ਕਰੋਨਾ: ਪੀਜੀਆਈ ਦੇ ਸਟਾਫ਼ਰ ਸਣੇ 29 ਦੀ ਰਿਪੋਰਟ ਪਾਜ਼ੇਟਿਵ
ਕੁਲਦੀਪ ਸਿੰਘ
ਚੰਡੀਗੜ੍ਹ, 25 ਜੁਲਾਈ
ਸਿਟੀ ਬਿਊਟੀਫੁੱਲ ਵਿੱਚ ਕਰੋਨਾ ਮਰੀਜ਼ਾਂ ਦਾ ਅੰਕੜਾ ਵੱਧ ਕੇ 855 ਹੋ ਗਿਆ ਹੈ। ਅੱਜ ਪੀਜੀਆਈ ਦੇ ਸਟਾਫ਼ ਮੈਂਬਰ ਸਮੇਤ 29 ਹੋਰ ਮਰੀਜ਼ਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਯੂਟੀ ਸਿਹਤ ਵਿਭਾਗ ਮੁਤਾਬਕ ਪੀਜੀਆਈ ਦਾ 29 ਸਾਲਾਂ ਦਾ ਸਟਾਫ਼ ਮੈਂਬਰ, ਪਿੰਡ ਧਨਾਸ ਵਾਸੀ ਪੁਰਸ਼, ਮਨੀਮਾਜਰਾ ਦੇ ਦੋ ਵਸਨੀਕ, ਰਾਮਦਰਬਾਰ ਵਾਸੀ, ਸੈਕਟਰ 7 ਦਾ ਬਜ਼ੁਰਗ, ਮੌਲੀ ਜਾਗਰਾਂ ਵਿਚ ਇੱਕ ਹੀ ਪਰਿਵਾਰ ਦੇ ਚਾਰ ਮੈਂਬਰ ਤੇ ਇਕ ਔਰਤ, ਸੈਕਟਰ 37 ਦੇ ਦੋ ਬਜ਼ੁਰਗ, ਸੈਕਟਰ 32 ਵਾਸੀ ਔਰਤ, ਸੈਕਟਰ 3 ਦਾ ਨੌਜਵਾਨ, ਸੈਕਟਰ 23 ਦਾ ਵਸਨੀਕ, ਮਨੀਮਾਜਰਾ ਤੇ ਧਨਾਸ ਦੇ ਦੋ ਵਸਨੀਕ, ਸੈਕਟਰ 28, 32, 37 ਤੋਂ ਤਿੰਨ ਕੇਸ, ਸੈਕਟਰ 45 ਵਾਸੀ ਬੱਚੀ, ਸੈਕਟਰ 30 ਤੋਂ 6 ਸਾਲਾਂ ਦਾ ਬੱਚਾ ਕਰੋਨਾ ਪੀੜਤਾਂ ’ਚ ਸ਼ਾਮਲ ਹਨ। ਇਸੇ ਤਰ੍ਹਾਂ ਸੈਕਟਰ 24, ਬਾਪੂਧਾਮ ਕਾਲੋਨੀ, ਸੈਕਟਰ 44, 18, 49 ਤੋਂ 44 ਤੇ 43 ਤੋਂ ਇਕ-ਇਕ ਕੇਸ ਸਾਹਮਣੇ ਆਇਆ ਹੈ। ਰਿਪੋਰਟਾਂ ਕੋਰੋਨਾ ਪਾਜ਼ੇਟਿਵ ਆਈਆਂ ਹਨ। ਇਸੇ ਤਰ੍ਹਾਂ 17 ਮਰੀਜ਼ ਡਿਸਚਾਰਜ ਵੀ ਕੀਤੇ ਗਏ ਹਨ ਅਤੇ ਤਿੰਨ ਮਰੀਜ਼ਾਂ ਦਾ ਘਰੇਲੂ ਇਕਾਂਤਵਾਸ ਪੂਰਾ ਕੀਤਾ ਹੈ। ਇਸ ਤਰਾਂ ਚੰਡੀਗੜ੍ਹ ਵਿੱਚ ਡਿਸਚਾਰਜ ਹੋਏ ਮਰੀਜ਼ਾਂ ਦੀ ਗਿਣਤੀ 555 ਹੋ ਗਈ ਹੈ ਅਤੇ ਹੁਣ ਤੱਕ 13 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 284 ਹੈ।
ਭਾਜਪਾ ਆਗੂ ਅਰੁਣ ਸੂਦ ਦੀ ਪਤਨੀ ਕਰੋਨਾ ਪਾਜ਼ੇਟਿਵ
ਭਾਜਪਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਰੁਣ ਸੂਦ ਦੀ ਪਤਨੀ ਅੰਬਿਕਾ ਸੂਦ ਵੀ ਕਰੋਨਾਵਾਇਰਸ ਦੀ ਲਪੇਟ ਵਿੱਚ ਆ ਗਈ ਹੈ। ਅਰੁਣ ਸੂਦ ਨੇ ਆਪਣੇ ਫੇਸਬੁੱਕ ਅਕਾਉਂਟ ਉੱਤੇ ਇਹ ਜਾਣਕਾਰੀ ਦਿੱਤੀ। ਸ੍ਰੀ ਸੂਦ ਨੇ ਫੇਸਬੁੱਕ ਉੱਤੇ ਲਿਖਿਆ ਕਿ ਉਹ ਆਪਣੇ ਪਰਿਵਾਰ ਸਮੇਤ ਘਰ ’ਚ ਹੀ 14 ਦਨਿਾਂ ਲਈ ਇਕਾਂਤਵਾਸ ਹੋ ਗਏ ਹਨ।