ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਾਰਮੇਸੀ ਕਾਲਜਾਂ ’ਚ ਨਕਲ

01:35 PM May 27, 2023 IST

ਸੰਗਰੂਰ ਦੇ ਇਕ ਨਿੱਜੀ ਫਾਰਮੇਸੀ ਕਾਲਜ ਦੇ ਸਾਰੇ 63 ਵਿਦਿਆਰਥੀਆਂ ਨੇ ਇਕ ਸਰਕਾਰੀ ਕਾਲਜ ਦੇ ਸੀਸੀਟੀਵੀ ਕੈਮਰਿਆਂ ਨਾਲ ਲੈਸ ਪ੍ਰੀਖਿਆ ਕੇਂਦਰ ‘ਚ ਇਮਤਿਹਾਨ ਨਾ ਦੇਣ ਦਾ ਸਮੂਹਿਕ ਫ਼ੈਸਲਾ ਕੀਤਾ। ਇਹ ਫ਼ੈਸਲਾ ਅਜਿਹੇ ਕਾਲਜਾਂ ਤੇ ਹੋਰ ਵਿਦਿਅਕ ਅਦਾਰਿਆਂ ਦੀ ਕਮਜ਼ੋਰ ਤੇ ਜਰਜਰੀ ਵਿੱਦਿਆ ਪ੍ਰਣਾਲੀ ਦਾ ਪਰਦਾਫਾਸ਼ ਕਰਦਾ ਹੈ। ਘਟਨਾ ਦੱਸਦੀ ਹੈ ਕਿ ਅਸੀਂ ਖ਼ੁਦ ਨਾਲ ਧੋਖਾ ਕਰ ਰਹੇ ਹਾਂ; ਬੱਚਿਆਂ ਨੂੰ ਇਮਤਿਹਾਨਾਂ ‘ਚ ਗ਼ਲਤ ਤਰੀਕੇ ਵਰਤ ਕੇ ਪਾਸ ਕਰਵਾਉਣ ਵਾਲਾ ਸਮਾਜ ਚੰਗੇ ਭਵਿੱਖ ਲਈ ਕਿਵੇਂ ਆਸਵੰਦ ਹੋ ਸਕਦਾ ਹੈ? ਇਹ ਫ਼ੈਸਲਾ ਵਿਦਿਅਕ ਪ੍ਰਣਾਲੀ ‘ਚ ਨਾਸੂਰ ਵਾਂਗ ਪਲਦੀ ਰਹੀ ਨਕਲ ਮਾਰਨ ਦੀ ਆਦਤ ਅਤੇ ਅਜਿਹੇ ਹਾਲਾਤ ਨੂੰ ਦਰੁਸਤ ਕਰਨ ਦੀਆਂ ਕੋਸ਼ਿਸ਼ਾਂ ਦੀ ਦੁਖਦਾਈ ਹੋਣੀ ਜ਼ਾਹਰ ਕਰਦਾ ਹੈ। ਗ਼ਲਤ ਤਰੀਕੇ ਰੋਕਣ ਦੇ ਪ੍ਰਬੰਧਾਂ ਵਾਲੀ ਥਾਂ ਹੋਣ ਵਾਲੇ ਇਮਤਿਹਾਨ ਤੋਂ ਸਮੂਹਿਕ ਗ਼ੈਰ-ਹਾਜ਼ਰੀ ਉਸ ਪਾਖੰਡ ਦਾ ਪਰਦਾਫ਼ਾਸ਼ ਕਰਦੀ ਹੈ ਜੋ ਨਿੱਜੀ ਖੇਤਰ ਦੇ ਕੁਝ ਕਾਲਜ ਫਾਰਮੇਸੀ ਡਿਪਲੋਮਾ ਤੇ ਅਜਿਹੀਆਂ ਹੋਰ ਡਿਗਰੀਆਂ ਕਰਾਉਣ ਲਈ ਕਰ ਰਹੇ ਹਨ।

Advertisement

ਸਾਲ 2020 ਤੋਂ ਪੰਜਾਬ ਦੇ ਨਿੱਜੀ ਖੇਤਰ ਦੇ ਕਰੀਬ 100 ਫਾਰਮੇਸੀ ਕਾਲਜ ਦਾਖ਼ਲੇ ਅਤੇ ਇਮਤਿਹਾਨ ਦੇ ਮਾਮਲਿਆਂ ‘ਚ ਗੜਬੜਾਂ ਕਾਰਨ ਵਿਜੀਲੈਂਸ ਜਾਂਚ ਦੇ ਘੇਰੇ ‘ਚ ਹਨ। 2020 ‘ਚ ਵਾਇਰਲ ਵੀਡੀਓ ਨੇ ਅਧਿਕਾਰੀਆਂ ਦੇ ਕੰਨ ਖੜ੍ਹੇ ਕਰ ਦਿੱਤੇ ਸਨ; ਉਸ ਵਿਚ ਕੁਝ ਵਿਦਿਆਰਥੀ ਇਹ ਕਹਿੰਦੇ ਸੁਣੇ ਗਏ ਕਿ ਕਿਵੇਂ ਉਹ ਕੋਈ ਵੀ ਜਮਾਤ ਲਾਉਣ ਤੋਂ ਬਿਨਾ ਹੀ ਇਮਤਿਹਾਨ ਦੇ ਕੇ ਫਾਰਮੇਸੀ ਡਿਪਲੋਮਾ ਹਾਸਿਲ ਕਰ ਸਕਦੇ ਹਨ। ਦੱਸਿਆ ਜਾਂਦਾ ਹੈ ਕਿ ‘ਕਾਲਜ’ ਅਜਿਹੇ ਵਿਦਿਆਰਥੀਆਂ ਨੂੰ ਡੰਮੀ ਦਾਖ਼ਲੇ ਦੇਣ ਦੇ ਨਾਲ ਨਾਲ ਕਰੀਬ 3 ਲੱਖ ਰੁਪਏ ਦੀ ‘ਖ਼ਾਸ ਫ਼ੀਸ’ ਲੈ ਕੇ ਇਮਤਿਹਾਨਾਂ ‘ਚ ‘ਮਦਦ’ ਦਾ ਭਰੋਸਾ ਵੀ ਦਿੰਦੇ ਹਨ। ਇਸ ਨੇ ਕੁਝ ਮਹੀਨਿਆਂ ਦੌਰਾਨ ਇਕੱਲੇ ਸੰਗਰੂਰ ਜ਼ਿਲ੍ਹੇ ‘ਚ ਹੀ 7 ਪ੍ਰਾਈਵੇਟ ਕਾਲਜਾਂ ਦੇ ਵਿਦਿਆਰਥੀਆਂ ਦੁਆਰਾ ਵਿਆਪਕ ਪੱਧਰ ‘ਤੇ ਨਕਲ ਮਾਰੇ ਜਾਣ ਦੀ ਘਟਨਾ ਦਾ ਪਰਦਾਫ਼ਾਸ਼ ਕੀਤਾ; ਸਾਰੇ ਵਿਦਿਆਰਥੀਆਂ ਦੀਆਂ ਉੱਤਰ ਪੁਸਤਕਾਂ ਹਰਫ਼ ਹਰਫ਼ ਮੇਲ ਖਾ ਰਹੀਆਂ ਸਨ। ਅਧਿਕਾਰੀਆਂ ਨੇ ਇਮਤਿਹਾਨ ਰੱਦ ਕਰ ਦਿੱਤਾ; ਦੁਬਾਰਾ ਦਾਖ਼ਲੇ ਦੇ ਹੁਕਮ ਦਿੱਤੇ ਗਏ; ਨਾਲ ਹੀ ‘ਗੜਬੜ’ ਕਰਨ ਵਾਲੇ ਅਦਾਰਿਆਂ ਦੀ ਐਫੀਲਿਏਸ਼ਨ ਰੱਦ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ; ਨਕਲ-ਰੋਕੂ ਉਡਣ ਦਸਤਿਆਂ ਦੇ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ। ਦਸੰਬਰ 2019 ਵਿਚ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਸਨਅਤੀ ਟਰੇਨਿੰਗ ਬੋਰਡ ਨੇ ਡੰਮੀ ਦਾਖ਼ਲਿਆਂ ਦਾ ਪਤਾ ਲੱਗਣ ‘ਤੇ ਇਸੇ ਜ਼ਿਲ੍ਹੇ ਵਿਚਲੇ ਦੋ ਫਾਰਮੇਸੀ ਕਾਲਜਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਸਨ ਅਤੇ ਉਨ੍ਹਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਦੂਜੇ ਕਾਲਜਾਂ ਵਿਚ ਜਜ਼ਬ ਕੀਤਾ ਗਿਆ ਸੀ।

ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਇਮਤਿਹਾਨ ਕਰਾਉਣਾ ਇਸ ਢਾਂਚੇ ਨੂੰ ਸੰਵਾਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਇਸ ਸਬੰਧ ਵਿਚ ਦੋਸ਼ੀ ਨਿੱਕਲਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸਿਹਤ ਸੰਭਾਲ ਪ੍ਰਣਾਲੀ ਲਈ ਸਿੱਖਿਅਤ ਫਾਰਮਾਸਿਸਟਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਸਹੀ ਤਰੀਕੇ ਨਾਲ ਇਮਤਿਹਾਨ ਕਰਵਾਉਣ ਦੀ ਪ੍ਰਕਿਰਿਆ ਹੀ ਸਿਹਤਮੰਦ ਵਿਦਿਅਕ ਪ੍ਰਣਾਲੀ ਦੀ ਸਿਰਜਣਾ ਕਰ ਸਕਦੀ ਹੈ।

Advertisement

Advertisement
Advertisement