For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਨਿਗਮ ਵਿੱਚ ਹਮੇਸ਼ਾ ਦੀ ਤਰ੍ਹਾਂ ਭ੍ਰਿਸ਼ਟਾਚਾਰ ਦਾ ਬੋਲਬਾਲਾ: ‘ਆਪ’

06:57 PM Jun 29, 2023 IST
ਚੰਡੀਗੜ੍ਹ ਨਿਗਮ ਵਿੱਚ ਹਮੇਸ਼ਾ ਦੀ ਤਰ੍ਹਾਂ ਭ੍ਰਿਸ਼ਟਾਚਾਰ ਦਾ ਬੋਲਬਾਲਾ  ‘ਆਪ’
Advertisement

ਮੁਕੇਸ਼ ਕੁਮਾਰ

Advertisement

ਚੰਡੀਗੜ੍ਹ, 28 ਜੂਨ

ਆਮ ਆਦਮੀ ਪਾਰਟੀ ਨੇ ਭਾਜਪਾ ਅਤੇ ਕਾਂਗਰਸੀ ਕੌਂਸਲਰਾਂ ਦੇ ਗੋਆ ਸਟੱਡੀ ਟੂਰ ਨੂੰ ਕਰਦਾਤਾਵਾਂ ਦੇ ਪੈਸੇ ਦੀ ਬਰਬਾਦੀ ਕਰਾਰ ਦਿੰਦਿਆਂ ਕਿਹਾ ਕਿ ਇਹ ਭ੍ਰਿਸ਼ਟਾਚਾਰ ਅਤੇ ਲੌਬਿੰਗ ਦੌਰੇ ਵਾਂਗ ਹੈ, ਜਿਸ ਵਿੱਚ ਭਾਜਪਾ ਡੱਡੂਮਾਜਰਾ ਡੰਪਿੰਗ ਗਰਾਊਂਡ ਦਾ ਠੇਕਾ ਦੇਣ ਲਈ ਕਾਂਗਰਸ ਕੌਂਸਲਰਾਂ ਦੀ ਹਮਾਇਤ ਹਾਸਲ ਕਰਨ ਵਾਸਤੇ ਉਨ੍ਹਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇੱਥੇ ਪਾਰਟੀ ਦਫ਼ਤਰ ਵਿੱਚ ਅੱਜ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਚੰਡੀਗੜ੍ਹ ਨਿਗਮ ਵਿੱਚ ਹਮੇਸ਼ਾ ਦੀ ਤਰ੍ਹਾਂ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਭਾਜਪਾ-ਕਾਂਗਰਸ ਦੇ ਕੌਂਸਲਰ, ਸੰਸਦ ਮੈਂਬਰ ਕਿਰਨ ਖੇਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ, ਸਾਰੇ ਇਸ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਡੱਡੂਮਾਜਰਾ ਡੰਪਿੰਗ ਗਰਾਊਂਡ ਸੁੰਦਰ ਸ਼ਹਿਰ ਚੰਡੀਗੜ੍ਹ ਲਈ ਪਿਛਲੇ ਲੰਬੇ ਸਮੇਂ ਤੋਂ ਇੱਕ ਵੱਡਾ ਮੁੱਦਾ ਹੈ।

ਉਨ੍ਹਾਂ ਕਿਹਾ ਕਿ 17 ਸਾਲਾਂ ਤੋਂ ਇਸ ਡੰਪਿੰਗ ਗਰਾਊਂਡ ਨੂੰ ਸਾਫ ਕਰਨ ਦੇ ਨਾਂ ‘ਤੇ ਕਾਂਗਰਸ ਅਤੇ ਭਾਜਪਾ ਨੇ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਹੈ। ਲੋਕਾਂ ਦੇ ਪੈਸੇ ਨੂੰ ਲੁੱਟਣ ਲਈ ਕਈ ਵਾਰ ਠੇਕੇ ਦਿੱਤੇ ਗਏ, ਪਰ ਹਮੇਸ਼ਾ ਆਪਣੀਆਂ ਚਹੇਤਿਆਂ ਕੰਪਨੀਆਂ ਨੂੰ ਦਿੱਤੇ ਗਏ। ਕੰਗ ਨੇ ਕਿਹਾ ਕਿ ਠੇਕੇ ਨਿਗਮ ਦੇ ਹਾਊਸ ਵਿੱਚ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਹੁਣ ਇਹ ਗੋਆ ਸਟੱਡੀ ਟੂਰ ਕਰਦਾਤਾਵਾਂ ਦੇ ਪੈਸੇ ਨੂੰ ਲੁੱਟਣ ਦਾ ਇਕ ਹੋਰ ਤਰੀਕਾ ਹੈ।

‘ਆਪ’ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਇਸ ਦੌਰੇ ‘ਤੇ ਭਾਜਪਾ ਅਤੇ ਕਾਂਗਰਸ ਦੇ ਕੌਂਸਲਰ, ਭਾਜਪਾ-ਕਾਂਗਰਸ ਦੇ ਸਮਰਥਕ ਅਤੇ ਨੌਂ ਅਧਿਕਾਰੀ ਗਏ ਹਨ। ਉਨ੍ਹਾਂ ਸਵਾਲ ਕੀਤਾ ਕਿ ਨੌਂ ਅਫਸਰਾਂ ਨੂੰ ਅਜਿਹੇ ਦੌਰੇ ‘ਤੇ ਕਿਉਂ ਭੇਜਿਆ ਜਦਕਿ ਡੱਡੂਮਾਜਰਾ ਦੇ ਕਿਸੇ ਵੀ ਵਿਅਕਤੀ ਨੂੰ ਇਸ ਦੌਰੇ ‘ਚ ਸ਼ਾਮਲ ਕਿਉਂ ਨਹੀਂ ਕੀਤਾ ਗਿਆ ਜੋ ਕਿ ਇੱਥੇ ਸਭ ਤੋਂ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।

‘ਆਪ’ ਆਗੂ ਤੇ ਨਗਰ ਨਿਗਮ ਵਿੱਚ ਵਿਰੋਧੀ ਧਿਰ ਦੇ ਨੇਤਾ ਦਮਨਪ੍ਰੀਤ ਨੇ ਕਿਹਾ ਕਿ ਇਸ ਦੌਰੇ ਵਿੱਚ ਭਾਜਪਾ ਅਤੇ ਕਾਂਗਰਸ ਦੇ ਕੌਂਸਲਰਾਂ ਨਾਲ ਉਨ੍ਹਾਂ ਦੇ ਜੀਵਨ ਸਾਥੀ ਵੀ ਗਏ ਹਨ। ਡੱਡੂਮਾਜਰਾ ਡੰਪਿੰਗ ਗਰਾਊਂਡ, ਆਸ-ਪਾਸ ਰਹਿਣ ਵਾਲੇ ਲੋਕਾਂ ਵਿੱਚ ਕੈਂਸਰ ਸਮੇਤ ਕਈ ਬਿਮਾਰੀਆਂ ਦਾ ਕਾਰਨ ਬਣਿਆ ਹੋਇਆ ਹੈ। ਦਮਨਪ੍ਰੀਤ ਨੇ ਕਿਹਾ ਕਿ ਇਸ ਮੁੱਦੇ ਨੂੰ ਹੱਲ ਕਰਨ ਲਈ ਪਹਿਲਾਂ ਕੋਈ ਪਹਿਲਕਦਮੀ ਕਿਉਂ ਨਹੀਂ ਕੀਤੀ ਗਈ। ਉਹ ਅਜਿਹੇ ਬੇਕਾਰ ਦੌਰਿਆਂ ਰਾਹੀਂ ਜਨਤਾ ਦੇ ਪੈਸੇ ਦੀ ਬਰਬਾਦੀ ਦੀ ਨਿੰਦਾ ਕਰਦੇ ਹਨ। ਇਸ ਤਰ੍ਹਾਂ ਡੱਡੂਮਾਜਰਾ ਦੇ ਨੁਮਾਇੰਦੇ ਕੌਂਸਲਰ ਕੁਲਦੀਪ ਸਿੰਘ ਟੀਟਾ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਡੱਡੂਮਾਜਰਾ ਦੇ ਰਿਹਾਇਸ਼ੀ ਖੇਤਰ ਵਿੱਚ ਕੂੜਾ ਪ੍ਰੋਸੈਸਿੰਗ ਪਲਾਂਟ ਨਾ ਲਗਾਉਣ ਦੀ ਬੇਨਤੀ ਕੀਤੀ ਸੀ ਪਰ ਉਨ੍ਹਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਇਸ ਮੌਕੇ ਕੌਂਸਲਰ ਅੰਜੂ ਕਤਿਆਲ, ਪ੍ਰੇਮ ਲਤਾ, ਨੇਹਾ, ਜਸਵਿੰਦਰ ਕੌਰ, ਯੋਗੇਸ਼ ਢੀਂਗਰਾ, ਸੁਮਨ, ਰਾਮ ਚੰਦਰ ਯਾਦਵ ਅਤੇ ਲਖਬੀਰ ਸਿੰਘ ਹਾਜ਼ਰ ਸਨ।

Advertisement
Tags :
Advertisement
Advertisement
×