ਕਰੋਨਾ: ਯੋਗਾ ਅਧਿਆਪਕਾਂ ਦੀਆਂ ਡਿਊਟੀਆਂ ਲਗਾਉਣ ’ਤੇ ਵਿਚਾਰਾਂ
ਮਹਾਵੀਰ ਮਿੱਤਲ
ਜੀਂਦ, 20 ਅਗਸਤ
ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੇ ਕਿਹਾ ਹੈ ਕਿ ਕਰੋਨਾ ਦੀ ਮਹਾਮਾਰੀ ’ਤੇ ਕਾਬੂ ਪਾਉਣ ਲਈ ਯੋਗਾ ਟੀਚਰਜ਼ ਅਤੇ ਕਾਊਂਸਲਰਾਂ ਦੀ ਡਿਊਟੀ ਵੀ ਲਗਾਈ ਜਾਵੇ। ਅੱਜ ਇੱਥੇ ਲਘੂ ਸਕੱਤਰੇਤ ਵਿੱਚ ਜੀਂਦ, ਹਿਸਾਰ ਅਤੇ ਕੈਥਲ ਦੇ ਡੀਸੀ ਅਤੇ ਐੱਸਪੀ, ਸਿਵਲ ਸਰਜਨ ਅਤੇ ਡਿਪਟੀ ਸਿਵਲ ਸਰਜਨਾਂ ਦੀ ਬੁਲਾਈ ਇੱਕ ਬੈਠਕ ਵਿੱਚ ਰਾਜੀਵ ਅਰੋੜਾ ਨੇ ਕਿਹਾ ਕਿ ਕਰੋਨਾਵਾਇਰਸ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਣਾ ਨਿਸ਼ਚਿਤ ਕੀਤਾ ਜਾਵੇ। ਸਾਰੇ ਡੀਸੀ ਆਪਣੇ ਆਪਣੇ ਇਲਾਕਿਆਂ ਵਿੱਚ ਕੋਵਿਡ ਕੇਅਰ ਸੈਂਟਰਾਂ ਦਾ ਸਮੇਂ-ਸਮੇਂ ’ਤੇ ਦੌਰਾ ਕਰਦੇ ਰਹਿਣ ਤਾਂਕਿ ਉੱਥੇ ਕਿਸੇ ਪ੍ਰਕਾਰ ਦੀ ਇਲਾਜ ਸੁਵਿਧਾ ਦੀ ਘਾਟ ਨਾ ਰਹੇ। ਲੋੜੀਂਦੀ ਮਾਤਰਾ ਵਿੱਚ ਬੈੱਡਾਂ ਦਾ ਪ੍ਰਬੰਧ ਕੀਤਾ ਜਾਵੇ, ਆਕਸੀਜਨ ਦੇ ਸਿਲੈਂਡਰਾਂ ਦਾ ਵਿਸ਼ੇਸ਼ ਤੌਰ ’ਤੇ ਪ੍ਰਬੰਧ ਕੀਤਾ ਜਾਵੇ। ਹਰ ਕੋਵਿਡ ਹਸਪਤਾਲ ਵਿੱਚ ਡਾਕਟਰਾਂ ਦੀ ਡਿਊਟੀ ਦੇ ਨਾਲ ਯੋਗਾਂ ਟੀਚਰਜ਼ ਦੀ ਵੀ ਡਿਊਟੀ ਲਗਾਉਣੀ ਯਕੀਨੀ ਬਣਾਈ ਜਾਵੇ। ਇਨ੍ਹਾਂ ਕੋਵਿਡ ਹਸਪਤਾਲਾਂ ’ਚ ਸਮੇਂ-ਸਮੇਂ ’ਤੇ ਮਨੋਵਿਗਿਆਨਿਕਾਂ ਦਾ ਵੀ ਦੌਰਾ ਕਰਵਾਉਂਦੇ ਰਹਿਣ ਤਾਂਕਿ ਮਰੀਜ਼ਾਂ ਦੇ ਦਿਮਾਗ਼ ’ਤੇ ਕੋਈ ਮਾਨਸਿਕ ਅਸਰ ਨਾ ਪਵੇ। ਉਨ੍ਹਾਂ ਨੇ ਕਿਹਾ ਕਿ ਵਿਅਕਤੀ ਦਾ ਕਰੋਨਾ ਸੈਂਪਲ ਲੈਣ ਮਗਰੋਂ ਜਦੋਂ ਤੱਕ ਉਸਦੀ ਜਾਂਚ ਰਿਪੋਰਟ ਨਹੀਂ ਆਉਂਦੀ, ਉਦੋਂ ਤੱਕ ਉਸਨੂੰ ਇਕਾਂਤਵਾਸ ’ਚ ਰਹਿਣ ਦੇ ਹੁਕਮ ਦਿੱਤੇ ਜਾਣ।