ਭ੍ਰਿਸ਼ਟਾਚਾਰ: ਜਨਤਕ ਜਥੇਬੰਦੀਆਂ ਦੀ ਮੀਟਿੰਗ ਅੱਜ
ਬੀਰਬਲ ਰਿਸ਼ੀ
ਸ਼ੇਰਪੁਰ, 29 ਨਵੰਬਰ
ਸਬ-ਤਹਿਸੀਲ ਅੰਦਰਲੇ ਵਕੀਲਾਂ ਤੇ ਅਰਜ਼ੀ ਨਵੀਸਾਂ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਭੇਜੀ ਸ਼ਿਕਾਇਤ ਵਿੱਚ ਸਬ-ਤਹਿਸੀਲ ਸ਼ੇਰਪੁਰ ਅੰਦਰ ਕਥਿਤ ਤੌਰ ’ਤੇ ਚਲਦੀ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਦਾ ਚੁੱਕਿਆ ਮਾਮਲਾ ਹੁਣ ਜਨਤਕ ਜਥੇਬੰਦੀਆਂ ਦੀ 30 ਨਵੰਬਰ ਨੂੰ ਗੁਰਦੁਆਰਾ ਅਕਾਲ ਪ੍ਰਕਾਸ਼ ਸ਼ੇਰਪੁਰ ਵਿੱਚ ਸੱਦੀ ਮੀਟਿੰਗ ਮਗਰੋਂ ਭਖ਼ਣ ਦੇ ਆਸਾਰ ਹਨ। ਕਸਬੇ ਦੇ ਸਰਕਾਰੀ ਦਫ਼ਤਰਾਂ ਵਿੱਚ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਵਿਰੁੱਧ ਕਈ ਤਿੱਖੇ ਜਨਤਕ ਸੰਘਰਸ਼ਾਂ ਨੂੰ ਅੰਜਾਮ ਦੇਣ ਵਾਲੇ ਮਰਹੂਮ ਕਾਮਰੇਡ ਸੁਖਦੇਵ ਬੜੀ ਦੀ ਅਗਵਾਈ ਹੇਠ ਗਠਿਤ ਕਮੇਟੀ ਨੂੰ ਉਨ੍ਹਾਂ ਮਗਰੋਂ ਚਲਾਉਂਦੇ ਆ ਰਹੇ ਉਨ੍ਹਾਂ ਦੇ ਪੁੱਤਰ ਤੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਜਸਮੇਲ ਬੜੀ ਅਤੇ ਸਿੱਖ ਬੁੱਧੀਜੀਵੀ ਮੰਚ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ 30 ਨਵੰਬਰ ਨੂੰ ਸੱਦੀ ਮੀਟਿੰਗ ਦਾ ਖੁਲਾਸਾ ਕੀਤਾ। ਆਗੂਆਂ ਅਨੁਸਾਰ ਸਬ-ਤਹਿਸੀਲ ਦੇ ਅੰਦਰ ਕੰਮ ਕਰਦੇ ਵਕੀਲਾਂ ਤੇ ਅਰਜੀ ਨਵੀਸਾਂ ਵੱਲੋਂ ਅਜਿਹਾ ਮਾਮਲਾ ਉਠਾਉਣਾ ਕਾਫੀ ਗੰਭੀਰ ਮੁੱਦਾ ਹੈ ਜਿਸ ਕਰਕੇ ਇਸ ਮਾਮਲੇ ’ਤੇ ਪਾਰਟੀਬਾਜ਼ੀਆਂ ਤੋਂ ਉੱਪਰ ਉਠਕੇ ਸਿਰ ਜੋੜਕੇ ਸੋਚਣ ਦੀ ਲੋੜ ਹੈ। ਉਨ੍ਹਾਂ ਸਮੂਹ ਇਨਸਾਫ਼ਪਸੰਦ ਜਥੇਬੰਦੀਆਂ ਨੂੰ ਸਵੇਰੇ ਸਾਢੇ ਦਸ ਵਜੇ ਇਸ ਮੀਟਿੰਗ ਵਿੱਚ ਪਹੁੰਚਣ ਦੀ ਅਪੀਲ ਕੀਤੀ। ਯਾਦ ਰਹੇ ਕਿ ਇਸ ਮਾਮਲੇ ’ਤੇ ਐੱਸਡੀਐੱਮ ਧੂਰੀ ਵਿਕਾਸ ਹੀਰਾ ਨੇ ਸ਼ਿਕਾਇਤਕਰਤਾ ਵਕੀਲਾਂ ਤੇ ਅਰਜ਼ੀ ਨਵੀਸਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਕਾਰਵਾਈ ਦਾ ਭਰੋਸਾ ਦਿੱਤਾ ਸੀ।