ਸ਼ੇਖ ਹਸੀਨਾ ਖ਼ਿਲਾਫ਼ ਭ੍ਰਿਸ਼ਟਾਚਾਰ ਮਾਮਲੇ ਦੀ ਜਾਂਚ ਸ਼ੁਰੂ
ਢਾਕਾ, 9 ਅਪਰੈਲ
ਬੰਗਲਾਦੇਸ਼ ਦੀ ਭ੍ਰਿਸ਼ਟਾਚਾਰ ਰੋਕੂ ਏਜੰਸੀ ਨੇ ਅੱਜ ਕਿਹਾ ਕਿ ਉਸ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਉਨ੍ਹਾਂ ਦੀ ਛੋਟੀ ਭੈਣ ਸ਼ੇਖ ਰੇਹਾਨਾ ਤੇ ਇੱਕ ਸਾਬਕਾ ਅਧਿਕਾਰੀ ਵੱਲੋਂ ‘ਮੁਜੀਬ ਸ਼ਤਾਬਦੀ’ ਸਮਾਗਮ ਲਈ ਚਾਰ ਹਜ਼ਾਰ ਕਰੋੜ ਰੁਪਏ ਟਕੇ ਦੀ ਕਥਿਤ ਦੁਰਵਰਤੋਂ ਸਬੰਧੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਦੇ ਡਾਇਰੈਕਟਰ ਜਨਰਲ ਅਖ਼ਤਰ ਹੁਸੈਨ ਨੇ ਦੱਸਿਆ, ‘ਕਮਿਸ਼ਨ ਨੇ ਜਾਂਚ ਲਈ ਸੱਤ ਮੈਂਬਰੀ ਕਮੇਟੀ ਬਣਾਈ ਹੈ।’ ਉਨ੍ਹਾਂ ਕਿਹਾ ਕਿ ਜਾਂਚ ਚੱਲ ਰਹੀ ਹੈ ਅਤੇ ਟੀਮ ਵੱਖ ਵੱਖ ਸੰਗਠਨਾਂ ਤੋਂ ਜਾਣਕਾਰੀ ਇਕੱਠੀ ਕਰ ਰਹੀ ਹੈ। ਸਾਲ 2020 ’ਚ ਬੰਗਲਾਦੇਸ਼ ਨੇ ਸਾਲ ਭਰ ਚੱਲਣ ਵਾਲਾ ਜਸ਼ਨ ਮਨਾਇਆ ਸੀ ਜੋ ਦੇਸ਼ ਦੇ ਬਾਨੀ ਆਗੂ ਤੇ ਹਸੀਨਾ ਦੇ ਪਿਤਾ ਸ਼ੇਖ ਮੁਜੀਬੁਰ ਰਹਿਮਾਨ ਦੀ 100ਵੀਂ ਜੈਅੰਤੀ ਨੂੰ ਸਮਰਪਿਤ ਸੀ। ਉਸ ਸਮੇਂ ਹਸੀਨਾ ਦੀ ਅਗਵਾਈ ਹੇਠਲੀ ਅਵਾਮੀ ਲੀਗ ਪਾਰਟੀ ਸੱਤਾ ’ਚ ਸੀ। ਕਮਿਸ਼ਨ ਨੇ ਦੋਸ਼ ਲਾਇਆ ਹਸੀਨਾ ਦੀ ਅਗਵਾਈ ਹੇਠਲੀ ਸਰਕਾਰ ਨੇ ਕੌਮੀ ਖਜ਼ਾਨੇ ਵਿੱਚੋਂ ਚਾਰ ਹਜ਼ਾਰ ਕਰੋੜ ਟਕੇ ਖਰਚ ਕੀਤੇ ਸਨ। -ਪੀਟੀਆਈ