ਕਰੋਨਾ: ਸਫ਼ਾਈ ਸੇਵਕਾਂ ਵੱਲੋਂ ਮੁਜ਼ਾਹਰਾ
ਹਰਜੀਤ ਸਿੰਘ
ਡੇਰਾਬੱਸੀ, 22 ਅਗਸਤ
ਪਹਿਲੀ ਕਤਾਰ ਵਿੱਚ ਰਹਿ ਕੇ ਕਰੋਨਾ ਖ਼ਿਲਾਫ਼ ਜੰਗ ਲੜ ਰਹੇ ਸਫ਼ਾਈ ਸੇਵਕਾਂ ਵੱਲੋਂ ‘ਮਿਸ਼ਨ ਫਤਹਿ’ ਵਿੱਚ ਪੂਰਾ ਯੋਗਦਾਨ ਪਾਇਆ ਜਾ ਰਿਹਾ ਹੈ। ਡੇਰਾਬੱਸੀ ਖੇਤਰ ਵਿੱਚ ਕੰਮ ਕਰਨ ਵਾਲੇ ਸਫ਼ਾਈ ਕਰਮੀਆਂ ਨੂੰ ਕਰੋਨਾ ਦੇ ਦੌਰ ਵਿੱਚ ਕੰਮ ਦੌਰਾਨ ਵਰਤਿਆ ਜਾਣ ਵਾਲਾ ਲੋੜੀਂਦਾ ਸਾਮਾਨ ਮਾਸਕ, ਸੈਨੇਟਾਈਜ਼ਰ, ਦਸਤਾਨੇ, ਜੁੱਤੇ ਵੀ ਨਹੀਂ ਮਿਲ ਰਹੇ। ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਹਰਵਿੰਦਰ ਕੁਮਾਰ ਨੇ ਕਿਹਾ ਕਿ ਡੇਰਾਬੱਸੀ ਵਿੱਚ ਵੱਡੀ ਗਿਣਤੀ ਕਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਘਰ ਵਿੱਚ ਏਕਾਂਤਵਾਸ ਕੀਤਾ ਹੋਇਆ ਹੈ। ਜਿਨ੍ਹਾਂ ਦੇ ਘਰਾਂ ਦਾ ਕੂੜਾ ਵੀ ਊਕਤ ਸਫ਼ਾਈ ਸੇਵਕ ਬਿਨਾ ਸੁਰੱਖਿਆ ਕਿੱਟਾਂ ਦੇ ਹੀ ਚੁੱਕਦੇ ਹਨ। ਸਾਮਾਨ ਲੈਣ ਲਈ ਉਹ ਰੋਜ਼ਾਨਾ ਠੇਕੇਦਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਗੇੜੇ ਕੱਢ ਰਹੇ ਹਨ, ਪਰ ਦੋਵੇਂ ਇਕ ਦੂਜੇ ’ਤੇ ਗੱਲ ਪਾ ਕੇ ਟਾਲਾ ਵੱਟ ਰਹੇ ਹਨ। ਇਸ ਬਾਰੇ ਗੱਲ ਕਰਨ ’ਤੇ ਸਫ਼ਾਈ ਇੰਸਪੈਕਟਰ ਦਲਜੀਤ ਸਿੰਘ ਨੇ ਕਿਹਾ ਕਿ ਸਫ਼ਾਈ ਕਰਮੀਆਂ ਨੂੰ ਸਮੇਂ ਸਮੇਂ ’ਤੇ ਸਾਰਾ ਸਾਮਾਨ ਦਿੱਤਾ ਜਾਂਦਾ ਹੈ। ਜੇਕਰ ਫਿਰ ਕਿਸੇ ਮੁਲਾਜ਼ਮ ਨੂੰ ਸਾਮਾਨ ਦੀ ਲੋੜ ਹੈ ਤਾਂ ਸੋਮਵਾਰ ਨੂੰ ਸਾਮਾਨ ਦੇ ਦਿੱਤਾ ਜਾਵੇਗਾ।