ਨਿਗਮ ਕਮਿਸ਼ਨਰ ਵੱਲੋਂ ਡੱਡੂਮਾਜਰਾ ’ਚ ਕੰਪੋਸਟ ਪਲਾਂਟ ਦਾ ਦੌਰਾ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 25 ਅਕਤੂਬਰ
ਚੰਡੀਗੜ੍ਹ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਅੱਜ ਡੱਡੂਮਾਜਰਾ ਵਿੱਚ ਕੰਪੋਸਟ ਪਲਾਂਟ ਅਤੇ ਪਿੰਕ ਐੱਮਆਰਐੱਫ ਦੇ ਨਾਲ ਵਿਰਾਸਤੀ ਮਾਈਨਿੰਗ ਸਾਈਟ ਦਾ ਦੌਰਾ ਕੀਤਾ ਅਤੇ ਵੱਖ-ਵੱਖ ਰਹਿੰਦ-ਖੂੰਹਦ ਦੀ ਚੱਲ ਰਹੀ ਪ੍ਰੋਸੈਸਿੰਗ ਅਤੇ ਸਾਈਟ ’ਤੇ ਵਿਰਾਸਤੀ ਮਾਈਨਿੰਗ ਦੇ ਪ੍ਰਗਤੀ ਕਾਰਜਾਂ ਦਾ ਜਾਇਜ਼ਾ ਲਿਆ। ਮਾਈਨਿੰਗ ਸਾਈਟ ਦੇ ਦੌਰੇ ਦੌਰਾਨ ਕਮਿਸ਼ਨਰ ਨੇ ਚੱਲ ਰਹੇ ਪ੍ਰਗਤੀ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਸਬੰਧਤ ਇੰਜਨੀਅਰਾਂ ਨੂੰ ਪ੍ਰਾਜੈਕਟ ਸਮੇਂ ਸਿਰ ਮੁਕੰਮਲ ਕਰਨ ਲਈ ਕਿਹਾ। ਸਬੰਧਤ ਇੰਜਨੀਅਰਾਂ ਨੇ ਕਮਿਸ਼ਨਰ ਨੂੰ ਦੱਸਿਆ ਕਿ ਵਿਰਾਸਤੀ ਰਹਿੰਦ-ਖੂੰਹਦ ਦੀ ਬਾਇਓਰੀਮੀਡੀਏਸ਼ਨ ਅਕਤੂਬਰ 2022 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਤੱਕ 11 ਲੱਖ ਕਿਊਬਿਕ ਮੀਟਰਕ ਵਿਰਾਸਤੀ ਰਹਿੰਦ-ਖੂੰਹਦ ਦੀ ਨਿਕਾਸੀ ਕੀਤੀ ਗਈ ਹੈ ਅਤੇ ਬਾਕੀ ਬਚੇ 10 ਫੀਸਦ ਨੂੰ ਬਹੁਤ ਜਲਦੀ ਸਾਫ਼ ਕੀਤਾ ਜਾਵੇਗਾ।
ਕਮਿਸ਼ਨਰ ਅਮਿਤ ਕੁਮਾਰ ਨੇ ਕੰਪੋਸਟ ਪਲਾਂਟ ਦਾ ਵੀ ਦੌਰਾ ਕੀਤਾ ਜਿੱਥੇ ਅਧਿਕਾਰੀਆਂ ਨੇ ਦੱਸਿਆ ਕਿ 7,200 ਵਰਗ ਮੀਟਰ ਦੇ ਖੇਤਰ ਵਿੱਚ ਫੈਲਿਆ ਕੰਪੋਸਟ ਪਲਾਂਟ ਜੋ ਕਿ 300 ਟੀਪੀਡੀ ਵਿੰਡੋ ਨਾਲ ਲੈਸ ਹੈ, ਨੂੰ ਸ਼ਹਿਰ ਵਿੱਚ ਵਧ ਰਹੇ ਕੂੜੇ ਨੂੰ ਸੰਭਾਲਣ ਲਈ ਤਿਆਰ ਕੀਤਾ ਗਿਆ ਹੈ। ਸੁੱਕੇ ਕੂੜੇ ਦੇ ਪ੍ਰੋਸੈਸਿੰਗ ਪਲਾਂਟ ਦਾ ਦੌਰਾ ਕਰਦਿਆਂ ਕਮਿਸ਼ਨਰ ਨੇ ਸੁੱਕੇ ਕੂੜੇ ਦੀ ਪ੍ਰੋਸੈਸਿੰਗ ਦਾ ਜਾਇਜ਼ਾ ਲਿਆ। ਸਬੰਧਤ ਇੰਜਨੀਅਰਾਂ ਨੇ ਕਮਿਸ਼ਨਰ ਨੂੰ ਦੱਸਿਆ ਕਿ ਪ੍ਰੋਸੈਸਿੰਗ ਪਲਾਂਟ ਵਿੱਚ ਆਉਂਦੇ ਸੁੱਕੇ ਰਹਿੰਦ-ਖੂੰਹਦ ਨੂੰ ਪਲਾਂਟ ਵਿੱਚ 100 ਫੀਸਦ ਪ੍ਰੋਸੈਸ ਕੀਤਾ ਜਾ ਰਿਹਾ ਹੈ ਅਤੇ ਏਜੰਸੀ ਵੱਲੋਂ ਇਸ ਦੀ ਅੱਗੇ ਆਪਣੀ ਜਾਇਦਾਦ ਵਿੱਚ ਵਰਤੋਂ ਲਈ ਲਿਫਟਿੰਗ ਕੀਤੀ ਜਾ ਰਹੀ ਹੈ। ਕਮਿਸ਼ਨਰ ਅਮਿਤ ਕੁਮਾਰ ਨੇ ਪਿੰਕ ਐੱਮਆਰਐੱਫ ਦਾ ਦੌਰਾ ਵੀ ਕੀਤਾ, ਜੋ ਕਿ ਦੇਸ਼ ਵਿੱਚ ਆਪਣੀ ਕਿਸਮ ਦਾ ਪਹਿਲਾ ਹੈ ਜਿੱਥੇ ਸਿਰਫ਼ ਮਹਿਲਾ ਕਰਮਚਾਰੀ ਹੀ ਕੰਮ ਕਰ ਰਹੀਆਂ ਹਨ।