ਕਰੋਨਾ: ਇਟਲੀ ਵਿੱਚ ਨਾਈਟ ਕਲੱਬ ਬੰਦ, ਮਾਸਕ ਪਾਊਣ ਦੇ ਆਦੇਸ਼
ਵਿੱਕੀ ਬਟਾਲਾ
ਰੋਮ, 18 ਅਗਸਤ
ਇਟਲੀ ਵਿੱਚ ਪਿਛਲੇ ਦੋ ਹਫ਼ਤਿਆ ਤੋਂ ਵਧ ਰਹੇ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਨੂੰ ਵੇਖਦਿਆਂ ਸਰਕਾਰ ਨੇ ਤਿੰਨ ਹਫ਼ਤਿਆਂ ਲਈ ਨਾਈਟ ਕਲੱਬ ਬੰਦ ਕਰ ਦਿੱਤੇ ਹਨ ਅਤੇ ਜਨਤਕ ਤੌਰ ’ਤੇ ਮਾਸਕ ਪਾਊਣਾ ਲਾਜ਼ਮੀ ਕੀਤਾ ਗਿਆ ਹੈ। ਇਟਲੀ ਦੇ ਸਿਹਤ ਮੰਤਰੀ ਰੋਬੈਰਤੋ ਸਪਰੈਂਸਾ ਨੇ ਕਿਹਾ ਕਿ ਦੇਸ਼ ਵਿੱਚ ਪਿਛਲੇ ਮਹੀਨਿਆਂ ਦੌਰਾਨ ਕੋਵਿਡ-19 ਕਾਰਨ ਹੋਈਆਂ ਮੌਤਾਂ ਦੀ ਕੁਰਬਾਨੀ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ। ਊਨ੍ਹਾਂ ਕਿਹਾ, ‘‘ਦੇਸ਼ ਵਿੱਚ ਮੁੜ ਵੱਧ ਰਹੇ ਕਰੋਨਾ ਮਰੀਜ਼ਾਂ ਦੀ ਗਿਣਤੀ ਨੂੰ ਵੇਖਦਿਆਂ ਸਾਨੂੰ ਇਹ ਫ਼ੈਸਲਾ ਲੈਣਾ ਪਿਆ ਹੈ ਅਤੇ ਅਸੀਂ ਨਹੀ ਚਾਹੁੰਦੇ ਕਿ ਇਟਲੀ ਵਿਚ ਮੁੜ ਤੋਂ ਮੌਤ ਦਾ ਤਾਂਡਵ ਵੇਖਿਆ ਜਾਵੇ।’’ ਉਨ੍ਹਾਂ ਕਿਹਾ ਕਿ ਇਟਲੀ ਵਿੱਚ ਸਾਰੇ ਨਾਈਟ ਕਲੱਬ, ਪੱਬ ਅਤੇ ਜ਼ਿਆਦਾ ਲੋਕਾਂ ਦੇ ਇੱਕਠੇ ਹੋਣ ’ਤੇ ਰੋਕ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਇਟਲੀ ਵਿੱਚ 35 ਸਾਲ ਤੋਂ ਵੱਧ ਉਮਰ ਦੇ ਲੋਕ ਕੋਵਿਡ-19 ਦੀ ਲਾਗ ਦਾ ਸ਼ਿਕਾਰ ਹੋ ਰਹੇ ਹਨ, ਜੋ ਫ਼ਿਕਰ ਵਾਲੀ ਗੱਲ ਹੈ। ਉਨ੍ਹਾਂ ਕਿਹਾ, ‘‘ਅਸੀਂ ਸਤੰਬਰ ਵਿੱਚ ਸਕੂਲ ਖੋਲ੍ਹਣਾ ਚਾਹੁੰਦੇ ਹਾਂ, ਇਸ ਲਈ ਸਖ਼ਤ ਕਦਮ ਚੁੱਕੇ ਗਏ ਹਨ।’’