ਕਰੋਨਾ: ਵਿਧਾਤਾ ’ਚ ਭੈਣ-ਭਰਾ ਦੀ ਰਿਪੋਰਟ ਪਾਜ਼ੇਟਿਵ
ਲਖਵੀਰ ਸਿੰਘ ਚੀਮਾ
ਟੱਲੇਵਾਲ, 25 ਜੁਲਾਈ
ਪਿੰਡ ਵਿਧਾਤੇ ਵਿੱਚ ਸਕੇ ਭੈਣ-ਭਰਾ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸਿਹਤ ਵਿਭਾਗ ਦੇ ਐੱਸਆਈ ਬਲਵਿੰਦਰ ਰਾਮ ਨੇ ਦੱਸਿਆ ਕਿ ਬੀਤੇ ਦਨਿੀਂ ਵਿਧਾਤਾ ਦੇ ਰਜਿੰਦਰ ਦਾਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਜਿਸ ਤੋਂ ਬਾਅਦ ਉਸ ਦੇ ਚਾਰ ਪਰਿਵਾਰਕ ਮੈਂਬਰਾਂ ਦੀ ਸੈਂਪਲਿੰਗ ਕੀਤੀ ਗਈ ਸੀ। ਹੁਣ ਇਨ੍ਹਾਂ ਵਿੱਚੋਂ 25 ਸਾਲਾ ਲੜਕੇ ਅਤੇ 26 ਸਾਲਾ ਲੜਕੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਨਿ੍ਹਾਂ ਨੂੰ ਬਰਨਾਲਾ ਦੇ ਆਈਸੋਲੇਸ਼ਨ ਕੇਂਦਰ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਿੰਡ ਦੇ 296 ਘਰਾਂ ਦਾ ਸਰਵੇਖਣ ਕੀਤਾ ਗਿਆ ਹੈ।
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਸ਼ਹਿਰ ਦੀ ਐੱਸਬੀਐੱਸ ਕਲੋਨੀ ’ਚ ਕਰੋਨਾ ਦਾ ਇੱਕ ਮਰੀਜ਼ ਆਇਆ ਹੈ। ਕਮਲੇਸ਼ ਯਾਦਵ ਯਾਦਵ ਬੱਸ ਸਟੈਂਡ ਨੇੜੇ ਦੁਕਾਨ ਕਰਦਾ ਸੀ ਜੋ ਬਿਹਾਰ ਤੋਂ 19 ਜੁਲਾਈ ਨੂੰ ਰਾਤ 8 ਵਜੇ ਰਾਮਪੁਰਾ ਆਇਆ ਸੀ। ਉਸ ਨੂੰ ਉਸ ਦਨਿ ਤੋਂ ਹੀ ਏਕਾਂਤਵਾਸ ਕੀਤਾ ਹੋਇਆ ਸੀ ਜਿਸ ਦੀ ਰਿਪੋਰਟ ਹੁਣ ਪਾਜ਼ੇਟਿਵ ਆਉਣ ਨਾਲ ਸਿਹਤ ਵਿਭਾਗ ਦੀ ਟੀਮ ਵੱਲੋਂ ਉਸ ਨੂੰ ਬਠਿੰਡਾ ਹਸਪਤਾਲ ਭੇਜ ਦਿੱਤਾ ਗਿਆ ਹੈ।
ਸਿਰਸਾ (ਪ੍ਰਭੂ ਦਿਆਲ ਸਿਰਸਾ): ਇੱਥੋਂ ਦੇ ਨਾਗਰਿਕ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਦਾਖ਼ਲ ਇੱਕ ਕਰੋਨਾ ਪਾਜ਼ੇਟਿਵ 70 ਸਾਲਾ ਬਜ਼ੁਰਗ ਵਿਅਕਤੀ ਹਸਪਤਾਲੋਂ ਲਾਪਤਾ ਹੋ ਗਿਆ ਜਿਸ ਨਾਲ ਹਸਪਤਾਲ ਤੇ ਮਰੀਜ਼ ਦੇ ਪਰਿਵਾਰ ’ਚ ਹਫੜਾ ਦਫੜੀ ਮਚ ਗਈ। ਪਰਿਵਾਰ ਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਕਈ ਘੰਟਿਆਂ ਦੀ ਜੱਦੋ-ਜਹਿਦ ਮਗਰੋਂ ਵਿਅਕਤੀ ਹਸਪਤਾਲ ਦੇ ਪਿਛਵਾੜਿਓਂ ਲੱਭ ਗਿਆ ਜਿਸ ਮਗਰੋਂ ਪਰਿਵਾਰ ਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਸੁੱਖ ਦਾ ਸਾਹ ਆਇਆ। ਜਾਣਕਾਰੀ ਅਨੁਸਾਰ ਪਿੰਡ ਦੜਬੀ ਵਾਸੀ ਇੱਕ ਬਜ਼ੁਰਗ ਵਿਅਕਤੀ ਦਾ ਟੈਸਟ ਕਰੋਨਾ ਪਾਜ਼ੇਟਿਵ ਆਉਣ ਮਗਰੋਂ ਉਸ ਨੂੰ ਨਾਗਰਿਕ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਦਾਖ਼ਲ ਕਰਵਾਇਆ ਗਿਆ ਸੀ। ਦੱਸਿਆ ਗਿਆ ਹੈ ਕਿ ਲੰਘੀ ਦੇਰ ਰਾਤ ਵਿਅਕਤੀ ਨੂੰ ਸਿਟੀ ਸਕੈਨ ਲਈ ਲਿਜਾਇਆ ਗਿਆ। ਉਹ ਵਿਅਕਤੀ ਸਿਟੀ ਸਕੈਨ ਰੂਮ ’ਚ ਕਾਫ਼ੀ ਦੇਰ ਤੱਕ ਡਾਕਟਰ ਦੀ ਉਡੀਕ ਕਰਦਾ ਰਿਹਾ ਪਰ ਡਾਕਟਰ ਪੀਪੀਈ ਕਿੱਟ ਪਾਉਣ ਲਈ ਗਿਆ ਕਾਫ਼ੀ ਦੇਰ ਬਾਅਦ ਆਇਆ ਜਿਸ ਦੌਰਾਨ ਵਿਅਕਤੀ ਬਨਿਾਂ ਦੱਸੇ ਚਲਾ ਗਿਆ।
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਸਿਹਤ ਵਿਭਾਗ ਵੱਲੋਂ ਨਗਰ ਪੰਚਾਇਤ ਦਫ਼ਤਰ ਦੇ ਹੋਰ ਮੁਲਾਜ਼ਮਾਂ ਅਤੇ ਪਾਜ਼ੇਟਿਵ ਮਰੀਜ਼ਾਂ ਦੇ ਅਤਿ ਨੇੜਲੇ ਸੰਪਰਕ ਵਿੱਚ ਰਹਿਣ ਵਾਲੇ ਕੁਝ ਲੋਕਾਂ ਦੇ ਲਏ ਗਏ ਸੈਂਪਲਾਂ ਦੀ ਰਿਪੋਰਟ ਮੁਤਾਬਕ ਨਗਰ ਪੰਚਾਇਤ ਦੇ ਤਿੰਨ ਹੋਰ ਮੁਲਾਜ਼ਮਾਂ ਸਮੇਤ ਚਾਰ ਜਣਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇੰਜ ਤਲਵੰਡੀ ਸਾਬੋ ’ਚ ਕਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ ਛੇ ਹੋ ਗਈ ਹੈ। ਐੱਸਐੱਮਓ ਡਾ. ਗੁਰਜੀਤ ਸਿੰਘ ਨੇ ਦੱਸਿਆ ਕਿ ਚਾਰਾਂ ਮਰੀਜ਼ਾਂ ਨੂੰ ਆਈਸੋਲੇਸ਼ਨ ਸੈਂਟਰ ਬਠਿੰਡਾ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਨਗਰ ਪੰਚਾਇਤ ਦੇ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ ਨੇ ਦੱਸਿਆ ਕਿ ਨਵੇਂ ਮਰੀਜ਼ ਆਉਣ ਤੋਂ ਬਾਅਦ ਨਗਰ ਪੰਚਾਇਤ ਦੇ ਸਾਰੇ ਮੁਲਾਜ਼ਮਾਂ ਤੇ ਸਫ਼ਾਈ ਸੇਵਕਾਂ ਦੇ ਟੈਸਟ ਕਰਵਾਏ ਜਾਣਗੇ।