For the best experience, open
https://m.punjabitribuneonline.com
on your mobile browser.
Advertisement

ਡਿਫਾਲਟਰ ਟੈਕਸੀ ਸਟੈਂਡਾਂ ਖ਼ਿਲਾਫ਼ ਕਾਰਵਾਈ ਲਈ ਨਿਗਮ ਤਿਆਰ

11:29 AM Apr 21, 2024 IST
ਡਿਫਾਲਟਰ ਟੈਕਸੀ ਸਟੈਂਡਾਂ ਖ਼ਿਲਾਫ਼ ਕਾਰਵਾਈ ਲਈ ਨਿਗਮ ਤਿਆਰ
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 20 ਅਪਰੈਲ
ਚੰਡੀਗੜ੍ਹ ਨਗਰ ਨਿਗਮ ਮਾਸਿਕ ਕਿਰਾਏ ਦੇ ਬਕਾਏਦਾਰ ਡਿਫਾਲਟਰ ਟੈਕਸੀ ਸਟੈਂਡਾਂ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ। ਸ਼ਹਿਰ ਦੇ ਅਜਿਹੇ ਡਿਫਾਲਟਰ ਟੈਕਸੀ ਸਟੈਂਡ ਮਾਲਕਾਂ ਵਿਰੁੱਧ ਕਾਰਵਾਈ ਕਰਨ ਲਈ ਨਗਰ ਨਿਗਮ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਇਨ੍ਹਾਂ ਟੈਕਸੀ ਸਟੈਂਡਾਂ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਇਜਾਜ਼ਤ ਮੰਗੀ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਟੈਕਸੀ ਸਟੈਂਡਾਂ ’ਤੇ ਨਗਰ ਨਿਗਮ ਦਾ ਤਿੰਨ ਕਰੋੜ ਰੁਪਏ ਤੋਂ ਵੱਧ ਮਹੀਨਾਵਾਰ ਕਿਰਾਇਆ ਬਕਾਇਆ ਹੈ। ਨਿਗਮ ਅਨੁਸਾਰ ਟੈਕਸੀ ਸਟੈਂਡ ਦੀ ਇਹ ਬਕਾਇਆ ਰਾਸ਼ੀ 31 ਮਾਰਚ ਤੱਕ ਜਮ੍ਹਾਂ ਕਰਵਾਈ ਜਾਣੀ ਸੀ ਪਰ ਨੋਟਿਸ ਦੇਣ ਦੇ ਬਾਵਜੂਦ ਅਜੇ ਤੱਕ ਜਮ੍ਹਾਂ ਨਹੀਂ ਕਰਵਾਈ ਗਈ। ਜਾਣਕਾਰੀ ਅਨੁਸਾਰ ਇਸ ਵੇਲੇ ਸ਼ਹਿਰ ਵਿੱਚ 57 ਦੇ ਲਗਭਗ ਟੈਕਸੀ ਸਟੈਂਡ ਚੱਲ ਰਹੇ ਹਨ। ਇਨ੍ਹਾਂ ਵਿੱਚੋਂ 30 ਟੈਕਸੀ ਸਟੈਂਡ ਮਾਲਕਾਂ ਨੇ ਆਪਣੀ ਬੰਦਾ ਮਾਸਿਕ ਕਿਰਾਇਆ ਲਗਭਗ 3 ਕਰੋੜ 58 ਲੱਖ ਰੁਪਏ ਨਗਰ ਨਿਗਮ ਕੋਲ ਜਮ੍ਹਾਂ ਦਿੱਤੇ ਸਨ ਅਤੇ ਇਨ੍ਹਾਂ ਵਿੱਚੋਂ 19 ਟੈਕਸੀ ਸਟੈਂਡ ਮਾਲਕਾਂ ਨੇ ਅਪਰੈਲ ਮਹੀਨੇ ਦਾ ਕਿਰਾਇਆ ਵੀ ਜਮ੍ਹਾਂ ਕਰਵਾ ਦਿੱਤਾ ਹੈ। ਨਗਰ ਨਿਗਮ ਵੱਲੋਂ ਬਕਾਏਦਾਰ ਡਿਫਾਲਟਰਾਂ ਨੂੰ ਨੋਟਿਸ ਦਿੱਤੇ ਗਏ ਸਨ ਪਰ ਨੋਟਿਸ ਦਿੱਤੇ ਜਾਣ ਤੋਂ ਬਾਅਦ ਵੀ ਡਿਫਾਲਟਰ ਟੈਕਸੀ ਸਟੈਂਡ ਮਾਲਕ ਆਪਣਾ ਬਕਾਇਆ ਕਿਰਾਇਆ ਨਹੀਂ ਭਰ ਰਹੇ ਹਨ। ਹੁਣ ਨਗਰ ਨਿਗਮ ਇਨ੍ਹਾਂ ਡਿਫਾਲਟਰ ਟੈਕਸੀ ਸਟੈਂਡਾਂ ਵਿਰੁੱਧ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ ਅਤੇ ਇਸ ਸਬੰਧੀ ਨਿਗਮ ਨੇ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ ਇਨ੍ਹਾਂ ਡਿਫਾਲਟਰ ਟੈਕਸੀ ਸਟੈਂਡਾਂ ਨੂੰ ਆਪਣੇ ਕਬਜ਼ੇ ਵਿਚ ਲੈਣ ਦੀ ਇਜਾਜ਼ਤ ਮੰਗੀ ਹੈ। ਚੋਣ ਕਮਿਸ਼ਨ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਨਿਗਮ ਇਨ੍ਹਾਂ ਵਿਰੁੱਧ ਕਾਰਵਾਈ ਸ਼ੁਰੂ ਕਰੇਗਾ। ਜ਼ਿਕਰਯੋਗ ਹੈ ਕਿ ਨਗਰ ਨਿਗਮ ਨੇ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਵੀ ਅਜਿਹੀ ਕਾਰਵਾਈ ਸ਼ੁਰੂ ਕੀਤੀ ਸੀ, ਇਸ ਵਿੱਚ ਕੁਝ ਟੈਕਸੀ ਸਟੈਂਡਾਂ ਨੂੰ ਨਿਗਮ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਪਰ ਟੈਕਸੀ ਸਟੈਂਡ ਮਾਲਕਾਂ ਨੇ ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
ਅਦਾਲਤ ਵਿੱਚ ਦਾਇਰ ਪਟੀਸ਼ਨ ਦੇ 24 ਘੰਟੇ ਬਾਅਦ ਹੀ ਉਨ੍ਹਾਂ ਨੂੰ ਟੈਕਸੀ ਸਟੈਂਡ ਦਾ ਕਬਜ਼ਾ ਵਾਪਸ ਦੇਣਾ ਪਿਆ ਸੀ। ਪਟੀਸ਼ਨ ਵਿੱਚ ਟੈਕਸੀ ਸਟੈਂਡ ਵਾਲਿਆਂ ਵੱਲੋਂ ਦਲੀਲ ਦਿੱਤੀ ਗਈ ਸੀ ਕਿ ਬਕਾਇਆ ਕਿਰਾਇਆ ਪੂਰੀ ਵਸੂਲੀ ਦੀ ਬਜਾਏ ਕਿਸ਼ਤਾਂ ਵਿੱਚ ਲਿਆ ਜਾਵੇ। ਅਦਾਲਤ ਦੇ ਹੁਕਮਾਂ ਤੋਂ ਬਾਅਦ ਨਗਰ ਨਿਗਮ ਵਿੱਚ ਇਸ ਸਬੰਧੀ ਪ੍ਰਸਤਾਵ ਵੀ ਲਿਆਂਦਾ ਗਿਆ ਸੀ, ਜਿਸ ਨੂੰ ਕਿਸ਼ਤਾਂ ਵਿੱਚ ਬਕਾਇਆ ਕਿਰਾਇਆ ਵਸੂਲਣ ਲਈ ਸਦਨ ਵਿੱਚ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਸੀ।

Advertisement

Advertisement
Author Image

sukhwinder singh

View all posts

Advertisement
Advertisement
×