ਯੂਪੀਐੱਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ
ਪੱਤਰ ਪ੍ਰੇਰਕ
ਮਾਨਸਾ, 4 ਫਰਵਰੀ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤਹਿਤ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ’ਚ ਛੁੱਟੀ ਤੋਂ ਬਾਅਦ ਮੁੱਖ ਗੇਟਾਂ ਅੱਗੇ ਕੇਂਦਰ ਸਰਕਾਰ ਵਲੋਂ ਏਕੀਕ੍ਰਿਤ ਪੈਨਸ਼ਨ ਯੋਜਨਾ (ਯੂਪੀਐੱਸ) ਦਾ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। ਮੁਲਾਜ਼ਮ ਆਗੂਆਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਇੱਕ ਹੋਰ ਧੋਖਾ ਕੀਤਾ ਹੈ। ਕਮੇਟੀ ਦੇ ਸਟੇਟ ਕੋ-ਕਨਵੀਨਰ ਕਰਮਜੀਤ ਸਿੰਘ ਤਾਮਕੋਟ ਨੇ ਦੱਸਿਆ ਕਿ ਬੀਤੇ ਦਿਨੀਂ ਕੇਂਦਰ ਸਰਕਾਰ ਨੇ ਯੂਨੀਫਾਈਡ ਪੈਨਸ਼ਨ ਸਕੀਮ ਦੀ, ਜੋ ਐੱਸਓਪੀ ਜਾਰੀ ਕੀਤੀ ਹੈ, ਉਹ ਬਹੁਤ ਹੀ ਘਾਤਕ ਹੈ, ਕਿਉਂਕਿ ਉਪਰੋਕਤ ਸਕੀਮ ਦੇ ਅਨੁਸਾਰ ਸਰਕਾਰ ਮੁਲਾਜ਼ਮਾਂ ਦਾ ਪੈਸਾ ਹੜੱਪਕੇ ਉਹਨਾਂ ਦੀ ਰਕਮ ’ਤੇ ਵਿਆਜ ਨੂੰ ਹੀ ਪੈਨਸ਼ਨ ਦੇ ਰੂਪ ਵਿੱਚ ਮੁੜ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਨਾਲ ਮੁਲਾਜ਼ਮ ਨੂੰ ਰਿਟਾਇਰਮੈਂਟ ਤੋਂ ਬਾਅਦ ਖਾਲੀ ਹੱਥ ਘਰ ਨੂੰ ਤੋਰਨ ਦੀ ਸਕੀਮ ਹੈ, ਇਸ ਸਕੀਮ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪੈਨਸ਼ਨ ਦੇ ਨਾਂ ’ਤੇ ਕਰਮਚਾਰੀਆਂ ਦੀ ਖ਼ੂਨ ਪਸੀਨੇ ਦੀ ਕਮਾਈ ਖੋਹਣ ਵਾਲੀ ਯੋਜਨਾ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਅਜਿਹੀ ਸਕੀਮ ਦਾ ਵੱਡੇ ਪੱਧਰ ਤੇ ਡੱਟਵਾਂ ਵਿਰੋਧ ਕੀਤਾ ਜਾਵੇਗਾ।