ਨਿਗਮ ਚੋਣਾਂ: ਨਾਮਜ਼ਦਗੀ ਨਾਲ ਐੱਨਓਸੀ ਦੀ ਲੋੜ ਨਹੀਂ: ਚੋਣ ਕਮਿਸ਼ਨ
ਚਰਨਜੀਤ ਭੁੱਲਰ
ਚੰਡੀਗੜ੍ਹ, 10 ਦਸੰਬਰ
ਨਗਰ ਨਿਗਮ ਤੇ ਨਗਰ ਕੌਂਸਲ, ਨਗਰ ਪੰਚਾਇਤ ਚੋਣਾਂ ਲਈ ਉਮੀਦਵਾਰਾਂ ਨੂੰ ਕਾਗ਼ਜ਼ ਦਾਖਲ ਕਰਨ ਲਈ ‘ਕੋਈ ਇਤਰਾਜ਼ ਨਹੀਂ’ ਸਰਟੀਫਿਕੇਟ ਦੇ ਮਾਮਲੇ ’ਤੇ ਰੌਲਾ ਪਿਆ ਹੋਇਆ ਹੈ ਤਾਂ ਰਾਜ ਚੋਣ ਕਮਿਸ਼ਨਰ ਨੇ ਸਪੱਸ਼ਟ ਕੀਤਾ ਹੈ ਕਿ ਚੋਣ ਕਮਿਸ਼ਨ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਕਿਸੇ ਵੀ ਵਿਭਾਗ ਤੋਂ ਐੱਨਓਸੀ ਲੈਣ ਦੀ ਕੋਈ ਸ਼ਰਤ ਨਹੀਂ ਲਗਾਈ ਗਈ। ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਐੱਨਓਸੀ ਦੀ ਕੋਈ ਸ਼ਰਤ ਨਹੀਂ ਲਗਾਈ ਗਈ ਅਤੇ ਦੂਸਰੀਆਂ ਸ਼ਰਤਾਂ ਬਾਰੇ ਡਿਪਟੀ ਕਮਿਸ਼ਨਰਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ।
ਸ੍ਰੀ ਚੌਧਰੀ ਦਾ ਕਹਿਣਾ ਸੀ ਕਿ ਕਮਿਸ਼ਨ ਨੂੰ ਕਾਗ਼ਜ਼ ਦਾਖਲ ਕਰਨ ਸਮੇਂ ਐੱਨਓਸੀ ਦੀ ਕੋਈ ਲੋੜ ਨਹੀਂ ਹੈ। ਜੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਅਜਿਹਾ ਕੋਈ ਫ਼ੈਸਲਾ ਲਿਆ ਗਿਆ ਹੈ ਤਾਂ ਉਸ ਨਾਲ ਕਮਿਸ਼ਨ ਦਾ ਕੋਈ ਸਰੋਕਾਰ ਨਹੀਂ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਮਿਸ਼ਨ ਕੋਲ ਇਸ ਬਾਰੇ ਹਾਲੇ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਪੁੱਜੀ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਪੰਜ ਨਗਰ ਨਿਗਮਾਂ, 44 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਤੋਂ ਇਲਾਵਾ 49 ਵਾਰਡਾਂ ਦੀਆਂ ਉਪ ਚੋਣਾਂ ਹੋ ਰਹੀਆਂ ਹਨ ਜਿਨ੍ਹਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖ਼ਰੀ ਮਿਤੀ 12 ਦਸੰਬਰ ਹੈ। ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਦੂਜੇ ਦਿਨ ਸਿਰਫ਼ ਛੇ ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਨਗਰ ਨਿਗਮ ਅੰਮ੍ਰਿਤਸਰ ਲਈ ਇਕ , ਨਗਰ ਨਿਗਮ ਲੁਧਿਆਣਾ ਲਈ ਇਕ, ਨਗਰ ਕੌਂਸਲ ਬਲਾਚੌਰ (ਨਵਾਂ ਸ਼ਹਿਰ) ਲਈ ਇਕ, ਨਗਰ ਪੰਚਾਇਤ ਭਾਦਸੋਂ (ਜ਼ਿਲ੍ਹਾ ਪਟਿਆਲਾ) ਲਈ ਦੋ ਅਤੇ ਨਗਰ ਪੰਚਾਇਤ ਦਿੜ੍ਹਬਾ (ਜ਼ਿਲ੍ਹਾ ਸੰਗਰੂਰ) ਲਈ ਇੱਕ ਨਾਮਜ਼ਦਗੀ ਪ੍ਰਾਪਤ ਹੋਈ ਹੈ।
ਉਧਰ, ਰਿਪੋਰਟਾਂ ਮਿਲ ਰਹੀਆਂ ਹਨ ਕਿ ਰਿਟਰਨਿੰਗ ਅਫ਼ਸਰਾਂ ਵੱਲੋਂ ਉਮੀਦਵਾਰਾਂ ਤੋਂ ਜ਼ੁਬਾਨੀ ਕਲਾਮੀ ਐੱਨਓਸੀ ਦੀ ਮੰਗ ਕੀਤੀ ਜਾ ਰਹੀ ਹੈ। ਕਿਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਿਲਡਿੰਗ ਬਰਾਂਚ ਤੋਂ ਐੱਨਓਸੀ ਲੈ ਕੇ ਦਿੱਤਾ ਜਾਵੇ। ਪ੍ਰਾਪਰਟੀ ਟੈਕਸ ਅਤੇ ਸੀਵਰੇਜ, ਪਾਣੀ ਨੂੰ ਲੈ ਕੇ ਐੱਨਓਸੀ ਦੀ ਮੰਗ ਕੀਤੀ ਜਾ ਰਹੀ ਹੈ। ਉਮੀਦਵਾਰਾਂ ਵਿਚ ਭੰਬਲਭੂਸਾ ਬਣਿਆ ਹੋਇਆ ਹੈ। ਚੇਤੇ ਰਹੇ ਕਿ ਪੰਚਾਇਤ ਚੋਣਾਂ ਵਿੱਚ ਚੁੱਲ੍ਹਾ ਟੈਕਸ ਨੂੰ ਲੈ ਕੇ ਰੌਲਾ ਪਿਆ ਸੀ ਅਤੇ ਹੁਣ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਵਿੱਚ ਇਹੋ ਰੱਫੜ ਖੜ੍ਹਾ ਹੋ ਗਿਆ ਹੈ।
ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਡਰ ਹੈ ਕਿ ਕਿਤੇ ਦੋ ਦਿਨ ਦਾ ਸਮਾਂ ਰਿਟਰਨਿੰਗ ਅਫ਼ਸਰ ਇਸੇ ਰੱਫੜ ਵਿਚ ਨਾ ਕੱਢ ਦੇਣ। ਅੱਜ ਜਲੰਧਰ ਵਿਚ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਚੋਣ ਕਮਿਸ਼ਨ ਦੇ ਪੱਤਰਾਂ ਦੇ ਹਵਾਲੇ ਨਾਲ ਸਪੱਸ਼ਟ ਕੀਤਾ ਹੈ ਕਿ ਨਾਮਜ਼ਦਗੀ ਪੱਤਰਾਂ ਨਾਲ ਐੱਨਓਸੀ ਦੀ ਕੋਈ ਲੋੜ ਨਹੀਂ ਹੈ। ਇਸੇ ਦੌਰਾਨ ਪਤਾ ਲੱਗਿਆ ਹੈ ਕਿ ਜ਼ਿਲ੍ਹਾ ਮੋਗਾ ਵਿਚ ਇੱਕ ਦੋ ਥਾਵਾਂ ’ਤੇ ਵਿਰੋਧੀ ਧਿਰਾਂ ਨੇ ਸਖ਼ਤ ਇਤਰਾਜ਼ ਵੀ ਪ੍ਰਗਟ ਕੀਤਾ ਹੈ। ਜਿਨ੍ਹਾਂ ਕੌਂਸਲਾਂ ਤੇ ਨਗਰ ਪੰਚਾਇਤਾਂ ਵਿਚ ਚੋਣ ਹੋ ਰਹੀ ਹੈ, ਉਨ੍ਹਾਂ ਦੇ ਦਫ਼ਤਰਾਂ ਵਿਚ ਚਾਹਵਾਨਾਂ ਦੀਆਂ ਭੀੜਾਂ ਲੱਗੀਆਂ ਹੋਈਆਂ ਹਨ। ਜੇ ਇਹ ਰੱਫੜ ਜਾਰੀ ਰਿਹਾ ਤਾਂ ਭਲਕੇ ਵਿਰੋਧੀ ਸਿਆਸੀ ਧਿਰਾਂ ਵੱਲੋਂ ਪ੍ਰਦਰਸ਼ਨ ਹੋ ਸਕਦੇ ਹਨ।
ਪਰਗਟ ਸਿੰਘ ਨੇ ਚੋਣ ਕਮਿਸ਼ਨ ਕੋਲ ਮੁੱਦਾ ਚੁੱਕਿਆ
ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪਰਗਟ ਸਿੰਘ ਦਾ ਕਹਿਣਾ ਸੀ ਕਿ ਰਿਟਰਨਿੰਗ ਅਫ਼ਸਰਾਂ ਵੱਲੋਂ ਜਾਣ ਬੁੱਝ ਕੇ ਐੱਨਓਸੀ ਮੰਗੀ ਜਾ ਰਹੀ ਹੈ ਅਤੇ ਲਿਖਤੀ ਰੂਪ ਵਿਚ ਐੱਨਓਸੀ ਬਾਰੇ ਕਿਤੇ ਕੁੱਝ ਦਰਜ ਨਹੀਂ ਹੈ। ਉਨ੍ਹਾਂ ਅੱਜ ਚੋਣ ਕਮਿਸ਼ਨਰ ਕੋਲ ਇਹ ਮੁੱਦਾ ਉਠਾਇਆ ਹੈ ਕਿ ਰਿਟਰਨਿੰਗ ਅਫ਼ਸਰ ਐੱਨਓਸੀ ਮੰਗ ਰਹੇ ਹਨ ਅਤੇ ਇੱਥੋਂ ਤੱਕ ਕਈ ਥਾਵਾਂ ’ਤੇ ਪਾਵਰਕੌਮ ਦਾ ਐੱਨਓਸੀ ਵੀ ਮੰਗਿਆ ਜਾ ਰਿਹਾ ਹੈ।