ਸਟੱਡੀ ਵੀਜ਼ੇ ’ਤੇ ਵਿਦੇਸ਼ ਜਾਣ ਵਾਲੇ ਕਰੋਨਾ ਨੇ ਪੜ੍ਹਨੇ ਪਾਏ
ਜੋਗਿੰਦਰ ਸਿੰਘ ਮਾਨ
ਮਾਨਸਾ, 26 ਜੁਲਾਈ
ਕੋਵਿਡ-19 ਮਹਾਮਾਰੀ ਨੇ ਵਿਦੇਸ਼ੀ ਉਡਾਣਾਂ ਭਰਨ ਵਾਲੇ ਸੈਂਕੜੇ ਨੌਜਵਾਨਾਂ ਦੇ ਸੁਫ਼ਨੇ ਚਕਨਾਚੂਰ ਕਰ ਦਿੱਤੇ ਹਨ। ਵਿਦੇਸ਼ ਜਾਣ ਦੇ ਚਾਵਾਂ ਨੂੰ ਉਤਸ਼ਾਹਿਤ ਕਰਨ ਵਾਲੇ ਆਈਲੈਟਸ ਸੈਂਟਰਾਂ ਦੇ ਮਾਲਕ ਹੁਣ ਮੱਥੇ ‘ਤੇ ਹੱਥ ਧਰ ਕੇ ਕਰੋਨਾ ਦੇ ਖ਼ਾਤਮੇ ਦੀਆਂ ਦੁਆਵਾਂ ਕਰ ਰਹੇ ਹਨ। ਅੰਕੜੇ ਦੱਸਦੇ ਹਨ ਕਿ ਕਰੋਨਾ ਦੇ ਭਿਆਨਕ ਕਹਿਰ ਤੋਂ ਪਹਿਲਾਂ ਸਭ ਤੋਂ ਵੱਧ ਉਡਾਣਾਂ ਮਾਲਵਾ ਪੱਟੀ ਤੋਂ ਜਾਣ ਵਾਲੇ ਮੁੰਡਿਆਂ ਦੀਆਂ ਭਰਦੀਆਂ ਸਨ, ਪਰ ਹੁਣ ਮਾਨਸਾ ਸ਼ਹਿਰ ਦੇ ਕਚਹਿਰੀ ਰੋਡ ਤੋਂ ਲੈ ਕੇ ਸਾਰਿਆਂ ਸ਼ਹਿਰਾਂ ਦੇ ਆਈਲੈਟਸ ਸੈਂਟਰਾਂ ‘ਚ ਕਾਂ ਬੋਲਦੇ ਹਨ।
ਹਜ਼ਾਰਾਂ ਬੱਚੇ ਜਹਾਜ਼ ਨਹੀਂ ਚੜ੍ਹ ਸਕੇ, ਸੈਂਕੜਿਆਂ ਦੇ ਵਿਆਹ ਰੁਕ ਗਏ ਅਤੇ ਆਈਲੈਟਸ ਕਰਨ ਵਾਲੀਆਂ ਅਨੇਕਾਂ ਕੁੜੀਆਂ ਘਰ ਬੈਠੀਆਂ ਹਨ, ਜਨਿ੍ਹਾਂ ਦੇ ਮੰਗੇਤਰ ਵਿਦੇਸ਼ ਜਾਣ ਦੇ ਸੁਫ਼ਨੇ ਦੇਖ ਰਹੇ ਹਨ।
ਮਾਨਸਾ ਪਿੰਡ ਦੇ ਨੌਜਵਾਨ ਸੁਖਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਬਾਰ੍ਹਵੀਂ ਜਮਾਤ ਮਗਰੋਂ ਕੈਨੇਡਾ ਜਾਣ ਲਈ ਤਿੰਨ ਮਹੀਨਿਆਂ ਤੋਂ ਦਨਿ-ਰਾਤ ਇਕ ਕਰ ਕੇ ਤਿਆਰੀ ਕਰ ਰਿਹਾ ਸੀ, ਪਰ ਅਚਾਨਕ ਹੀ ਕਰੋਨਾ ਕਾਰਨ ਸਭ ਕੁਝ ਧਰਿਆ ਧਰਾਇਆ ਰਹਿ ਗਿਆ। ਉਸ ਦੇ ਪਿਤਾ ਪਰਮਜੀਤ ਸਿੰਘ ਨੇ ਕਿਹਾ ਕਿ ਉਸ ਦੇ ਲਾਡਲੇ ਨੇ ਤਾਂ ਵਿਦੇਸ਼ ਜਾਣ ਦੇ ਚਾਅ ’ਚ ਬਾਕੀ ਪੜ੍ਹਾਈ ਵੀ ਛੱਡ ਦਿੱਤੀ ਸੀ, ਹੁਣ ਉਹ ਅੱਧ-ਵਿਚਾਲੇ ਲਟਕ ਗਿਆ ਹੈ। ਇਸੇ ਤਰ੍ਹਾਂ ਖੁਸ਼ਪ੍ਰੀਤ ਸਿੰਘ ਲੱਖੀਵਾਲ ਨੇ 8 ਲੱਖ ਰੁਪਏ ਟਿਊਸ਼ਨ ਫੀਸ, 5 ਲੱਖ 70 ਹਜ਼ਾਰ ਰੁਪਏ ਜੀਆਈਸੀ ਦੇ ਭਰੇ ਹਨ ਤੇ ਉਸ ਦਾ ਮੈਡੀਕਲ ਵੀ ਹੋ ਚੁੱਕਾ ਹੈ, ਪਰ ਕਰੋਨਾ ਕਾਰਨ ਉਹ ਜਹਾਜ਼ ਨਾ ਚੜ੍ਹ ਸਕਿਆ। ਇਸੇ ਤਰ੍ਹਾਂ ਹੋਰਨਾਂ ਸੈਂਕੜੇ ਮੁੰਡੇ-ਕੁੜੀਆਂ ਦੀਆਂ ਕੈਨੇਡਾ, ਆਸਟਰੇਲੀਆ ਤੇ ਅਮਰੀਕਾ ਸਣੇ ਹੋਰ ਵੱਖ-ਵੱਖ ਦੇਸ਼ਾਂ ਦੀਆਂ ਅੰਬੈਸੀਆਂ ਵਿੱਚ ਫਾਈਲਾਂ ਫਸੀਆਂ ਹੋਈਆਂ ਹਨ।
ਮਾਨਸਾ ਸਥਿਤ ਇਕ ਆਈਲੈਂਟਸ ਸੈਂਟਰ ਦੇ ਪ੍ਰਬੰਧਕ ਨਿਰਵੈਰ ਸਿੰਘ ਨੇ ਦੱਸਿਆ ਕਿ ਸੈਂਟਰ ਬੰਦ ਹੋਣ ਨਾਲ ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ ਲੱਗਿਆ ਹੋਇਆ ਹੈ ਤੇ ਉਨ੍ਹਾਂ ਦੀਆਂ ਤਿਆਰੀਆਂ ਵਿਚਾਲੇ ਹੀ ਰਹਿ ਗਈਆਂ ਹਨ। ਉਨ੍ਹਾਂ ਕਿਹਾ ਕਿ ਮਾਨਸਾ ਵਿੱਚ ਕਰੀਬ 70 ਆਈਲੈਂਟਸ ਸੈਂਟਰ ਬੰਦ ਪਏ ਹਨ ਅਤੇ ਉਨ੍ਹਾਂ ਸਿਰ ਬਿਲਡਿੰਗਾਂ ਦੇ ਕਿਰਾਏ, ਅਧਿਆਪਕਾਂ ਦੀਆਂ ਤਨਖ਼ਾਹਾਂ ਤੇ ਬੈਂਕਾਂ ਦੀਆਂ ਕਿਸ਼ਤਾਂ ਸਣੇ ਕਈ ਖ਼ਰਚੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕਰੋਨਾਵਾਇਰਸ ਨਾਲ ਸਬੰਧਤ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਕੇ ਸੈਂਟਰ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਜਾਵੇ ਤੇ ਉਹ ਹਰ ਤਰ੍ਹਾਂ ਦੇ ਨੇਮਾਂ ਦੀ ਪਾਲਣਾ ਕਰਨ ਲਈ ਤਿਆਰ ਹਨ।