ਰੇਹੜੀ-ਫੜ੍ਹੀ ਵਾਲਿਆਂ ਤੋਂ ਕਿਰਾਇਆ ਵਸੂਲੇਗਾ ਨਿਗਮ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਸਤੰਬਰ
ਆਰਥਿਕ ਸੰਕਟ ਨਾਲ ਜੂਝ ਰਹੀ ਲੁਧਿਆਣਾ ਨਗਰ ਨਿਗਮ ਨੇ ਆਮਦਨ ਦੇ ਨਵੇਂ ਰਾਹ ਲੱਭਣੇ ਸ਼ੁਰੂ ਕਰ ਦਿੱਤੇ ਹਨ। ਨਿਗਮ ਕਮਿਸ਼ਨਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਨਵ-ਨਿਯੁਕਤ ਕਮਿਸ਼ਨਰ ਅਦਿੱਤਿਆ ਡੇਚਵਾਲ ਨੇ ਹੁਣ 95 ਵਾਰਡਾਂ ਵਿੱਚ ਮੌਜੂਦ ਰੇਹੜੀ-ਫੜ੍ਹੀ ਵਾਲਿਆਂ ਤੋਂ ਹਰ ਮਹੀਨੇ ਨਿਰਧਾਰਿਤ ਕੰਪੋਜ਼ੀਸ਼ਨ ਫੀਸ ਵਸੂਲਣ ਦੇ ਹੁਕਮ ਦਿੱਤੇ ਹਨ। ਨਗਰ ਨਿਗਮ ਨੇ ਪਹਿਲਾਂ ਸਰਬਸੰਮਤੀ ਨਾਲ ਬਿਨਾਂ ਛੱਤਾਂ ਵਾਲੇ ਰੇਹੜੀ ਫੜ੍ਹੀ ਵਾਲਿਆਂ ਤੋਂ 1500 ਰੁਪਏ ਅਤੇ ਛੱਤਾਂ ਵਾਲੇ ਰੇਹੜੀਆਂ ਤੋਂ 2500 ਰੁਪਏ ਵਸੂਲਣ ਦੇ ਹੁਕਮ ਦਿੱਤੇ ਹਨ। ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਅੱਜ ਜ਼ੋਨ-ਡੀ ਦਫ਼ਤਰ ਵਿੱਚ ਤਹਿਬਾਜ਼ਾਰੀ ਸ਼ਾਖਾ ਦੇ ਅਧਿਕਾਰੀਆਂ ਅਤੇ ਸੁਪਰਡੈਂਟ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ 95 ਵਾਰਡਾਂ ਵਿੱਚ ਮੌਜੂਦ ਰੇਹੜੀ ਫੜੀ ਵਿਕਰੇਤਾਵਾਂ ਬਾਰੇ ਜਾਣਕਾਰੀ ਮੰਗੀ, ਅਧਿਕਾਰੀਆਂ ਨੇ ਉਨ੍ਹਾਂ ਦੀ ਗਿਣਤੀ ਲਗਪਗ 20,000 ਤੋਂ ਵੱਧ ਦੱਸੀ ਹੈ। ਇਸ ਅਨੁਸਾਰ ਉਹ ਪ੍ਰਤੀ ਮਹੀਨਾ ਲਗਪਗ 4 ਕਰੋੜ ਰੁਪਏ, ਜਦਕਿ ਪ੍ਰਤੀ ਸਾਲ 48 ਕਰੋੜ ਰੁਪਏ ਦੀ ਵਸੂਲੀ ਕਰਨਗੇ। ਅਧਿਕਾਰੀਆਂ ਨੇ ਕਮਿਸ਼ਨਰ ਨੂੰ ਦੱਸਿਆ ਕਿ ਨਗਰ ਨਿਗਮ ਇਸ ਵੇਲੇ ਕੁਝ ਹੀ ਰੇਹੜੀ ਵਾਲਿਆ ਤੋਂ ਨਿਰਧਾਰਤ ਫੀਸ ਦੀ ਵਸੂਲੀ ਕਰ ਰਿਹਾ ਹੈ। ਕਮਿਸ਼ਨਰ ਨੇ ਸਾਰੇ ਸਟਰੀਟ ਵੈਂਡਰਾਂ ਤੋਂ ਫੀਸ ਨਾ ਵਸੂਲਣ ’ਤੇ ਨਿਰਾਸ਼ਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਕੰਪੋਜ਼ੀਸ਼ਨ ਫੀਸ ਨਾ ਦੇਣ ਵਾਲੇ ਰੇਹੜੀ-ਫੜ੍ਹੀ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਅਤੇ ਤਹਿਬਾਜ਼ਾਰੀ ਇੰਚਾਰਜ ਜਸਦੇਵ ਸਿੰਘ ਸੇਖੋਂ ਤੇ ਹੋਰ ਅਧਿਕਾਰੀ ਮੌਜੂਦ ਸਨ।
ਰੇਹੜੀ-ਫੜ੍ਹੀ ਕਾਰਨ ਕੋਈ ਟਰੈਫਿਕ ਜਾਮ ਨਾ ਹੋਵੇ: ਨਿਗਮ ਕਮਿਸ਼ਨਰ
ਨਿਗਮ ਕਮਿਸ਼ਨਰ ਅਦਿੱਤਿਆ ਡੇਚਵਾਲ ਨੇ ਕਿਹਾ ਕਿ ਨਗਰ ਨਿਗਮ ਕਿਸੇ ਵੀ ਰੇਹੜੀ-ਫੜ੍ਹੀ ਵਾਲੇ ਨੂੰ ਬੇਲੋੜਾ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ। ਨਗਰ ਨਿਗਮ ਕੋਲ ਕੰਪੋਜ਼ੀਸ਼ਨ ਫੀਸ ਜਮ੍ਹਾਂ ਕਰਨ ਨਾਲ ਵੀ ਰੇਹੜੀ-ਫੜ੍ਹੀ ਵਾਲਿਆਂ ਨੂੰ ਮਦਦ ਮਿਲੇਗੀ। ਰੇਹੜੀ ਫੜੀ ਨੂੰ ਵੀ ਕੋਈ ਨਾਜਾਇਜ਼ ਤੌਰ ’ਤੇ ਪ੍ਰੇਸ਼ਾਨ ਨਹੀਂ ਕਰੇਗਾ ਤੇ ਉਹ ਸ਼ਾਂਤੀ ਨਾਲ ਆਪਣਾ ਕਾਰੋਬਾਰ ਕਰ ਸਕਦੇ ਹਨ। ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਰੇਹੜੀ-ਫੜ੍ਹੀ ਦੀ ਵਰਤੋਂ ਕਰਨ ਵਾਲਿਆਂ ਨਾਲ ਸੜਕਾਂ ’ਤੇ ਟਰੈਫਿਕ ਜਾਮ ਨਾ ਹੋਵੇ ਅਤੇ ਟਰੈਫਿਕ ਜਾਮ ਦਾ ਕਾਰਨ ਬਣਨ ਵਾਲੇ ਵਿਕਰੇਤਾਵਾਂ ਖਿਲਾਫ ਕਾਰਵਾਈ ਕੀਤੀ ਜਾਵੇ।