੰਸਦੀ ਕਮੇਟੀ
ਸੰਸਦੀ ਕਮੇਟੀ ਨੇ ਸਰਕਾਰ ਨੂੰ ਕਿਹਾ ਹੈ ਕਿ ਅਧਿਕਾਰੀਆਂ ਦੇ ਲੰਬੇ ਸਮੇਂ ਤੱਕ ਇਕੋ ਹੀ ਥਾਂ ’ਤੇ ਤਾਇਨਾਤ ਰਹਿਣ ਕਾਰਨ ਭ੍ਰਿਸ਼ਟਾਚਾਰ ਫੈਲਦਾ ਹੈ ਅਤੇ ਇਹ ਯਕੀਨੀ ਬਣਾਉਣ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਕਿ ਉਹ ਕਿਸੇ ਵੀ ਮੰਤਰਾਲੇ ’ਚ ਤੈਅ ਸਮਾਂ-ਸੀਮਾ ਬਾਅਦ ਉਥੇ ਤਾਇਨਾਤ ਨਾ ਰਹਿਣ। ਪਰਸੋਨਲ, ਜਨ ਸ਼ਿਕਾਇਤ, ਕਾਨੂੰਨ ਅਤੇ ਨਿਆਂ ਬਾਰੇ ਸੰਸਦੀ ਸਟੈਂਡਿੰਗ ਕਮੇਟੀ ਨੇ ਆਪਣੀ 145ਵੀਂ ਰਿਪੋਰਟ ’ਚ ਕਿਹਾ ਹੈ ਕਿ ਸਾਰੇ ਅਧਿਕਾਰੀਆਂ ਲਈ ਵਾਰੋ-ਵਾਰੀ ਬਦਲੀਆਂ ਸਬੰਧੀ ਨੀਤੀ ਰਹੀ ਹੈ ਪਰ ਇਸ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਪਰਸੋਨਲ ਅਤੇ ਸਿਖਲਾਈ ਵਿਭਾਗ ਨਾਲ ਸਬੰਧਤ ਗ੍ਰਾਂਟਾਂ ਦੀਆਂ ਮੰਗਾਂ ਲਈ 27 ਮਾਰਚ ਨੂੰ ਇਹ ਰਿਪੋਰਟ ਸੰਸਦ ’ਚ ਪੇਸ਼ ਕੀਤੀ ਗਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅਜਿਹੇ ਅਧਿਕਾਰੀ ਵੀ ਹਨ ਜੋ ਸੰਭਾਵੀ ਤੌਰ ’ਤੇ ਪਸੰਦੀਦਾ ਮੰਤਰਾਲਿਆਂ ਜਾਂ ਥਾਵਾਂ ’ਤੇ 8-9 ਸਾਲਾਂ ਤੋਂ ਤਾਇਨਾਤ ਹਨ ਜਦਕਿ ਅਦਾਰਿਆਂ ਦੇ ਮੁਖੀਆਂ ਨੂੰ ਚਾਰ-ਪੰਜ ਵਾਰ ਬਦਲਿਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਰੁਝਾਨ ਦਾ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅਜਿਹੀਆਂ ਮਿਸਾਲਾਂ ਵੀ ਸਾਹਮਣੇ ਆਈਆਂ ਹਨ ਜਿਥੇ ਅਧਿਕਾਰੀਆਂ ਨੇ ਆਪਣੀ ਤਾਇਨਾਤੀ ਲਈ ਅਜਿਹੀ ਚੁਸਤੀ ਦਿਖਾਈ ਕਿ ਉਨ੍ਹਾਂ ਦਾ ਪੂਰਾ ਕਾਰਜਕਾਲ ਇਕੋ ਹੀ ਮੰਤਰਾਲੇ ’ਚ ਰਿਹਾ। ਕਮੇਟੀ ਵੱਲੋਂ ਕੇਂਦਰੀ ਸਕੱਤਰੇਤ ਸੇਵਾਵਾਂ ਅਤੇ ਕੇਂਦਰੀ ਸਕੱਤਰੇਤ ਸਟੈਨੋਗ੍ਰਾਫਰਜ਼ ਸੇਵਾਵਾਂ ਦੇ ਕੰਮਕਾਜ ਦੀ ਨਜ਼ਰਸਾਨੀ ਕਰਨ ਮਗਰੋਂ ਇਹ ਖਾਮੀਆਂ ਮਿਲੀਆਂ। -ਪੀਟੀਆਈ