ਕਰੋਨਾ: ਮੁਕਤਸਰ ਦੇ ਐੱਸਐੱਸਪੀ ਦਫ਼ਤਰ ਵਿੱਚ ਤਾਇਨਾਤ ਏਐੱਸਆਈ ਦੀ ਮੌਤ; ਜਲੰਧਰ ਵਿੱਚ ਬਜ਼ੁਰਗ ਸਣੇ ਦੋ ਨੇ ਦਮ ਤੋੜਿਆ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 23 ਅਗਸਤ
ਮੁਕਤਸਰ ਜ਼ਿਲ੍ਹੇ ਦੇ ਪਿੰਡ ਬਰਜ ਸਿੱਧਵਾਂ ਦੇ ਰਹਿਣ ਵਾਲੇ ਪੰਜਾਬ ਪੁਲੀਸ ਦੇ ਏਐੱਸਆਈ ਪਰਮਬੀਰ ਸਿੰਘ (54) ਦੀ ਕਰੋਨਾ ਕਾਰਨ ਮੌਤ ਹੋ ਗਈ ਹੈ। ਉਹ ਐੱਸਐੱਸਪੀ ਦਫਤਰ ਵਿਖੇ ਤਾਇਨਾਤ ਸੀ। ਕੁੱਝ ਦਨਿਾਂ ਤੋਂ ਬੁਖਾਰ ਸੀ। ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਤੋਂ ਇਲਾਜ਼ ਕਰਵਾਉਣ ਤੋਂ ਬਾਅਦ ਘਰ ਆ ਕੇ ਹਾਲਤ ਮੁੜ ਵਿਗੜ ਗਈ ਤਾਂ ਪਰਿਵਾਰ ਮਲੋਟ ਦੇ ਨਿੱਜੀ ਹਸਪਤਾਲ ਵਿੱਚ ਲੈ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਜ਼ਿਲ੍ਹੇ ਵਿੱਚ ਕਰੋਨਾ ਕਰਕੇ ਹੋਈ ਛੇਵੀਂ ਮੌਤ ਹੈ। ਐਤਵਾਰ ਨੂੰ 15 ਮਰੀਜ਼ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਦੌਰਾਨ ਸਿਵਲ ਸਰਜਨ ਡਾ. ਐੱਚਐੱਨ ਸਿੰਘ ਵੱਲੋਂ ਜਾਰੀ ਸੂਚਨਾ ਅਨੁਸਾਰ ਕਰੋਨਾ ਮਰੀਜ਼ਾਂ ਦੀ ਵਧਦੀ ਗਿਣਤੀ ਵੇਖਦਿਆਂ ਮੁਕਤਸਰ ਦੇ ਸਿਵਲ ਹਸਪਤਾਲ ਨੂੰ ਕੋਵਿਡ-19 ਹਸਪਤਾਲ ਬਣਾ ਦਿੱਤਾ ਗਿਆ ਹੈ। ਆਮ ਸਿਹਤ ਸੇਵਾਵਾਂ ਬੰਦ ਕਰਕੇ ਮਲੋਟ ਤੇ ਗਿਦੜਬਾਹਾ ਦੇ ਸਿਵਲ ਹਸਪਤਾਲ ਵਿੱਚ ਮਿਲਣਗੀਆਂ।
ਜਲੰਧਰ (ਪਾਲ ਸਿੰਘ ਨੌਲੀ): ਜ਼ਿਲ੍ਹੇ ਵਿੱਚ ਐਤਵਾਰ ਨੂੰ ਕਰੋਨਾ ਦੇ 77 ਹੋਰ ਨਵੇਂ ਪਾਜ਼ੇਟਿਵ ਕੇਸ ਆਏ ਹਨ, ਜਦ ਕਿ ਅਵਤਾਰ ਨਗਰ ਦੇ ਰਹਿਣ ਵਾਲੇ 67 ਸਾਲਾਂ ਵਿਅਕਤੀ ਸਮੋਤ ਦੋ ਜਣਿਆਂ ਦੀ ਮੌਤ ਹੋਈ ਹੈ। ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 5252 ਤੱਕ ਪਹੁੰਚ ਗਈ ਹੈ। ਹੁਣ ਤੱਕ 133 ਕਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਸ਼ਹਿਰ ਧਾਰੀਵਾਲ ਵਿੱਚ ਕਰੋਨਾ ਵਾਇਰਸ ਨਾਲ ਪਹਿਲੀ ਮੌਤ 73 ਸਾਲਾ ਵਿਅਕਤੀ ਦੀ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਹੋਈ ਹੈ। ਸ਼ਹਿਰ ਧਾਰੀਵਾਲ ਵਾਸੀ ਇਹ ਵਿਅਕਤੀ ਪਿੱਛਲੇ ਸਮੇਂ ਤੋਂ ਬਿਮਾਰ ਸੀ।
ਸਿਰਸਾ (ਪ੍ਰਭੂ ਦਿਆਲ): ਜ਼ਿਲ੍ਹਾ ਸਿਰਸਾ ਵਿੱਚ ਇਕ ਬੱਚੇ ਸਮੇਤ 26 ਸੱਜਰੇ ਕਰੋਨਾ ਪਾਜ਼ੇਟਿਵ ਕੇਸ ਆਏ ਹਨ। ਨਵੇਂ ਮਰੀਜ਼ਾਂ ਨੂੰ ਨਾਗਰਿਕ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਦਾਖ਼ਲ ਕੀਤਾ ਗਿਆ ਹੈ। ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਦਾ ਅੰਕੜਾ 977 ’ਤੇ ਪੁੱਜ ਗਿਆ ਹੈ, ਜਦੋਂਕਿ ਹੁਣ ਤੱਕ ਗਿਆਰਾਂ ਵਿਅਕਤੀਆਂ ਦੀ ਕਰੋਨਾ ਨਾਲ ਮੌਤ ਹੋਣ ਦੀ ਪੁਸ਼ਟੀ ਹੋਈ ਹੈ।