ਕਰੋਨਾ: ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਜਾਰੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਗਸਤ
ਇਥੇ ਅੱਜ 1450 ਕਰੋਨਾਵਾਇਰਸ ਮਾਮਲੇ ਸਾਹਮਣੇ ਆਏ ਹਨ। ਇਹ ਅਗਸਤ ਵਿੱਚ ਸਭ ਤੋਂ ਵੱਧ ਇਕ ਰੋਜ਼ਾ ਵਾਧਾ ਹੈ, ਜਿਸ ਕਾਰਨ ਲਾਗ ਦੀ ਗਿਣਤੀ 1.61 ਲੱਖ ਤੋਂ ਵੱਧ ਹੋ ਗਈ ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 4300 ’ਤੇ ਜਾ ਪੁੱਜੀ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ 16 ਨਵੀਂਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਐਤਵਾਰ ਨੂੰ ਤਾਜ਼ਾ ਮਾਮਲਿਆਂ ਵਿੱਚ ਵਾਧਾ ਸ਼ਨਿਰਚਵਾਰ ਨੂੰ 1412 ਕੇਸਾਂ ਦੇ ਵਾਧੇ ਨੂੰ ਪਾਰ ਕਰ ਗਿਆ। ਦਿੱਲੀ ਸਰਕਾਰ ਦੇ ਸਿਹਤ ਬੁਲੇਟਿਨ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 6261 ਆਰਟੀਪੀਸੀਆਰ, ਸੀਬੀਐੱਨਏਟੀ, ਟਰੂਨੇਟ ਟੈਸਟ ਤੇ 12470 ਰੈਪਿਡ ਐਂਟੀਜੇਨ ਟੈਸਟ ਕੀਤੇ ਗਏ। ਕੇਸਾਂ ਦੀ ਕੁੱਲ ਸੰਖਿਆ 161466 ਰਹੀ। ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਸਰਗਰਮ ਕੇਸਾਂ ਦੀ ਗਿਣਤੀ 11778 ਹੈ ਜਦੋਂ ਕਿ 145388 ਮਰੀਜ਼ ਜਾਂ ਤਾਂ ਠੀਕ ਹੋਏ, ਛੁੱਟੀ ’ਤੇ ਆਏ ਹਨ ਜਾਂ ਮਾਈਗ੍ਰੇਟ ਹੋ ਗਏ ਹਨ। ਕਰੋਨਾਵਾਇਰਸ ਕੰਟੇਨਮੈਂਟ ਜ਼ੋਨਾਂ ਦੀ ਗਿਣਤੀ 627 ਹੋ ਗਈ ਹੈ।
ਅੱਜ ਖੁੱਲ੍ਹਣਗੇ ਹਫ਼ਤਾਵਾਰੀ ਬਾਜ਼ਾਰ
ਦਿੱਲੀ ਦੇ ਹਫ਼ਤਾਵਾਰ ਬਾਜ਼ਾਰ ਸੋਮਵਾਰ ਤੋਂ ਖੋਲ੍ਹੇ ਜਾ ਰਹੇ ਹਨ। ਇਹ ਬਾਜ਼ਾਰ ਕਰੋਨਾ ਮਹਾਮਾਰੀ ਦੌਰਾਨ ਕੇਂਦਰ ਸਰਕਾਰ ਦੀਆਂ ਹਦਾਇਤਾਂ ’ਤੇ ਦਿੱਲੀ ਸਰਕਾਰ ਵੱਲੋਂ ਬੰਦ ਕਰ ਦਿੱਤੇ ਗਏ ਸਨ। ਕਰੀਬ 5 ਮਹੀਨਿਆਂ ਮਗਰੋਂ ਇਨ੍ਹਾਂ ਬਾਜ਼ਾਰਾਂ ਦੇ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਰੌਣਕ ਪਰਤੀ ਹੈ ਕਿਉਂਕਿ ਕਰੋਨਾ ਸੰਕਟ ਦੌਰਾਨ ਜਿੱਥੇ ਵੱਡੀ ਆਰਥਿਕਤਾ ਨੂੰ ਸੱਟ ਲੱਗੀ ਹੈ ਉੱਥੇ ਹੀ ਘਰੇਲੂ, ਦਰਮਿਆਨੇ ਤੇ ਛੋਟੇ ਕਾਰੋਬਾਰਾਂ ਦਾ ਬੁਰਾ ਹਾਲ ਹੋ ਗਿਆ ਹੈ। ਛੋਟੇ ਦੁਕਾਨਦਾਰਾਂ ਉਪਰ ਕਿਰਾਏ ਤੇ ਪੱਕੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦਾ ਬੋਝ ਵੀ ਪੈ ਰਿਹਾ ਸੀ ਤੇ ਦੁਕਾਨਾਂ, ਸ਼ੋਅਰੂਮਾਂ ਦੇ ਖਰਚੇ ਵੱਖਰੇ ਝੱਲਣੇ ਪੈ ਰਹੇ ਹਨ। ਦਿੱਲੀ ਆਫ਼ਤ ਪ੍ਰਬੰਧਨ ਅਥਾਰਿਟੀ (ਡੀਡੀਐੱਮਏ) ਵੱਲੋਂ ਹਫ਼ਤਾਬਾਰ ਬਾਜ਼ਾਰਾਂ ਦੇ ਖੋਲ੍ਹਣ ਲਈ ਬੀਤੇ ਦਿਨੀਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਤੇ ਕੇਂਦਰ ਸਰਕਾਰ ਦੇ ਸਮਾਜਕ ਦੂਰੀਆਂ ਤੇ ਮਾਸਕ ਪਾ ਕੇ ਘਰਾਂ ਵਿੱਚੋਂ ਨਿਕਲਣ ਦੇ ਨੇਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਲਾਜ਼ਮੀ ਹੈ। ਫਿਲਹਾਲ ਇਹ ਬਾਜ਼ਾਰ 30 ਅਗਸਤ ਤਕ ਅਜ਼ਮਾਇਸ਼ੀ ਤੌਰ ਉਪਰ ਖੋਲ੍ਹੇ ਜਾਣਗੇ ਤੇ ਜੋ ਪ੍ਰਤੀਕਿਰਿਆ ਆਵੇਗੀ ਉਸੇ ਅਨੁਸਾਰ ਅੱਗੇ ਦੀ ਰਣਨੀਤੀ ਅਪਣਾਈ ਜਾਵੇਗੀ।