ਕੇਂਦਰੀ ਸਰਕਾਰੀ ਹਸਪਤਾਲਾਂ ’ਚ ਭ੍ਰਿਸ਼ਟਾਚਾਰ ਦਾ ਬੋਲਬਾਲਾ: ‘ਆਪ’
ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਦਸੰਬਰ
‘ਆਪ’ ਵਿਧਾਇਕ ਦਿਲੀਪ ਪਾਂਡੇ ਨੇ ਅੱਜ ਦਾਅਵਾ ਕੀਤਾ ਕਿ ਦਿੱਲੀ ਸਥਿਤ ਕੇਂਦਰ ਸਰਕਾਰ ਦੇ ਅਧੀਨ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਪੈਸੇ ਦੇ ਕੇ ਬੈੱਡ ਉਪਲਬਧ ਕਰਵਾਏ ਜਾ ਰਹੇ ਹਨ। ਜੇਕਰ ਮਰੀਜ਼ ਦਲਾਲਾਂ ਨੂੰ ਪੈਸੇ ਨਹੀਂ ਦਿੰਦਾ ਤਾਂ ਹਸਪਤਾਲ ਪ੍ਰਬੰਧਕ ਵੱਲੋਂ ਉਸ ਨੂੰ ਬੈੱਡ ਨਹੀਂ ਦਿੱਤਾ ਜਾਂਦਾ।
ਵਿਧਾਇਕ ਦਲੀਪ ਪਾਂਡੇ ਨੇ ਅੱਜ ਪਾਰਟੀ ਹੈੱਡਕੁਆਰਟਰ ’ਚ ਪ੍ਰੈੱਸ ਕਾਨਫਰੰਸ ਮੌਕੇ ਉਕਤ ਦੋਸ਼ ਲਾਇਆ ਅਤੇ ਮੀਡੀਆ ਦੀਆਂ ਕੁਝ ਖ਼ਬਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਅਧੀਨ ਹਸਪਤਾਲਾਂ ਵਿੱਚ ਭ੍ਰਿਸ਼ਟਾਚਾਰ ਆਪਣੇ ਸਿਖਰ ’ਤੇ ਹੈ। ਉਨ੍ਹਾਂ ਭਾਜਪਾ ਨੂੰ ਸਵਾਲ ਕੀਤਾ, ‘‘ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਸਿਹਤ ਮੰਤਰੀ ਇਨ੍ਹਾਂ ਹਸਪਤਾਲਾਂ ਵਿਚ ਫੈਲੇ ਭ੍ਰਿਸ਼ਟਾਚਾਰ ’ਤੇ ਚੁੱਪ ਕਿਉਂ ਹਨ ਅਤੇ ਦਲਾਲਾਂ ’ਤੇ ਲਗਾਮ ਕੱਸਣ ਲਈ ਕੀ ਕਾਰਵਾਈ ਕੀਤੀ ਜਾ ਰਹੀ ਹੈ?’’ ਮੀਡੀਆ ਰਿਪੋਰਟਾਂ ਦਾ ਹਵਾਲੇ ਨਾਲ ਪਾਂਡੇ ਨੇ ਕਿਹਾ, ‘‘ਸਫ਼ਦਰਜੰਗ ਹਸਪਤਾਲ ਵਿੱਚ ‘ਬੈੱਡ ਨਹੀਂ ਹਨ’ ਇਹ ਕਹਿ ਕੇ ਮਰੀਜ਼ਾਂ ਨੂੰ ਮੋੜ ਦਿੱਤਾ ਜਾਂਦਾ ਹੈ। ਹਸਪਤਾਲ ਮੈਨੇਜਮੈਂਟ ਅਤੇ ਦਲਾਲਾਂ ਦੀ ਅਜਿਹੀ ਕਥਿਤ ਮਿਲੀਭੁਗਤ ਹੈ ਕਿ ਹਜ਼ਾਰਾਂ ਰੁਪਏ ਖਰਚਣ ’ਤੇ ਆਸਾਨੀ ਨਾਲ ਬਿਸਤਰੇ ਮਿਲ ਜਾਣਗੇ ਪਰ ਦਲਾਲਾਂ ਨੂੰ ਪੈਸੇ ਦਿੱਤੇ ਬਿਨਾਂ ਇਹ ਕੰਮ ਨਹੀ ਹੁੰਦਾ।’’ ਵਿਧਾਇਕ ਨੇ ਕਿਹਾ ਕਿ ਸਫ਼ਦਰਜੰਗ ਹਸਪਤਾਲ ਕੇਂਦਰੀ ਸਿਹਤ ਮੰਤਰੀ ਦੇ ਅਧੀਨ ਆਉਂਦਾ ਹੈ। ਕੇਂਦਰੀ ਸਿਹਤ ਮੰਤਰੀ ਦੀ ਨੱਕ ਹੇਠ ਸਫ਼ਦਰਜੰਗ ਹਸਪਤਾਲ ਵਿੱਚ ਕਥਿਤ ਦਲਾਲੀ ਵਧ ਰਹੀ ਹੈ। ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਸਿਹਤ ਮੰਤਰੀ ਨੂੰ ਦਿੱਲੀ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਦਲਾਲਾਂ ਦੁਆਰਾ ਬਿਸਤਰੇ ਦੇ ਪ੍ਰਬੰਧ ਬਾਰੇ ਮੀਡੀਆ ਰਿਪੋਰਟਾਂ ਪੜ੍ਹ ਕੇ ਉਹ ਪ੍ਰੇਸ਼ਾਨ ਹੋਏ ਜਾਂ ਨਹੀਂ। ਦੋ ਦਿਨ ਪਹਿਲਾਂ ਦੀ ਇੱਕ ਘਟਨਾ ਦਾ ਜ਼ਿਕਰ ਕਰਦੇ ਹੋਏ ਦਿਲੀਪ ਪਾਂਡੇ ਨੇ ਕਿਹਾ ਕਿ ਇੱਕ ਲੜਕੀ ਏਮਜ਼ ਅਤੇ ਸਫਦਰਜੰਗ ਹਸਪਤਾਲ ਵਿੱਚ ਧੱਕੇ ਖਾਂਦੀ ਰਹੀ ਪਰ ਉਸ ਨੂੰ ਬੈੱਡ ਨਹੀਂ ਮਿਲਿਆ। ਉਸ ਬੱਚੀ ਦਾ ਇਲਾਜ ਦਿੱਲੀ ਸਰਕਾਰ ਦੇ ਕੈਂਸਰ ਇੰਸਟੀਚਿਊਟ ਵਿੱਚ ਹੋਇਆ ਸੀ। ਕੈਂਸਰ ਇੰਸਟੀਚਿਊਟ ਵੱਲੋਂ ਰੈਫਰ ਕੀਤੇ ਜਾਣ ’ਤੇ ਲੜਕੀ ਦੇ ਪਰਿਵਾਰ ਵਾਲੇ ਉਸ ਨੂੰ ਏਮਜ਼ ਅਤੇ ਸਫਦਰਜੰਗ ਹਸਪਤਾਲ ਲੈ ਗਏ ਪਰ ਕਿਤੇ ਵੀ ਇਲਾਜ ਨਹੀਂ ਹੋਇਆ।
ਕੈਂਸਰ ਮਰੀਜ਼ ਨੂੰ ਬਿਸਤਰਾ ਨਾ ਮਿਲਣ ਦੇ ਮਾਮਲੇ ਦੀ ਜਾਂਚ ਦੇ ਹੁਕਮ
ਨਵੀਂ ਦਿੱਲੀ: ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ 14 ਸਾਲਾਂ ਦੀ ਕੈਂਸਰ ਦੀ ਮਰੀਜ਼ ਲੜਕੀ ਨੂੰ ਦਿੱਲੀ ਦੇ ਤਿੰਨ ਵੱਡੇ ਹਸਪਤਾਲਾਂ ਵਿੱਚ ਬਿਸਤਰਾ ਨਾ ਮਿਲਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਇਸ ਬਾਬਤ ਦਿੱਲੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਤੋਂ ਵੀ ਜਵਾਬਤਲਬੀ ਕੀਤੀ ਹੈ। ਸੂਤਰਾਂ ਮੁਤਾਬਕ ਸੌਰਭ ਭਾਰਦਵਾਜ ਨੇ ਸਵਾਲ ਕੀਤਾ, ‘‘14 ਸਾਲ ਦੇ ਕੈਂਸਰ ਦੇ ਮਰੀਜ਼ ਨੂੰ ਇਲਾਜ ਤੋਂ ਇਨਕਾਰ ਕਿਉਂ ਕੀਤਾ ਗਿਆ?’’ ਭਾਰਦਵਾਜ ਨੇ 14 ਸਾਲਾ ਲੜਕੀ ਦੀ ਮੌਤ ਦਾ ਨੋਟਿਸ ਲਿਆ ਹੈ ਅਤੇ ਮੁੱਖ ਸਕੱਤਰ ਨਰੇਸ਼ ਕੁਮਾਰ ਨੂੰ ਚਾਰ ਹਫ਼ਤਿਆਂ ਅੰਦਰ ਜਵਾਬ ਦੇਣ ਲਈ ਕਿਹਾ ਹੈ। ਨਰੇਸ਼ ਕੁਮਾਰ ਗਵਰਨਿੰਗ ਕੌਂਸਲ ਦੇ ਮੁਖੀ ਹਨ ਜੋ ਦਿੱਲੀ ਸਟੇਟ ਕੈਂਸਰ ਇੰਸਟੀਚਿਊਟ (ਡੀਐੱਸਸੀਆਈ) ਦਾ ਪ੍ਰਬੰਧਨ ਕਰਦੀ ਹੈ। ਦਿੱਲੀ ਦਾ ਇੱਕ ਕੈਂਸਰ ਹਸਪਤਾਲ ਦੇ ਪ੍ਰਬੰਧ ਵੀ ਇਹ ਸੰਸਥਾ ਦੇਖਦੀ ਹੈ।