ਨਵੇਂ ਫ਼ੌਜਦਾਰੀ ਕਾਨੂੰਨਾਂ ਤੇ ਲੇਬਰ ਕੋਡਜ਼ ਦੀਆਂ ਕਾਪੀਆਂ ਫੂਕੀਆਂ
ਪੱਤਰ ਪ੍ਰੇਰਕ
ਮਾਛੀਵਾੜਾ, 8 ਜੁਲਾਈ
ਸੈਂਟਰ ਟਰੇਡ ਯੂਨੀਅਨ ਦੇ ਸੱਦੇ ’ਤੇ ਕੇਂਦਰ ਸਰਕਾਰ ਵੱਲੋਂ ਤਿੰਨ ਫ਼ੌਜਦਾਰੀ ਕਾਨੂੰਨਾਂ ਅਤੇ 4 ਲੇਬਰ ਕੋਡਜ਼ ਲਾਗੂ ਕਰਨ ਦੇ ਰੋਸ ਵਜੋਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਬਲਾਕ ਦੀਆਂ ਆਗੂਆਂ ਵੱਲੋਂ ਨੋਟੀਫਿਕੇਸ਼ਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਯੂਨੀਅਨ ਦੀ ਜਨਰਲ ਸਕੱਤਰ ਕੁਲਵੰਤ ਕੌਰ ਨੀਲੋਂ, ਬਲਾਕ ਕੈਸ਼ੀਅਰ ਮਨਜੀਤ ਕੌਰ ਅਤੇ ਕਾਰਜਕਾਰੀ ਪ੍ਰਧਾਨ ਪਰਮਜੀਤ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਵਿਰੋਧੀ ਧਿਰ ਦੇ 146 ਸੰਸਦ ਮੈਂਬਰਾਂ ਨੂੰ ਮੁਅੱਤਲ ਜਾਂ ਬਰਖ਼ਾਸਤ ਕਰ ਕੇ ਬਿਨਾਂ ਬਹਿਸ ਕੀਤਿਆਂ ਪਾਸ ਕੀਤੇ ਮਜ਼ਦੂਰਾਂ ਵਿਰੋਧੀ ਚਾਰ ਲੇਬਰ ਕੋਡਜ਼ ਅਤੇ ਤਿੰਨ ਫ਼ੌਜਦਾਰੀ ਕਾਨੂੰਨਾਂ ਜਲਦੀ ਤੋਂ ਜਲਦੀ ਵਾਪਸ ਲਵੇ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਸੂਬੇ ਵਿਚ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਨਾ ਕਰੇ।
ਆਗੂਆਂ ਨੇ 10 ਜੁਲਾਈ ਨੂੰ ਲੁਧਿਆਣਾ ਰੈਲੀ ਵੱਧ ਤੋਂ ਵੱਧ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਸ਼ਾਮਲ ਹੋਣ ਲਈ ਕਿਹਾ। ਇਸ ਮੌਕੇ ਸਰਬਜੀਤ ਕੌਰ, ਕਮਲਜੀਤ ਕੌਰ, ਜਸਵੀਰ ਕੌਰ, ਕਮਲਦੀਪ ਕੌਰ, ਮਨਿੰਦਰ ਕੌਰ, ਗੁਰਪ੍ਰੀਤ ਕੌਰ, ਸੁਰਿੰਦਰ ਕੌਰ, ਕਰਨੈਲ ਕੌਰ ਆਦਿ ਹਾਜ਼ਰ ਸਨ।