ਕਰੋਨਾ: ਰਾਮਗੜ੍ਹ ਦੇ ਸਮਸ਼ਾਨਘਾਟ ’ਚ ਸਸਕਾਰਾਂ ਲਈ 29 ਤੱਕ ਬੁਕਿੰਗ ਹੋਈ
ਸਤਵਿੰਦਰ ਬਸਰਾ
ਲੁਧਿਆਣਾ, 25 ਜੁਲਾਈ
ਇਥੇ ਸਥਾਨਕ ਢੋਲੇਵਾਲ ਚੌਕ ’ਚ ਪੈਂਦੀ ਰਾਮਗੜ੍ਹ ਦੇ ਸਮਸ਼ਾਨਘਾਟ ਵਿੱਚ ਕਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਸਸਕਾਰ ਲਈ ਆਉਂਦੀ 29 ਜੁਲਾਈ ਤੱਕ ਬੁਕਿੰਗ ਹੋ ਚੁੱਕੀ ਹੈ। ਬਨਿਾਂ ਕੋਈ ਸਰਕਾਰੀ ਸਹਾਇਤਾਂ ਨਾਲ ਇਸ ਸਮਸ਼ਾਨਘਾਟ ਵਿੱਚ ਅੱਜ ਤੱਕ 67 ਕਰੋਨਾ ਨਾਲ ਮਰਨ ਵਾਲਿਆਂ ਦੇ ਸਸਕਾਰ ਕੀਤੇ ਜਾ ਚੁੱਕੇ ਹਨ। ਸਮਸ਼ਾਨਘਾਟ ਦੇ ਪ੍ਰਬੰਧਕਾਂ ਨੇ ਸਰਕਾਰ ਤੋਂ ਇੱਥੇ ਸੇਵਾਵਾਂ ਦੇ ਰਹੇ ਮੁਲਾਜ਼ਮਾਂ ਦੀ ਪੂਰੀ ਇੰਸ਼ੋਰੈਂਸ ਕਰਨ ਦੀ ਮੰਗ ਕੀਤੀ ਹੈ। ਲੁਧਿਆਣਾ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਹ ਵੀ ਪਤਾ ਲੱਗਾ ਹੈ ਕਿ 29 ਜੁਲਾਈ ਤੱਕ ਇੱਥੇ ਪਹਿਲਾਂ ਹੀ ਸਸਕਾਰ ਲਈ ਬੁਕਿੰਗ ਪੂਰੀ ਹੋ ਚੁੱਕੀ ਹੈ। ਮ੍ਰਿਤਕਾਂ ਦੇ ਸਸਕਾਰ ਲਈ ਹੁਣ ਤਾਂ ਕਈ ਉੱਚ ਅਫਸਰਾਂ ਦੀਆਂ ਸਿਫਾਰਸ਼ਾਂ ਤੱਕ ਆਉਣ ਲੱਗ ਪਈਆਂ ਹਨ। ਜੇਕਰ ਇੱਥੇ ਪਾਠੀ ਸਿੰਘ ਵਜੋਂ ਸੇਵਾ ਨਿਭਾਉਂਦੇ ਗੁਰਦੇਵ ਸਿੰਘ ਅਤੇ ਪੰਡਿਤ ਪੰਕਜ਼ ਸ਼ਰਮਾ ਦੀ ਮੰਨੀਏ ਤਾਂ ਸਮਸ਼ਾਨਘਾਟ ਵਿੱਚ ਕਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੇ ਰੋਜ਼ਾਨਾ ਔਸਤਨ ਤਿੰਨ ਸਸਕਾਰ ਕੀਤੇ ਜਾਂਦੇ ਹਨ ਅਤੇ ਕਈ ਵਾਰ ਇਹ ਗਿਣਤੀ ਵਧ ਕੇ ਚਾਰ ਵੀ ਹੋ ਜਾਂਦੀ ਹੈ। ਕਰੋਨਾ ਕਾਰਨ ਮਰਨ ਵਾਲੇ ਮਰੀਜ਼ਾਂ ਦੇ ਪਰਿਵਾਰਾਂ ਵਿੱਚ ਡਰ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਸਕਾਰ ਤੋਂ ਬਾਅਦ ਵੀ ਉਹ ਆਪਣੇ ਮੈਂਬਰ ਦੀਆਂ ਸਮਸ਼ਾਨਘਾਟ ਤੋਂ ਅਸਥੀਆਂ ਚੁੱਕਣ ਨਹੀਂ ਆਉਂਦੇ। ਇਹੋ ਕਾਰਨ ਹੈ ਕਿ ਸਮਸ਼ਾਨਘਾਟ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਅਸਥੀਆਂ ਦੇ ਭਰੇ 40 ਬੋਰੇ ਥਾਂ-ਥਾਂ ਠੋਕਰਾਂ ਖਾ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਇਸ ਸਮਸ਼ਾਨਘਾਟ ਦਾ ਸਾਰਾ ਪ੍ਰਬੰਧ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਵੱਲੋਂ ਕੀਤਾ ਜਾਂਦਾ ਹੈ। ਇੱਥੇ ਸੇਵਾਵਾਂ ਦਿੰਦੇ ਪਾਠੀ, ਪੰਡਿਤ ਅਤੇ ਇੱਕ ਸਫਾਈ ਸੇਵਕ ਪ੍ਰਵੀਨ ਕੁਮਾਰ ਨੂੰ ਤਨਖਾਹ ਪ੍ਰਬੰਧਕਾਂ ਵੱਲੋਂ ਹੀ ਦਿੱਤੀ ਜਾ ਰਹੀ ਹੈ ਪਰ ਸਰਕਾਰ ਵੱਲੋਂ ਅਜੇ ਤੱਕ ਕੋਈ ਸਹਾਇਤਾ ਪ੍ਰਾਪਤ ਨਹੀਂ ਹੋਈ। ਬਸ ਗੈਸ ਸਿਲੰਡਰ ਦੀਆਂ ਸੇਵਾਵਾਂ ਹੀ ਫੂਡ ਸਪਲਾਈ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਨੇ ਦੱਸਿਆ ਕਿ ਲੁਧਿਆਣਾ ਵਿੱਚ ਕਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੇ ਇੱਕ ਹੀ ਸਮਸ਼ਾਨਘਾਟ ਵਿੱਚ ਸਸਕਾਰ ਕੀਤੇ ਜਾਂਦੇ ਹਨ। ਰਣਜੋਧ ਸਿੰਘ ਨੇ ਕਿਹਾ ਕਿ ਉਹ ਸਰਕਾਰ ਤੋਂ ਹੋਰ ਕੁੱਝ ਨਹੀਂ ਮੰਗਦੇ ਪਰ ਇੱਥੇ ਸੇਵਾਵਾਂ ਦੇ ਰਹੇ ਉਕਤ ਤਿੰਨੋਂ ਮੁਲਾਜ਼ਮਾਂ ਦੀ ਦਲੇਰੀ ਅਤੇ ਸਮਰਪਿਤ ਭਾਵਨਾ ਨੂੰ ਦੇਖਦਿਆਂ ਉਨਾਂ ਦਾ ਪੂਰਾ ਬੀਮਾ ਕਰਵਾਇਆ ਜਾਵੇ ਅਤੇ ਉਨਾਂ ਨੂੰ ਕੋਰੋਨਾ ਵਾਰੀਅਰ ਵਜੋਂ 15 ਅਗਸਤ ਨੂੰ ਸਨਮਾਨਿਤ ਕੀਤਾ ਜਾਵੇ।