For the best experience, open
https://m.punjabitribuneonline.com
on your mobile browser.
Advertisement

ਮੀਂਹ ਦੌਰਾਨ ਡਰੇਨਾਂ ਨਜ਼ਦੀਕ ਡਟੇ ਰਹੇ ਨਿਗਮ ਕਰਮਚਾਰੀ

08:57 AM Aug 12, 2024 IST
ਮੀਂਹ ਦੌਰਾਨ ਡਰੇਨਾਂ ਨਜ਼ਦੀਕ ਡਟੇ ਰਹੇ ਨਿਗਮ ਕਰਮਚਾਰੀ
Advertisement

ਪੱਤਰ ਪ੍ਰੇਰਕ
ਯਮੁਨਾਨਗਰ, 11 ਅਗਸਤ
ਯਮੁਨਾਨਗਰ ਵਿੱਚ ਹੋਈ ਭਰਵੀਂ ਬਰਸਾਤ ਨੇ ਜਿੱਥੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਸ਼ਹਿਰ ਦੀਆਂ ਕਈ ਕਲੋਨੀਆਂ ਦੇ ਹੇਠਲੇ ਇਲਾਕਿਆਂ ਵਿੱਚ ਪਾਣੀ ਭਰ ਗਿਆ। ਇਸ ਸਥਿਤੀ ਨਾਲ ਨਜਿੱਠਣ ਲਈ ਨਿਗਮ ਕਰਮਚਾਰੀ ਐਤਵਾਰ ਛੁੱਟੀ ਵਾਲੇ ਦਿਨ ਵੀ ਬਰਸਾਤ ਵਿੱਚ ਡਟੇ ਰਹੇ। ਬਰਸਾਤ ਦੌਰਾਨ ਵੀ ਸਫ਼ਾਈ ਕਰਮਚਾਰੀ ਡਰੇਨਾਂ ਵਿੱਚੋਂ ਪੌਲੀਥੀਨ ਅਤੇ ਹੋਰ ਕੂੜਾ-ਕਰਕਟ ਹਟਾਉਣ ਅਤੇ ਰੁਕਾਵਟਾਂ ਨੂੰ ਦੂਰ ਕਰਦੇ ਰਹੇ, ਤਾਂ ਜੋ ਸ਼ਹਿਰ ਵਿੱਚ ਪਾਣੀ ਭਰਨ ਤੋਂ ਨਿਪਟਿਆ ਜਾ ਸਕੇ । ਨਿਗਮ ਦੇ ਇਨ੍ਹਾਂ ਯਤਨਾਂ ਸਦਕਾ ਸ਼ਹਿਰ ਵਿੱਚ ਲੰਬੇ ਸਮੇਂ ਤੱਕ ਬਰਸਾਤੀ ਪਾਣੀ ਦੀ ਸਮੱਸਿਆ ਨਹੀਂ ਰਹੀ । ਨਗਰ ਨਿਗਮ ਕਮਿਸ਼ਨਰ ਆਯੂਸ਼ ਸਿਨਹਾ ਦੀਆਂ ਹਦਾਇਤਾਂ ‘ਤੇ ਜ਼ੋਨ-1 ਦੇ ਸੀਐੱਸਆਈ ਹਰਜੀਤ ਸਿੰਘ ਅਤੇ ਜ਼ੋਨ- 2 ਦੇ ਸੀਐੱਸਆਈ ਸੁਨੀਲ ਦੱਤ ਦੀ ਅਗਵਾਈ ਹੇਠ ਸਮੂਹ ਸੈਨੀਟੇਸ਼ਨ ਇੰਸਪੈਕਟਰ ਛੁੱਟੀ ਵਾਲੇ ਦਿਨ ਵੀ ਆਪਣੇ-ਆਪਣੇ ਖੇਤਰਾਂ ਵਿੱਚ ਤਾਇਨਾਤ ਰਹੇ। ਮੀਂਹ ਦੌਰਾਨ ਵੀ ਕਰਮਚਾਰੀਆਂ ਨੇ ਬਰਸਾਤੀ ਪਾਣੀ ਭਰੇ ਇਲਾਕਿਆਂ ਨੂੰ ਸਾਫ਼ ਕਰਨਾ ਜਾਰੀ ਰੱਖਿਆ। ਜਿਸ ਕਾਰਨ ਸ਼ਹਿਰ ਵਿੱਚ ਲੰਮੇ ਸਮੇਂ ਤੱਕ ਪਾਣੀ ਭਰਿਆ ਨਹੀਂ ਰਿਹਾ ਅਤੇ ਸ਼ਹਿਰ ਵਾਸੀਆਂ ਨੂੰ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਘੱਟ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਵੱਡੀਆਂ ਨਾਲੀਆਂ ਵਿੱਚ ਫਸੇ ਕੂੜੇ ਨੂੰ ਏਜੰਸੀ ਵੱਲੋਂ ਜੇਸੀਬੀ ਦੀ ਮਦਦ ਨਾਲ ਸਾਫ਼ ਕੀਤਾ ਗਿਆ। ਨਗਰ ਨਿਗਮ ਕਮਿਸ਼ਨਰ ਆਯੂਸ਼ ਸਿਨਹਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਵੀ ਜਾਗਰੂਕ ਹੋਣਾ ਪਵੇਗਾ ਤਾਂ ਜੋ ਸ਼ਹਿਰ ਵਿੱਚ ਪਾਣੀ ਨਿਕਾਸੀ ਦੀ ਸਮੱਸਿਆ ਤੋਂ ਬਚਿਆ ਜਾ ਸਕੇ । ਉਨ੍ਹਾਂ ਲੋਕਾਂ ਨੂੰ ਘਰਾਂ ਜਾਂ ਦੁਕਾਨਾਂ ਦਾ ਕੂੜਾ-ਕਰਕਟ ਖੁੱਲ੍ਹੇ ਵਿੱਚ ਜਾਂ ਨਾਲੀਆਂ ਵਿੱਚ ਨਾ ਸੁੱਟਣ ਦੀ ਅਪੀਲ ਕੀਤੀ।

Advertisement

Advertisement
Advertisement
Author Image

sukhwinder singh

View all posts

Advertisement