ਕਰੋਨਾ ਟੈਸਟ: ਜਲੰਧਰ ਦੇ ਪਟੇਲ ਹਸਪਤਾਲ ਦੀ ਲੈਬ ਸ਼ੱਕ ਦੇ ਘੇਰੇ ’ਚ
ਪਾਲ ਸਿੰਘ ਨੌਲੀ
ਜਲੰਧਰ, 28 ਜੁਲਾਈ
ਇਥੋਂ ਦੇ ਪਟੇਲ ਹਸਪਤਾਲ ਦੀਆਂ ਕੋਵਿਡ-19 ਰਿਪੋਰਟਾਂ ਸ਼ੱਕ ਦੇ ਘੇਰੇ ਵਿੱਚ ਆ ਗਈਆਂ ਹਨ। ਸਿਹਤ ਵਿਭਾਗ ਪੰਜਾਬ ਦੀ ਵਿਸ਼ੇਸ਼ ਸਕੱਤਰ ਈਸ਼ਾ ਕਾਲੀਆ ਨੇ ਪੀਜੀਆਈ ਚੰਡੀਗੜ੍ਹ ਦੇ ਡਾਇਰੈਕਟਰ ਨੂੰ ਪੱਤਰ ਲਿਖ ਕੇ ਪਟੇਲ ਹਸਪਤਾਲ ਜਲੰਧਰ ਦੀ ਜਾਂਚ ਕੀਤੀ ਜਾਵੇ, ਕਿਉਂਕਿ ਪਟੇਲ ਹਸਪਤਾਲ ‘ਚ ਕੀਤੇ ਗਏ ਟੈਸਟਾਂ ਦੇ ਨਤੀਜੇ ਬਾਕੀ ਲੈਬਾਂ ਦੇ ਮੁਕਾਬਲੇ ਜ਼ਿਆਦਾ ਪਾਜ਼ੇਟਿਵ ਆ ਰਹੇ ਹਨ। ਵਿਸ਼ੇਸ਼ ਸਕੱਤਰ ਈਸ਼ਾ ਕਾਲੀਆ ਨੇ ਪੀਜੀਆਈ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਪਟੇਲ ਹਸਪਤਾਲ ਜਲੰਧਰ ਵੱਲੋਂ ਕੋਵਿਡ-19 ਦੇ ਕੀਤੇ ਜਾ ਰਹੇ ਟੈਸਟਾਂ ‘ਚ ਪਾਜ਼ੇਟਿਵ ਕੇਸ ਜ਼ਿਆਦਾ ਕੱਢੇ ਜਾ ਰਹੇ ਹਨ। ਇਸ ਦੀ ਲੈਬ ‘ਚੋਂ ਸੈਂਪਲ ਮੰਗਵਾ ਕੇ ਆਡਿਟ ਕੀਤਾ ਜਾਵੇ। ਪੀਜੀਆਈ ਨੇ ਸੈਂਪਲਾਂ ਦੀ ਜਾਂਚ ਲਈ ਡਾਕਟਰ ਮਿੰਨੀ ਦੀ ਡਿਊਟੀ ਲਗਾਈ ਹੈ। ਉਧਰ ਡਾਕਟਰ ਮਿੰਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਪੱਤਰ ਮਿਲ ਗਿਆ ਹੈ ਤੇ ਉਹ ਛੇਤੀ ਹੀ ਪਟੇਲ ਹਸਪਤਾਲ ਦੀ ਲੈਬ ‘ਚੋਂ ਕਰੋਨਾ ਦੇ ਕੀਤੇ ਗਏ ਟੈਸਟਾਂ ਦੇ ਸੈਂਪਲ ਮੰਗਵਾ ਕੇ ਉਨ੍ਹਾਂ ਦੀ ਪਰਖ ਕਰਨਗੇ ਅਤੇ ਰਿਪੋਰਟ ਤਿਆਰ ਕਰ ਕੇ ਸਿਹਤ ਵਿਭਾਗ ਵਿਸ਼ੇਸ਼ ਸਕੱਤਰ ਨੂੰ ਸੌਂਪਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੀ ਤੁਲੀ ਲੈਬ ਵੀ ਸ਼ੱਕ ਦੇ ਘੇਰੇ ਵਿੱਚ ਆ ਚੁੱਕੀ।