ਮੇਲੇ ਦੌਰਾਨ ਧੂੜ ’ਚ ਉੱਡੇ ਕਰੋਨਾ ਨਿਯਮ
ਪੱਤਰ ਪ੍ਰੇਰਕ
ਮਾਛੀਵਾੜਾ, 18 ਅਗਸਤ
ਲੁਧਿਆਣਾ ਜ਼ਿਲ੍ਹੇ ’ਚ ਕਰੋਨਾ ਨਾਲ ਮੌਤਾਂ ਅਤੇ ਪਾਜ਼ੇਟਿਵ ਮਾਮਲੇ ਵੱਡੀ ਗਿਣਤੀ ’ਚ ਸਾਹਮਣੇ ਆ ਰਹੇ ਹਨ। ਦੂਜੇ ਪਾਸੇ, ਅੱਜ ਜ਼ਿਲ੍ਹੇ ’ਚ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉੱਡੀਆਂ। ਪਿੰਡ ਕੋਟ ਗੰਗੂਰਾਏ ਵਿੱਚ ਧਾਰਮਿਕ ਅਸਥਾਨ ’ਤੇ ਲੱਗੇ ਮੇਲੇ ਦੌਰਾਨ ਲੋਕਾਂ ਦੀ ਵੱਡੀ ਭੀੜ ਜੁੜੀ। ਇੱਥੇ ਖ਼ੂਬ ਦੁਕਾਨਾਂ ਵੀ ਸਜੀਆਂ ਹੋਈਆਂ ਸਨ। ਇਸ ਮੇਲੇ ’ਚ ਘੁੰਮਦੇ ਸੈਂਕੜੇ ਲੋਕਾਂ ’ਚੋਂ ਜ਼ਿਆਦਾਤਰ ਨੇ ਮਾਸਕ ਨਹੀਂ ਪਹਿਨੇ ਹੋਏ ਸਨ।
ਦੁਕਾਨਦਾਰ ਵੀ ਬਿਨਾਂ ਮਾਸਕ ਪਹਿਨੇ ਸਾਮਾਨ ਵੇਚ ਰਹੇ ਸਨ। ਇਸ ਬਾਰੇ ਜਦੋਂ ਮੇਲੇ ਦੌਰਾਨ ਇੱਕ ਫੜ੍ਹੀ ਲਗਾ ਕੇ ਬੈਠੇ ਨੌਜਵਾਨ ਨਾਲ ਗੱਲ ਕੀਤੀ ਤਾਂ ਊਸ ਨੇ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਉਹ ਬੀਏ ਪਾਸ ਹੈ ਅਤੇ ਰੁਜ਼ਗਾਰ ਨਾ ਮਿਲਣ ਕਾਰਨ ਉਹ ਮੇਲਿਆਂ ’ਚ ਫੜ੍ਹੀਆਂ ਲਗਾਉਣ ਦਾ ਕੰਮ ਕਰਦਾ ਹੈ ਤੇ ਸਰਕਾਰ ਹੁਣ ਇਹ ਵਸੀਲ ਵੀ ਖੋਹ ਰਹੀ ਹੈ।
ਇਸ ਸਬੰਧੀ ਮੇਲੇ ਦੀ ਪ੍ਰਬੰਧਕ ਕਮੇਟੀ ਮੈਂਬਰ ਅਜਮੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲੀਸ ਨੂੰ ਲਿਖਤੀ ਰੂਪ ਵਿਚ ਸੂਚਿਤ ਕੀਤਾ ਸੀ ਕਿ ਇੱਥੇ ਕੇਵਲ ਸ਼ਰਧਾਲੂ ਮੱਥਾ ਟੇਕਣ ਆਉਣਗੇ ਪਰ ਮਨਾਹੀ ਦੇ ਬਾਵਜੂਦ ਦੁਕਾਨਾਂ ਲੱਗ ਗਈਆਂ। ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਕਿਹਾ ਕਿ ਪਾਬੰਦੀ ਦੇ ਬਾਵਜੂਦ ਪਿੰਡ ਕੋਟ ਗੰਗੂਰਾਏ ਵਿਚ ਧਾਰਮਿਕ ਮੇਲੇ ’ਚ ਜੋ ਲਗਾਈਆਂ ਦੁਕਾਨਾਂ ਨੂੰ ਹਟਾਇਆ ਜਾ ਰਿਹਾ ਹੈ ਪਰ ਭੀੜ ਸਬੰਧੀ ਉਹ ਸਪੱਸ਼ਟ ਜਵਾਬ ਨਾ ਦੇ ਸਕੇ।