ਸੜਕ ਚੌੜੀ ਕਰਨ ਲਈ ਨਿਗਮ ਨੇ ਦਿੱਤੀ ਪੁਰਾਣੇ ਦਰੱਖ਼ਤਾਂ ਦੀ ਬਲੀ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 24 ਸਤੰਬਰ
ਇਕ ਪਾਸੇ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਹਰਾ ਭਰਾ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਦੂਜੇ ਪਾਸੇ ਵਪਾਰਕ ਸਰੋਕਾਰਾਂ ਨੂੰ ਤਰਜੀਹ ਦਿੰਦਿਆਂ ਰੁੱਖਾਂ ਦੀ ਕਟਾਈ ਕੀਤੀ ਜਾ ਰਹੀ ਹੈ। ਅਜੇ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਨੇ ਸ਼ਹਿਰ ’ਚ ਮਨਾਏ ਵਣ ਮਹਾਉਤਸਵ ਦੇ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਆ ਸੀ ਪਰ ਸਰਕਾਰੀ ਹੁਕਮਾਂ ਤਹਿਤ ਹੀ ਸ਼ਹਿਰ ਦੇ ਇਕ ਹਿੱਸੇ ’ਚ ਕਈ ਸਾਲ ਪੁਰਾਣੇ ਦਰੱਖਤਾਂ ਨੂੰ ਵੱਢਿਆ ਜਾ ਰਿਹਾ ਹੈ।
ਨਗਰ ਨਿਗਮ ਵਲੋਂ ਮਾਡਲ ਟਾਊਨ ਇਲਾਕੇ ’ਚ ਰੌਸ਼ਨ ਗਰਾਊਂਡ ਤੋਂ ਪ੍ਰੈਜ਼ੀਡੈਂਸੀ ਹੋਟਲ ਤੱਕ ਸੜਕ ਨੂੰ ਚੌੜਾ ਕਰਨ ਲਈ ਦੋਵਾਂ ਪਾਸਿਆਂ ’ਤੇ ਲੱਗੇ ਕਈ ਰੁੱਖਾਂ ਨੂੰ ਕਟਵਾ ਦਿੱਤਾ ਗਿਆ ਹੈ। ਨਿਗਮ ਦੀ ਇਸ ਬੇਰਹਿਮੀ ਕਾਰਨ ਸ਼ਹਿਰ ਵਾਸੀ ਕਾਫ਼ੀ ਦੁਖੀ ਹਨ। ਇਹ ਰੁੱਖ ਵਾਤਾਵਰਨ ਨੂੰ ਤਾਂ ਸਿਹਤਮੰਦ ਰੱਖ ਹੀ ਰਹੇ ਸਨ, ਰਾਹਗੀਰਾਂ ਲਈ ਵੀ ਇਕ ਨਿਆਮਤ ਸਨ। ਨਿਗਮ ਨੇ ਸੜਕ ਨੂੰ ਚੌੜਾ ਕਰਨ ਲਈ ਇਨ੍ਹਾਂ ’ਤੇ ਆਰਾ ਚਲਾ ਦਿੱਤਾ ਹੈ।
ਨਿਗਰਾਨ ਇੰਜਨੀਅਰ ਸਤੀਸ਼ ਕੁਮਾਰ ਨੇ ਮੰਨਿਆ ਕਿ ਸੜਕ ਨੂੰ ਚੌੜਾ ਤੇ ਖੂਬਸੂਰਤ ਬਣਾਉਣ ਦੇ ਨਾਲ-ਨਾਲ ਇੱਥੇ ਫੂਡ ਸਟਰੀਟ ਵੀ ਬਣੇਗੀ ਜਦੋਂਕਿ ਕਾਰਜਕਾਰੀ ਇੰਜਨੀਅਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਸੜਕ ਨੂੰ ਚੌੜਾ ਕੀਤਾ ਜਾ ਰਿਹਾ ਹੈ ਅਤੇ ਉਦਯੋਗਿਕ ਘਰਾਣਿਆਂ ਦੀ ਮੱਦਦ ਨਾਲ ਇਸ ਦਾ ਸੁੰਦਰੀਕਰਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 200 ਫੁੱਟ ਚੌੜੀ ਸੜਕ ਵਿੱਚੋਂ ਕੇਵਲ 25 ਫੁੱਟ ਹੀ ਸੜਕ ਆਵਾਜਾਈ ਲਈ ਵਰਤੋਂ ਵਿੱਚ ਆ ਰਹੀ ਹੈ। ਰੁੱਖਾਂ ਨੂੰ ਕਟਾਉਣ ਲਈ ਪ੍ਰਵਾਨਗੀ ਨੂੰ ਲੈ ਕੇ ਵੀ ਸਬੰਧਤ ਅਧਿਕਾਰੀਆਂ ਨੇ ਵੱਖ-ਵੱਖ ਬਿਆਨ ਦਿੱਤੇ ਹਨ। ਨਿਗਰਾਨ ਇੰਜਨੀਅਰ ਨੇ ਕਿਹਾ ਕਿ ਜੰਗਲਾਤ ਵਿਭਾਗ ਤੋਂ ਬਕਾਇਦਾ ਪ੍ਰਵਾਨਗੀ ਲੈ ਕੇ ਰੁੱਖ ਕਟਵਾਏ ਜਾ ਰਹੇ ਹਨ ਜਦੋਂ ਕਿ ਡੀ.ਐੱਫ਼.ਓ ਨਲਿਨ ਯਾਦਵ ਨੇ ਦੱਸਿਆ ਕਿ ਨਿਗਮ ਨੂੰ ਸ਼ਹਿਰ ’ਚੋਂ ਦਰੱਖਤ ਕਟਵਾਉਣ ਲਈ ਜੰਗਲਾਤ ਵਿਭਾਗ ਦੀ ਮਨਜ਼ੂਰੀ ਦੀ ਜ਼ਰੂਰਤ ਨਹੀਂ। ਕਾਰਜਕਾਰੀ ਇੰਜਨੀਅਰ ਨੇ ਸਪੱਸ਼ਟ ਕੀਤਾ ਕਿ ਜੰਗਲਾਤ ਵਿਭਾਗ ਤੋਂ ਰੁੱਖਾਂ ਦੀ ਕੀਮਤ ਦਾ ਮੁਲਾਂਕਣ ਕਰਵਾ ਕੇ ਇਨ੍ਹਾਂ ਦੀ ਬੋਲੀ ਕਰਵਾਈ ਗਈ ਹੈ ਜਿਸ ਸਬੰਧੀ ਹਾਊਸ ਵਿੱਚ ਮਤਾ ਪਾਸ ਕੀਤਾ ਗਿਆ ਸੀ।