For the best experience, open
https://m.punjabitribuneonline.com
on your mobile browser.
Advertisement

ਨਿਗਮ ਦਫ਼ਤਰ ਨੂੰ ਤਾਲਾ: ਬਿੱਟੂ ਅਤੇ ਆਸ਼ੂ ਸਣੇ ਚਾਰ ਕਾਂਗਰਸੀ ਆਗੂ ਨਾਭਾ ਜੇਲ੍ਹ ਭੇਜੇ

06:35 AM Mar 06, 2024 IST
ਨਿਗਮ ਦਫ਼ਤਰ ਨੂੰ ਤਾਲਾ  ਬਿੱਟੂ ਅਤੇ ਆਸ਼ੂ ਸਣੇ ਚਾਰ ਕਾਂਗਰਸੀ ਆਗੂ ਨਾਭਾ ਜੇਲ੍ਹ ਭੇਜੇ
ਰਵਨੀਤ ਿਸੰਘ ਿਬੱਟੂ ਨੂੰ ਹਿਰਾਸਤ ’ਚ ਲੈਂਦੀ ਹੋਈ ਪੁਲੀਸ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਗਗਨਦੀਪ ਅਰੋੜਾ
ਲੁਧਿਆਣਾ, 5 ਮਾਰਚ
ਨਗਰ ਨਿਗਮ ਮੁੱਖ ਦਫ਼ਤਰ ਜ਼ੋਨ-ਏ ਨੂੰ ਤਾਲਾ ਲਾਉਣ ਦੇ ਮਾਮਲੇ ਵਿੱਚ ਨਾਮਜ਼ਦ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਸਾਬਕਾ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਵਰਕਿੰਗ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸੰਜੈ ਤਲਵਾੜ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਨੂੰ ਅੱਜ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਗ੍ਰਿਫ਼ਤਾਰੀ ਦੇਣ ਆਏ ਕਾਂਗਰਸੀ ਆਗੂਆਂ ਦੇ ਸਮਰਥਕਾਂ ਨੇ ਅੱਜ ਇਥੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਪੁਲੀਸ ਵੱਲੋਂ ਮੁੱਖ ਗੇਟ ਦੇ ਬਾਹਰ ਕੀਤੀ ਗਈ ਬੈਰੀਕੇਟਿੰਗ ਨੂੰ ਹਟਾਉਣ ਦੀ ਕੋਸ਼ਿਸ਼ ਵੀ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਦੀ ਪੁਲੀਸ ਨਾਲ ਧੱਕਾਮੁੱਕੀ ਵੀ ਹੋਈ। ਕਰੀਬ ਅੱਧਾ ਘੰਟਾ ਚੱਲੀ ਇਸ ਧੱਕਾਮੁੱਕੀ ਮਗਰੋਂ ਪੁਲੀਸ ਨੇ ਨਾਮਜ਼ਦ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਜਸਟਿਸ ਤਾਨਿਸ਼ ਗੋਇਲ ਦੀ ਅਦਾਲਤ ’ਚ ਪੇਸ਼ ਕੀਤਾ ਜਿਥੇ ਆਗੂਆਂ ਦੇ ਵਕੀਲਾਂ ਨੇ ਜ਼ਮਾਨਤ ਅਰਜ਼ੀ ਦਾਇਰ ਕੀਤੀ। ਅਦਾਲਤ ਵੱਲੋਂ ਜ਼ਮਾਨਤ ਅਰਜ਼ੀ ’ਤੇ ਭਲਕੇ 6 ਮਾਰਚ ਨੂੰ ਫ਼ੈਸਲਾ ਸੁਣਾਉਣ ਦੀ ਗੱਲ ਆਖ ਕੇ ਚਾਰੇ ਆਗੂਆਂ ਨੂੰ ਨਾਭਾ ਜੇਲ੍ਹ ਭੇਜ ਦਿੱਤਾ ਹੈ।
ਕਰੀਬ 10 ਦਿਨ ਪਹਿਲਾਂ ਨਗਰ ਨਿਗਮ ਦੇ ਮੁੱਖ ਦਫ਼ਤਰ ਨੂੰ ਤਾਲਾ ਲਾਉਣ ਦੇ ਦੋਸ਼ ਹੇਠ ਪੁਲੀਸ ਨੇ ਥਾਣਾ ਕੋਤਵਾਲੀ ਵਿੱਚ ਉਕਤ ਆਗੂਆਂ ਸਣੇ 60 ਦੇ ਕਰੀਬ ਕਾਂਗਰਸੀ ਵਰਕਰਾਂ ’ਤੇ ਕੇਸ ਦਰਜ ਕੀਤਾ ਸੀ। ਇਸ ਤੋਂ ਇਲਾਵਾ ਚਾਰ ਦਿਨ ਪਹਿਲਾਂ ਉਕਤ ਨਾਮਜ਼ਦ ਆਗੂਆਂ ਨੇ ਅੱਜ ਦੇ ਦਿਨ ਗ੍ਰਿਫ਼ਤਾਰੀ ਦੇਣ ਦਾ ਐਲਾਨ ਕੀਤਾ ਸੀ। ਜ਼ਿਲ੍ਹਾ ਕਾਂਗਰਸ ਵੱਲੋਂ ਅੱਜ ਸਵੇਰ ਤੋਂ ਹੀ ਪੁਲੀਸ ਕਮਿਸ਼ਨਰ ਦਫ਼ਤਰ ਅੱਗੇ ਇਕੱਠ ਕੀਤਾ ਗਿਆ ਸੀ, ਜਿਸ ਤਹਿਤ ਸੈਂਕੜੇ ਵਰਕਰ ਦਫ਼ਤਰ ਦੇ ਬਾਹਰ ਇਕੱਤਰ ਹੋਏ। ਇਸ ਸਬੰਧ ਵਿੱਚ ਪੁਲੀਸ ਵੱਲੋਂ ਪੂਰੀ ਤਿਆਰੀ ਕੀਤੀ ਗਈ ਸੀ। ਇਸ ਮਗਰੋਂ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਪੁਲੀਸ ਕਮਿਸ਼ਨਰ ਦਫ਼ਤਰ ਵੱਲ ਵਧਣਾ ਸ਼ੁਰੂ ਕੀਤਾ ਤੇ ਪੁਲੀਸ ਨੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ।

Advertisement

ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਮੰਗਲਵਾਰ ਨੂੰ ਲੁਧਿਆਣਾ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦੇ ਹੋਏ। -ਫੋਟੋ: ਹਿਮਾਂਸ਼ੂ ਮਹਾਜਨ

ਕਾਂਗਰਸੀ ਆਗੂ ਪੁਲੀਸ ਕਮਿਸ਼ਨਰ ਦਫ਼ਤਰ ਦੇ ਅੰਦਰ ਜਾ ਕੇ ਗ੍ਰਿਫ਼ਤਾਰੀ ਦੇਣਾ ਚਾਹੁੰਦੇ ਸਨ, ਪਰ ਪੁਲੀਸ ਨੇ ਉਨ੍ਹਾਂ ਨੂੰ ਬਾਹਰ ਹੀ ਰੋਕ ਲਿਆ। ਇਸ ਮਗਰੋਂ ਪੁਲੀਸ ਅਧਿਕਾਰੀ ਸੰਸਦ ਮੈਂਬਰ ਬਿੱਟੂ ਨੂੰ ਬੱਸ ’ਚ ਬਿਠਾ ਕੇ ਲੈ ਗਏ, ਜਦਕਿ ਸਾਬਕਾ ਮੰਤਰੀ ਆਸ਼ੂ, ਸੰਜੈ ਤਲਵਾੜ ਤੇ ਸ਼ਾਮ ਸੁੰਦਰ ਮਲਹੋਤਰਾ ਨੂੰ ਪੁਲੀਸ ਗੱਡੀ ’ਚ ਬਿਠਾ ਕੇ ਸਿੱਧਾ ਅਦਾਲਤ ’ਚ ਲਿਜਾਇਆ ਗਿਆ।

ਵਿਧਾਨ ਸਭਾ ’ਚ ਮੁੱਖ ਮੰਤਰੀ ਦਬਕੇ ਮਾਰ ਰਹੇ ਨੇ ਬਾਹਰ ਪ੍ਰਸ਼ਾਸਨ ਆਵਾਜ਼ ਦਬਾ ਰਿਹੈ: ਆਸ਼ੂ

ਸਾਬਕਾ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਵਰਕਿੰਗ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਵਿਧਾਨ ਸਭਾ ’ਚ ਮੁੱਖ ਮੰਤਰੀ ਵਿਰੋਧੀ ਧਿਰ ਨੂੰ ਦਬਕੇ ਮਾਰ ਰਹੇ ਹਨ ਅਤੇ ਬਾਹਰ ਪੂਰਾ ਪ੍ਰਸ਼ਾਸਨ ਸਰਕਾਰ ਨੇ ਲਗਾ ਰੱਖਿਆ ਹੈ ਕਿ ਸਰਕਾਰ ਖ਼ਿਲਾਫ਼ ਉਠਣ ਵਾਲੀ ਹਰ ਆਵਾਜ਼ ਨੂੰ ਦਬਾ ਦਿੱਤਾ ਜਾਵੇੇ। ਉਨ੍ਹਾਂ ਕਿਹਾ ਕਿ ਸਰਕਾਰ ਖਿਲਾਫ਼ ਆਵਾਜ਼ ਚੁੱਕਣ ਵਾਲੇ ਨੂੰ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ।

ਮੁੱਖ ਮੰਤਰੀ ਖ਼ਿਲਾਫ਼ ਕੇਸ ਦਰਜ ਹੋਵੇ: ਬਿੱਟੂ

ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜੇ ਨਿਗਮ ਦਫ਼ਤਰ ਦੇ ਗੇਟ ਨੂੰ ਤਾਲਾ ਲਾਉਣ ਲਈ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ’ਤੇ ਕੇਸ ਦਰਜ ਕੀਤਾ ਜਾ ਸਕਦਾ ਹੈ ਤਾਂ ਸਾਰਿਆਂ ’ਤੇ ਇਹ ਕਾਨੂੰਨ ਲਾਗੂ ਹੁੰਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੋਂ ਇਸ ’ਤੇ ਤਾਲਾ ਲਾਉਣ ਦੀ ਮੰਗ ਕੀਤੀ ਸੀ। ਇੱਥੋਂ ਤੱਕ ਕਿ ਤਾਲਾ ਲੈ ਕੇ ਖੁਦ ਮੁੱਖ ਮੰਤਰੀ ਪੁੱਜੇ ਸਨ, ਜੋ ਕਿ ਪੂਰੀ ਤਰ੍ਹਾਂ ਸੰਵਿਧਾਨ ਦੀ ਉਲੰਘਣਾ ਹੈ। ਇਸ ਲਈ ਮੁੱਖ ਮੰਤਰੀ ਖ਼ਿਲਾਫ਼ ਵੀ ਕੇਸ ਦਰਜ ਹੋਣਾ ਚਾਹੀਦਾ ਹੈ। ਬਿੱਟੂ ਨੇ ਕਿਹਾ ਜੇਲ੍ਹ ’ਚੋਂ ਬਾਹਰ ਆਉਣ ਤੋਂ ਬਾਅਦ ਲੋਕਾਂ ਦੇ ਹਿੱਤਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਉਹ ਮੁੜ ਸਰਕਾਰੀ ਦਫ਼ਤਰਾਂ ਨੂੰ ਤਾਲੇ ਲਾਉਣਗੇ।

Advertisement
Author Image

joginder kumar

View all posts

Advertisement
Advertisement
×