ਕਰੋਨਾ: ਪੀਜੀਆਈ ਦੇ ਸਟਾਫ਼ਰ ਸਣੇ 29 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ
ਕੁਲਦੀਪ ਸਿੰਘ
ਚੰਡੀਗੜ੍ਹ, 25 ਜੁਲਾਈ
ਸਿਟੀ ਬਿਊਟੀਫੁੱਲ ਵਿੱਚ ਕਰੋਨਾ ਮਰੀਜ਼ਾਂ ਦਾ ਅੰਕੜਾ ਵੱਧ ਕੇ 855 ਹੋ ਗਿਆ ਹੈ। ਅੱਜ ਪੀਜੀਆਈ ਦੇ ਸਟਾਫ਼ ਮੈਂਬਰ ਸਮੇਤ 29 ਹੋਰ ਮਰੀਜ਼ਾਂ ਦੀ ਕਰੋਨਾ ਰਿਪੋਰਟ ਪਹਜ਼ੇਟਿਵ ਆਈ ਹੈ। ਯੂਟੀ ਦੇ ਸਿਹਤ ਮੁਤਾਬਕ ਪੀਜੀਆਈ ਦਾ 29 ਸਾਲਾਂ ਦਾ ਸਟਾਫ਼ ਮੈਂਬਰ, ਪਿੰਡ ਧਨਾਸ ਵਾਸੀ ਪੁਰਸ਼, ਮਨੀਮਾਜਰਾ ਦੇ ਦੋ ਵਸਨੀਕ, ਰਾਮਦਰਬਾਰ ਵਾਸੀ, ਸੈਕਟਰ 7 ਦਾ ਬਜ਼ੁਰਗ, ਮੌਲੀ ਜਾਗਰਾਂ ਵਿਚ ਇੱਕ ਹੀ ਪਰਿਵਾਰ ਦੇ ਚਾਰ ਮੈਂਬਰ ਤੇ ਇਕ ਔਰਤ, ਸੈਕਟਰ 37 ਦੇ ਦੋ ਬਜ਼ੁਰਗ, ਸੈਕਟਰ 32 ਵਾਸੀ ਔਰਤ, ਸੈਕਟਰ 3 ਦਾ ਨੌਜਵਾਨ, ਸੈਕਟਰ 23 ਦਾ ਵਸਨੀਕ, ਮਨੀਮਾਜਰਾ ਤੇ ਧਨਾਸ ਦੇ ਦੋ ਵਸਨੀਕ, ਸੈਕਟਰ 28, 32, 37 ਤੋਂ ਤਿੰਨ ਕੇਸ, ਸੈਕਟਰ 45 ਵਾਸੀ ਬੱਚੀ, ਸੈਕਟਰ 30 ਤੋਂ 6 ਸਾਲਾਂ ਦਾ ਬੱਚਾ ਕਰੋਨਾ ਪੀੜਤਾਂ ’ਚ ਸ਼ਾਮਲ ਹਨ। ਇਸੇ ਤਰ੍ਹਾਂ ਸੈਕਟਰ 24, ਬਾਪੂਧਾਮ ਕਾਲੋਨੀ, ਸੈਕਟਰ 44, 18, 49 ਤੋਂ 44 ਤੇ 43 ਤੋਂ ਇਕ-ਇਕ ਕੇਸ ਸਾਹਮਣੇ ਆਇਆ ਹੈ। ਰਿਪੋਰਟਾਂ ਕੋਰੋਨਾ ਪਾਜ਼ੇਟਿਵ ਆਈਆਂ ਹਨ।
ਇਸੇ ਤਰ੍ਹਾਂ 17 ਮਰੀਜ਼ ਡਿਸਚਾਰਜ ਵੀ ਕੀਤੇ ਗਏ ਹਨ ਅਤੇ ਤਿੰਨ ਮਰੀਜ਼ਾਂ ਦਾ ਘਰੇਲੂ ਇਕਾਂਤਵਾਸ ਪੂਰਾ ਕੀਤਾ ਹੈ।
ਇਸ ਤਰਾਂ ਚੰਡੀਗੜ੍ਹ ਵਿੱਚ ਡਿਸਚਾਰਜ ਹੋਏ ਮਰੀਜ਼ਾਂ ਦੀ ਗਿਣਤੀ 555 ਹੋ ਗਈ ਹੈ ਅਤੇ ਹੁਣ ਤੱਕ 13 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 284 ਹੈ।
ਮੁਹਾਲੀ ਜ਼ਿਲ੍ਹੇ ਵਿੱਚ 28 ਨਵੇਂ ਕੇਸ; ਐੱਸਡੀਐੱਮ ਹੋਏ ਤੰਦਰੁਸਤ
ਮੁਹਾਲੀ (ਦਰਸ਼ਨ ਸਿੰਘ ਸੋਢੀ): ਮੁਹਾਲੀ ਵਿੱਚ ਕਰੋਨਾਵਾਇਰਸ ਦੇ 28 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 690 ਹੋ ਗਈ ਹੈ। ਅੱਜ 14 ਮਰੀਜ਼ ਵਾਇਰਸ ਨੂੰ ਮਾਤ ਦੇ ਕੇ ਘਰ ਪਰਤ ਆਏ ਹਨ ਤੇ ਖਰੜ ਦੀ 62 ਸਾਲਾਂ ਦੀ ਕਰੋਨਾ ਪੀੜਤ ਔਰਤ ਦੀ ਮੌਤ ਹੋ ਗਈ ਹੈ। ਇਸੇ ਦੌਰਾਨ ਮੁਹਾਲੀ ਦੇ ਐੱਸਡੀਐਮ ਜਗਦੀਪ ਸਹਿਗਲ ਕਰੋਨਾ ਨੂੰ ਮਾਤ ਦੇਣ ਵਿੱਚ ਸਫਲ ਰਹੇ ਹਨ। ਅੱਜ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਹ ਸੋਮਵਾਰ ਨੂੰ ਡਿਊਟੀ ਜੁਆਇੰਨ ਕਰਨਗੇ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁਹਾਲੀ ਦੀਆਂ ਦੋ ਔਰਤਾਂ, ਇੱਥੋਂ ਦੇ ਫੇਜ਼-10 ਵਾਸੀ ਨੌਜਵਾਨ, ਇਕ ਬਿਰਧ ਪੁਰਸ਼ ਤੇ ਔਰਤ, ਫੇਜ਼-7 ਦੀ ਔਰਤ, ਫੇਜ਼-5 ਦਾ ਬਜ਼ੁਰਗ, ਫੇਜ਼-2 ਦੀ ਲੜਕੀ ਤੇ ਇਕ ਪੁਰਸ਼, ਨਿਊ ਚੰਡੀਗੜ੍ਹ ਦਾ ਨੌਜਵਾਨ ਤੇ ਮੁੱਲਾਂਪੁਰ ਗਰੀਬਦਾਸ ਵਾਸੀ, ਸੈਕਟਰ-123 ਦੀ ਔਰਤ, ਖਰੜ ਦੇ ਪੰਜ ਵਸਨੀਕ, ਪਿੰਡ ਬਸੋਲੀ ਦੀ ਔਰਤ, ਢਕੋਲੀ ਵਾਸੀ ਬੱਚਾ ਤੇ ਪੁਰਸ਼, ਜ਼ੀਰਕਪੁਰ ਵਾਸੀ ਬਿਰਧ, ਡੇਰਾਬੱਸੀ ਤੋਂ ਚਾਰ ਕੇਸ, ਦੱਪਰ ਵਾਸੀ ਔਰਤ, ਓਮੈਕਸ ਗਰੀਨ ਲਾਲੜੂ ਦਾ ਬੱਚਾ ਤੇ ਇਕ ਪੁਰਸ਼ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸੇ ਤਰ੍ਹਾਂ ਸੋਹਾਣਾ ਹਸਪਤਾਲ ਦੀਆਂ ਅੱਠ ਨਰਸਾਂ ਸਮੇਤ 9 ਜਣਿਆਂ ਨੇ ਕਰੋਨਾ ਨੂੰ ਮਾਤ ਦਿੱਤੀ ਹੈ। ਇਸੇ ਤਰ੍ਹਾਂ ਖਰੜ ਦੀਆਂ ਤਿੰਨ ਔਰਤਾਂ ਸਮੇਤ ਚਾਰ ਅਤੇ ਜ਼ੀਰਕਪੁਰ ਦੀ ਇਕ ਲੜਕੀ ਕਰੋਨਾ ਨੂੰ ਹਰਾ ਕੇ ਆਪਣੇ ਘਰ ਪਰਤ ਆਏ ਹਨ।
ਭਾਜਪਾ ਆਗੂ ਅਰੁਣ ਸੂਦ ਦੀ ਪਤਨੀ ਕਰੋਨਾ ਪਾਜ਼ੇਟਿਵ
ਭਾਜਪਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਰੁਣ ਸੂਦ ਦੀ ਪਤਨੀ ਅੰਬਿਕਾ ਸੂਦ ਵੀ ਕਰੋਨਾਵਾਇਰਸ ਦੀ ਲਪੇਟ ਵਿੱਚ ਆ ਗਈ ਹੈ। ਅਰੁਣ ਸੂਦ ਨੇ ਆਪਣੇ ਫੇਸਬੁੱਕ ਅਕਾਉਂਟ ਉੱਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਸ ਨੂੰ 21 ਜੁਲਾਈ ਨੂੰ ਕਰੋਨਾ ਵਰਗੇ ਲੱਛਣ ਮਹਿਸੂਸ ਹੋਏ ਸਨ ਪਰ ਟੈਸਟ ਰਿਪੋਰਟ ਨੈਗੇਟਿਵ ਆਈ ਸੀ। ਇਸੇ ਦੌਰਾਨ ਉਨ੍ਹਾਂ ਨੇ ਪਤਨੀ ਦਾ ਟੈਸਟ ਕਰਵਾਇਆ ਤਾਂ ਉਸ ਦੀ ਰਿਪੋਰਟ ਪਾਜ਼ੇਟਿਵ ਆਈ। ਉਨ੍ਹਾਂ ਫੇਸਬੁੱਕ ਉੱਤੇ ਕਿਹਾ ਉਹ ਆਪਣੇ ਪਰਿਵਾਰ ਸਮੇਤ ਆਪਣੇ ਘਰ ਹੀ 14 ਦਨਿਾਂ ਲਈ ਇਕਾਂਤਵਾਸ ਹੋ ਗਏ ਹਨ ਪਰ ਇਕਾਂਤਵਾਸ ਉਹ ਮੋਬਾਈਲ ਫ਼ੋਨ ਉਤੇ ਜਾਂ ਵਰਚੂਅਲ ਮਾਧਿਅਮਾਂ ਰਾਹੀਂ ਲੋਕਾਂ ਦੇ ਸੰਪਰਕ ਵਿੱਚ ਰਹਿਣਗੇ।
ਕਰੋਨਾ ਪੀੜਤ ਦੀ ਮੌਤ
ਖਰੜ (ਸ਼ਸ਼ੀਪਾਲ ਜੈਨ): ਪਿੰਡ ਦੇਸੂਮਾਜਰਾ ਦੇ ਰਹਿਣ ਵਾਲੇ 62 ਸਾਲਾਂ ਦੇ ਵਿਅਕਤੀ ਦੀ ਪੀਜੀਆਈ ਵਿੱਚ ਮੌਤ ਹੋ ਗਈ ਹੈ। ਉਹ ਕਈ ਬੀਮਾਰੀਆਂ ਤੋਂ ਪੀੜਤ ਸੀ ਅਤੇ ਉਸ ਦਾ ਕਰੋਨਾ ਟੈਸਟ ਪੀਜੀਆਈ ਵਿੱਚ ਹੀ ਹੋਇਆ ਸੀ ਤੇ ਰਿਪੋਰਟ ਪਾਜ਼ੇਟਿਵ ਸੀ। ਸਿਵਲ ਹਸਪਤਾਲ ਖਰੜ ਦੇ ਇੰਚਾਰਜ ਡਾ. ਮਨੋਹਰ ਸਿੰਘ ਅਨੁਸਾਰ ਅੱਜ ਇਲਾਕੇ ਵਿੱਚ ਕਰੋਨਾ ਦੇ ਪੰਜ ਨਵੇਂ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆਂ ਕਿ ਸਵਰਾਜ ਨਗਰ, ਐਕਮੇ ਹਾਈਟਸ, ਸੈਕਟਰ-123, ਸ਼ਿਵਾਲਿਕ ਸਿਟੀ ਅਤੇ ਔਰਚਿਡ ਟਾਵਰ ਵਿੱਚ ਇਕ-ਇਕ ਕੇਸ ਪਾਜ਼ੇਟਿਵ ਪਾਇਆ ਗਿਆ ਹੈ। ਇਸੇ ਦੌਰਾਨ ਅੱਜ ਸਿਹਤ ਵਿਭਾਗ ਵੱਲੋਂ 58 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ।
ਪੰਚਕੂਲਾ ਵਿੱਚ 26 ਨਵੇਂ ਕੇਸ
ਪੰਚਕੂਲਾ (ਪੀ. ਪੀ. ਵਰਮਾ): ਪੰਚਕੂਲਾ ਇਲਾਕੇ ਵਿੱਚ ਅੱਜ ਕਰੋਨਾਵਾਇਰਸ ਦੇ 26 ਹੋਰ ਕੇਸ ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਕਾਲਕਾ ਤੋਂ ਚਾਰ, ਪਿੰਜੌਰ ਤੋਂ ਤਿੰਨ, ਨਾਨਕਪੁਰ ਤੋਂ ਇਕ, ਮੜਾਂਵਾਲਾ ਤੋਂ ਇਕ, ਚਰਨੀਆ ਤੋਂ ਇਕ, ਸੈਕਟਰ-25 ਤੋਂ ਤਿੰਨ, ਸੈਕਟਰ 21 ਤੋਂ ਦੋ, ਸੈਕਟਰ-4, 9, 8, 10 ਤੇ 12-ਏ ਤੋਂ ਇਕ-ਇਕ ਕੇਸ ਸਾਹਮਣੇ ਆਏ ਹਨ। ਇਸੇ ਤਰ੍ਹਾਂ ਰਾਮਗੜ੍ਹ, ਸਾਨਪੁਰ, ਸੂਰਜਪੁਰ, ਰਾਏਪੁਰਾਣੀ ਤੋਂ ਵੀ ਇਕ-ਇਕ ਕੇਸ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਸੈਕਟਰ-20 ਤੋਂ ਇਕ ਕੇਸ ਅਤੇ ਇੱਕ ਕੇਸ ਚੰਡੀਗੜ੍ਹ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਸਾਰੇ ਮਰੀਜ਼ਾਂ ਨੂੰ ਕੁਆਰਨਟਾਈਨ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਕਰੋਨਾ ਪਾਜ਼ੇਟਿਵ ਕੇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।