ਹਸਪਤਾਲ ’ਚੋਂ ਕਰੋਨਾ ਪਾਜ਼ੇਟਿਵ ਕੈਦੀ ਫ਼ਰਾਰ
ਜਲੰਧਰ (ਪਾਲ ਸਿੰਘ ਨੌਲੀ): ਕਰੋਨਾ ਪਾਜ਼ੇਟਿਵ ਇੱਕ ਕੈਦੀ ਸਥਾਨਕ ਸਿਵਲ ਹਸਪਤਾਲ ਵਿੱਚੋਂ ਫਰਾਰ ਹੋ ਗਿਆ, ਜਿਸਦੀ ਪਛਾਣ ਸੁਖਬੀਰ ਸਿੰਘ ਵਾਸੀ ਪਿੰਡ ਮੱਲ੍ਹੀਆਂ, ਤਹਿਸੀਲ ਨਕੋਦਰ ਵਜੋਂ ਹੋਈ ਹੈ। ਉਸ ਨੂੰ 9 ਅਗਸਤ ਨੂੰ ਕਪੂਰਥਲਾ ਦੀ ਮਾਡਰਨ ਜੇਲ੍ਹ ਵਿੱਚੋਂ ਲਿਆ ਕੇ ਇੱਥੇ ਦਾਖ਼ਲ ਕਰਵਾਇਆ ਗਿਆ ਸੀ। ਉਕਤ ਕੈਦੀ ਲੰਘੇ ਬੁੱਧਵਾਰ ਨੂੰ ਹੀ ਫ਼ਰਾਰ ਹੋ ਗਿਆ ਸੀ ਤੇ ਪੁਲੀਸ ਉਸ ਦੀ ਚੁੱਪ-ਚੁਪੀਤੇ ਭਾਲ ਕਰ ਰਹੀ ਸੀ। ਫ਼ਰਾਰ ਹੋਏ ਕੈਦੀ ਨੂੰ ਐੱਨਡੀਪੀਐੱਸ ਐਕਟ ਤਹਿਤ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੋਈ ਹੈ। ਫ਼ਰਾਰ ਹੋਏ ਕੈਦੀ ਵਿਰੁੱਧ ਥਾਣਾ ਡਿਵੀਜ਼ਨ ਨੰਬਰ ਚਾਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਦਿਹਾਤੀ ਪੁਲੀਸ ਲਾਈਨ ਦੇ ਐੱਸਆਈ ਜਸਵਿੰਦਰ ਪਾਲ ਨੇ ਦੱਸਿਆ ਕਿ ਸਿਵਲ ਹਸਪਤਾਲ ਜਲੰਧਰ ’ਚ ਕੈਦੀਆਂ ਦੀ ਪੱਕੀ ਨਿਗਰਾਨੀ ਲਈ ਉਨ੍ਹਾਂ ਦੀ ਗਾਰਦ ਲੱਗੀ ਹੈ। ਸਿਵਲ ਹਸਪਤਾਲ ਵਿਚ ਸੁਰੱਖਿਆ ਗਾਰਦ ਦੇ ਇੰਚਾਰਜ ਏਐੱਸਆਈ ਸੁਰਜੀਤ ਸਿੰਘ ਨੇ ਕਿਹਾ ਕਿ ਕੈਦੀ ਸੁਖਬੀਰ ਸਾਬੀ ਕੋਲ ਜਾਣ ਲਈ ਪੀਪੀਈ ਕਿੱਟ ਪਹਿਨਣੀ ਜ਼ਰੂਰੀ ਹੈ ਇਸ ਲਈ ਉੱਥੇ ਸਿਹਤ ਮੁਲਾਜ਼ਮਾਂ ਦੀ ਵੱਖਰੇ ਤੌਰ ’ਤੇ ਡਿਊਟੀ ਲੱਗੀ ਹੋਈ ਸੀ। ਜਿਹੜੇ ਕਮਰੇ ’ਚ ਕੈਦੀ ਸੁਖਬੀਰ ਸਿੰਘ ਸੀ, ਉਸ ਦੇ ਬਿਲਕੁਲ ਸਾਹਮਣੇ ਵਾਲੇ ਕਮਰੇ ’ਚੋਂ ਉਹ ਪੀਣ ਲਈ ਪਾਣੀ ਲੈਂਦੇ ਸਨ। ਉੱਥੇ ਲੱਗੇ ਲੋਹੇ ਦੇ ਦਰਵਾਜ਼ੇ ਦੇ ਕੁੰਡੇ ਨੂੰ ਤੋੜ ਕੇ ਕੈਦੀ ਛੱਤ ਤੋਂ ਹੇਠਾਂ ਨੂੰ ਜਾਂਦੀਆਂ ਪਾਈਪਾਂ ਸਹਾਰੇ ਉੱਤਰ ਕੇ ਫਰਾਰ ਹੋ ਗਿਆ।