ਕਰੋਨਾ: ਲੁਧਿਆਣਾ ’ਚ ਹੁਣ ਤਕ ਦੇ ਸਭ ਤੋਂ ਵੱਧ 398 ਕੇਸ ਆਏ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਅਗਸਤ
ਜ਼ਿਲ੍ਹਾ ਲੁਧਿਆਣਾ ਵਿਚ ਕਰੋਨਾ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਅੱਜ ਲੁਧਿਆਣਾ ਵਿਚ ਹੁਣ ਤਕ ਦੇ ਸਭ ਤੋਂ ਵੱਧ 398 ਕੇਸ ਆਏ ਹਨ, ਜਿਸ ਨਾਲ ਜ਼ਿਲ੍ਹੇ ’ਚ ਕਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 7685 ਹੋ ਗਈ ਹੈ। ਇਸ ਦੇ ਨਾਲ ਹੀ ਕਰੋਨਾ ਕਾਰਨ ਅੱਜ 10 ਵਿਅਕਤੀਆਂ ਦੀ ਮੌਤ ਹੋ ਗਈ। ਜ਼ਿਲ੍ਹੇ ’ਚ ਕਰੋਨਾ ਨਾਲ ਮਰੇ ਲੋਕਾਂ ਦੀ ਗਿਣਤੀ 280 ਹੋ ਗਈ ਹੈ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਜਲੰਧਰ ਜ਼ਿਲ੍ਹੇ ਵਿਚ ਅੱਜ ਕਰੋਨਾਵਾਇਰਸ ਦੀ ਲਾਗ ਤੋਂ ਪੀੜਤ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਤੇ 276 ਨਵੇਂ ਪਾਜ਼ੇਟਿਵ ਕੇਸ ਆਏ ਹਨ। ਜ਼ਿਲ੍ਹੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 4894 ਤੇ ਮੌਤਾਂ ਦੀ ਗਿਣਤੀ 119 ਹੋ ਗਈ ਹੈ। ਪਾਜ਼ੇਟਿਵ ਕੇਸਾਂ ਵਿਚ ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਰਮਨ ਪੱਬੀ, ਸੀਆਈਏ ਸਟਾਫ ਦੇ ਅੰਗਰੇਜ਼ ਸਿੰਘ ਸਮੇਤ ਹੋਰ ਕਈ ਪੁਲੀਸ ਮੁਲਾਜ਼ਮ ਸ਼ਾਮਲ ਹਨ।
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਅੱਜ ਜ਼ਿਲ੍ਹੇ ਵਿਚ ਕਰੋਨਾਵਾਇਰਸ ਦੇ 71 ਨਵੇਂ ਪਾਜ਼ੇਟਿਵ ਕੇਸ ਆਏ ਹਨ ਅਤੇ ਤਿੰਨ ਕਰੋਨਾ ਪੀੜਤਾਂ ਦੀ ਮੌਤ ਹੋਈ ਹੈ। ਅੱਜ 62 ਕਰੋਨਾ ਪੀੜਤ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ। ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਅੱਜ ਕਰੋਨਾ ਕਾਰਨ ਬਲਵਿੰਦਰ ਕੌਰ (55) ਵਾਸੀ ਬਾਬਾ ਬਕਾਲਾ, ਬਲਵਿੰਦਰ ਕੌਰ (60) ਪਤਨੀ ਅਮਰਜੀਤ ਸਿੰਘ ਵਾਸੀ ਗੁਰੂ ਅਰਜਨ ਦੇਵ ਨਗਰ ਅਤੇ ਵਿਲਾਸ ਮਲਹੋਤਰਾ (43) ਵਾਸੀ ਮਜੀਠਾ ਰੋਡ ਦੀ ਮੌਤ ਹੋ ਗਈ। ਜ਼ਿਲ੍ਹੇ ਵਿਚ ਕੁੱਲ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 3046 ਹੋ ਗਈ ਹੈੈ।
ਪਠਾਨਕੋਟ (ਪੱਤਰ ਪ੍ਰੇਰਕ): ਅੱਜ ਜ਼ਿਲ੍ਹਾ ਪਠਾਨਕੋਟ ਵਿਚ ਕਰੋਨਾ ਦੇ 29 ਹੋਰ ਕੇਸ ਆਏ ਹਨ ਤੇ 14 ਵਿਅਕਤੀ ਸਿਹਤਯਾਬ ਹੋ ਕੇ ਘਰਾਂ ਨੂੰ ਰਵਾਨਾ ਕਰ ਦਿੱਤੇ ਗਏ ਹਨ। ਅੱਜ ਪਾਜ਼ੇਟਿਵ ਆਏ ਮਰੀਜ਼ਾਂ ਵਿਚੋਂ 26 ਪਠਾਨਕੋਟ ਅਤੇ 3 ਹੋਰ ਜ਼ਿਲ੍ਹਿਆਂ ਨਾਲ ਸਬੰਧਤ ਹਨ। ਕਾਰਜਕਾਰੀ ਸਿਵਲ ਸਰਜਨ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਵੱਖ ਵੱਖ ਖੇਤਰਾਂ ਵਿਚ ਕੈਂਪ ਲਗਾ ਕੇ ਸੈਂਪਲਿੰਗ ਕੀਤੀ ਜਾ ਰਹੀ ਹੈ।