ਧੀਆਂ ਦੀ ਸਿੱਖਿਆ ’ਚ ਯੋਗਦਾਨ ਲਈ ਕਾਰਪੋਰੇਟ ਅੱਗੇ ਆਉਣ: ਧਨਖੜ
ਨਵੀਂ ਦਿੱਲੀ, 7 ਫਰਵਰੀ
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਾਰਪੋਰੇਟਾਂ ਨੂੰ ਅਪੀਲ ਕੀਤੀ ਹੈ ਕਿ ਉਹ ਧੀਆਂ ਦੀ ਸਿੱਖਿਆ ’ਚ ਯੋਗਦਾਨ ਲਈ ਅੱਗੇ ਆਉਣ। ਉਹ ਦਿੱਲੀ ਯੂਨੀਵਰਸਿਟੀ ਦੇ ਉੱਤਰੀ ਕੈਂਪਸ ਵਿੱਚ ਇੰਦਰਪ੍ਰਸਥ ਕਾਲਜ ਫ਼ਾਰ ਵਿਮੈਨ ਦੇ ਸ਼ਤਾਬਦੀ ਸਮਾਗਮ ਦੌਰਾਨ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਔਰਤਾਂ ਭਾਰਤੀ ਲੋਕਤੰਤਰ ਦਾ ਅਹਿਮ ਹਿੱਸਾ ਹਨ ਅਤੇ ਕਾਰਪੋਰੇਟਾਂ ਨੂੰ ਧੀਆਂ ਦੀ ਸਿੱਖਿਆ ਵਿੱਚ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਸਾਡੇ ਕਾਰੋਬਾਰੀ ਵਿਦੇਸ਼ੀ ਐਨਜੀਓਜ਼ ਨੂੰ ਵੱਡੇ ਪੱਧਰ ’ਤੇ ਦਾਨ ਦਿੰਦੇ ਹਨ। ਜਦੋਂ ਕਿ ਉਨ੍ਹਾਂ ਨੂੰ ਧੀਆਂ ਦੀ ਸਿੱਖਿਆ ’ਚ ਵਧੇਰੇ ਯੋਗਦਾਨ ਪਾਉਣਾ ਚਾਹੀਦਾ ਹੈ ਇਸ ਲਈ ਉਨ੍ਹਾਂ ਨੂੰ ਆਪਣੇ ਸੀਐੱਸਆਰ ਫੰਡਾਂ ਦੀ ਵਰਤੋਂ ਕਰਨੀ ਚਾਹੀਦੀ ਹੈ।’’ ਉਨ੍ਹਾਂ ਕਿਹਾ ਕਿ ਇੱਕ ਸਿੱਖਿਅਤ ਲੜਕੀ ਪੂਰੀ ਪੀੜ੍ਹੀ ਨੂੰ ਬਦਲ ਸਕਦੀ ਹੈ ਜਿਸ ਨਾਲ ਇੱਕ ਕ੍ਰਾਂਤੀ ਦੀ ਸ਼ੁਰੂਆਤ ਹੁੰਦੀ ਹੈ।
ਧਨਖੜ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਨਵੇਂ ਪਾਰਲੀਮੈਂਟ ਭਵਨ ਦਾ ਦੌਰਾ ਕਰਨ ਦਾ ਸੱਦਾ ਦਿੰਦਿਆਂ ਉਨ੍ਹਾਂ ਨੂੰ ਅਜਿਹੇ ਸਿਪਾਹੀ ਦੱਸਿਆ ਜੋ ਅਗਲੇ 25 ਸਾਲਾਂ ਵਿੱਚ ਦੇਸ਼ ਵਿੱਚ ‘ਅੰਮ੍ਰਿਤ ਕਾਲ’ ਦੇ ਸੁਨਹਿਰੀ ਦੌਰ ਦੀ ਸ਼ੁਰੂਆਤ ਕਰਨਗੇ। ਸ਼ਤਾਬਦੀ ਸਮਾਗਮ ਵਿੱਚ ਉਪ ਰਾਸ਼ਟਰਪਤੀ ਦੀ ਪਤਨੀ ਸੁਦੇਸ਼ ਧਨਖੜ, ਦਿੱਲੀ ਯੂਨੀਵਰਸਿਟੀ ਦੇ ਉਪ ਕੁਲਪਤੀ ਯੋਗੇਸ਼ ਸਿੰਘ ਅਤੇ ਆਈਪੀ ਕਾਲਜ ਦੇ ਚੇਅਰਮੈਨ ਆਲੋਕ ਬੀ. ਸ਼੍ਰੀਰਾਮ ਮੌਜੂਦ ਸਨ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਿੰਘ ਨੇ ਆਈਪੀ ਕਾਲਜ ਫਾਰ ਵਿਮੈਨ ਦੇ 100 ਸਾਲਾਂ ਦੇ ਸਫ਼ਰ ਅਤੇ ਸਾਰੇ ਖੇਤਰਾਂ ਵਿੱਚ ਇਸ ਦੇ ਬੇਮਿਸਾਲ ਵਿਕਾਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਯੂਨੀਵਰਸਿਟੀ ਦੀ ਸਮੁੱਚੀ ਅਕਾਦਮਿਕ ਕੁਸ਼ਲਤਾ ਲਈ ਕਾਲਜ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। -ਪੀਟੀਆਈ