ਕਾਰਪੋਰੇਟਾਂ ਦਾ ਢਿੱਡ ਭਰਦੀ ਹੈ ਨਵੀਂ ਸਿੱਖਿਆ ਨੀਤੀ: ਪ੍ਰੋਫੈਸਰ ਪੁਰੀ
ਪੱਤਰ ਪ੍ਰੇਰਕ
ਜਲੰਧਰ, 24 ਸਤੰਬਰ
ਦੇਸ਼ ਭਗਤ ਯਾਦਗਾਰ ਹਾਲ ਵਿੱਚ ਪੰਜਾਬ ਭਰ ਤੋਂ ਜੁੜੇ ਸਿਖਿਆਰਥੀਆਂ ਦਾ ਸਾਲਾਨਾ ਚੇਤਨਾ ਕੈਂਪ ਸ਼ੁਰੂ ਹੋਇਆ। ਪ੍ਰੋਫੈਸਰ ਬਰਕਤ ਉੱਲਾ ਖਾਂ ਸੈਮੀਨਾਰ ਹਾਲ ਵਿੱਚ ਸ਼ੁਰੂ ਹੋਏ ਦੋ ਰੋਜ਼ਾ ਸਿਖਿਆਰਥੀ ਚੇਤਨਾ ਕੈਂਪ ਦੇ ਪਹਿਲੇ ਦਿਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਜਿੱਥੇ ਸਮੁੱਚੇ ਆਜ਼ਾਦੀ ਸੰਗਰਾਮੀਆਂ ਦੀਆਂ ਅਥਾਹ ਕੁਰਬਾਨੀਆਂ ਦਾ ਜ਼ਿਕਰ ਕੀਤਾ ਉੱਥੇ ਹੀ ਵਿਸ਼ੇਸ਼ ਕਰ ਕੇ ਸਤੰਬਰ ਮਹੀਨੇ ਦੀਆਂ ਆਜ਼ਾਦੀ ਸੰਗਰਾਮ ਦੀਆਂ ਇਤਿਹਾਸਕ ਘਟਨਾਵਾਂ ਅਤੇ ਸ਼ਹੀਦਾਂ ਤੇ ਸੰਗਰਾਮੀਆਂ ਦੀ ਅਮਿੱਟ ਦੇਣ ਦਾ ਜ਼ਿਕਰ ਕੀਤਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਸਿਖਿਆਰਥੀ ਚੇਤਨਾ ਕੈਂਪ ਦੇ ਮਹੱਤਵ ’ਤੇ ਚਾਨਣਾ ਪਾਉਂਦਿਆਂ ਸਿਖਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਗਦਰ ਪਾਰਟੀ ਦੀ ਇਤਿਹਾਸਕ ਵਿਰਾਸਤ ਅਤੇ ਇਸ ਦੀ ਪ੍ਰਸੰਗਕਤਾ ਨੂੰ ਸਮਝਦੇ ਹੋਏ ਆਪਣੀ ਇਤਿਹਾਸਕ ਭੂਮਿਕਾ ਅਦਾ ਕਰਨ ਲਈ ਅੱਗੇ ਆਉਣ। ਕਮੇਟੀ ਮੈਂਬਰ ਅਤੇ ਇਤਿਹਾਸ ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ ਨੇ ‘ਗ਼ਦਰ ਪਾਰਟੀ ਦੇ ਆਜ਼ਾਦੀ, ਬਰਾਬਰੀ ਅਤੇ ਧਰਮ-ਨਿਰਪੱਖਤਾ ਦੇ ਸੰਕਲਪ’ ਉੱਤੇ ਬਹੁਤ ਹੀ ਗੁੰਦਵੇਂ ਅਤੇ ਅਰਥ-ਭਰਪੂਰ ਭਾਸ਼ਣ ਨਾਲ ਗ਼ਦਰ ਪਾਰਟੀ ਦੇ ਇਨ੍ਹਾਂ ਤਿੰਨੋਂ ਪੱਖਾਂ ਦੀਆਂ ਮਹੀਣ ਪਰਤਾਂ ਨੂੰ ਖੋਲ੍ਹਿਆ। ਉਨ੍ਹਾਂ ਇਤਿਹਾਸਕ ਟੂਕਾਂ ਦੇ ਹਵਾਲਿਆਂ ਨਾਲ ਇਤਿਹਾਸ ਦਾ ਦਰਪਣ, ਸਿਖਿਆਰਥੀਆਂ ਦੇ ਰੂਬਰੂ ਕੀਤਾ। ਹਰਵਿੰਦਰ ਭੰਡਾਲ ਨੇ ਸਿਖਿਆਰਥੀਆਂ ਨੂੰ ਚੌਕਸ ਕੀਤਾ ਕਿ ਜਿਵੇਂ ਅੱਜ ਇਨ੍ਹਾਂ ਤਿੰਨੋਂ ਨੁਕਤਿਆਂ ਨਾਲ ਉਲਟੀ ਸਿਆਸਤ ਖੇਡ ਖੇਡੀ ਜਾ ਰਹੀ ਹੈ।
ਦੂਜੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋ. ਕੁਲਦੀਪ ਪੁਰੀ ਨੇ ਸਿੱਖਿਆ ਨੀਤੀ 2020: ਜਵਾਨੀ ਦਾ ਪਰਵਾਸ ਅਤੇ ਪੰਜਾਬ ਦਾ ਭਵਿੱਖ’ ਵਿਸ਼ੇ ’ਤੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਹ ਸਿੱਖਿਆ ਨੀਤੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਕੇ ਉਨ੍ਹਾਂ ਲਈ ਮੁਨਾਫ਼ੇ ਦੀ ਮੰਡੀ ਦੇ ਸਾਰੇ ਬੂਹੇ ਖੋਲ੍ਹਣਾ ਹੈ। ਕੈਂਪ ਦੇ ਤੀਜੇ ਸੈਸ਼ਨ ’ਚ ਸਿਖਿਆਰਥੀਆਂ ਨੇ ਮੰਚ ’ਤੇ ਆ ਕੇ ਜਾਣ-ਪਛਾਣ ਕੀਤੀ। ਉਪਰੰਤ ‘ਪੀਪਲਜ਼ ਵੁਆਇਸ’ ਵੱਲੋਂ ਇਨਕਲਾਬੀ ਗੀਤ ਅਤੇ ਸੱਤਿਆਜੀਤ ਰੇਅ ਦੀ ਫ਼ਿਲਮ ‘ਸਦਗਤੀ’ ਦੀ ਸਕਰੀਨਿੰਗ ਕੀਤੀ ਗਈ।