ਸੀਓਪੀ29: ਵਿਕਸਿਤ ਮੁਲਕਾਂ ਵੱਲੋਂ ਗੰਭੀਰ ਚਰਚਾ ਨਾ ਕਰਨ ਤੋਂ ਭਾਰਤ ਨਿਰਾਸ਼
ਬਾਕੂ (ਅਜ਼ਰਬਾਇਜਾਨ), 17 ਨਵੰਬਰ
ਬਾਕੂ ’ਚ ਸੀਓਪੀ29 ਵਿੱਚ ਭਾਰਤ ਨੇ ਵਿਕਾਸਸ਼ੀਲ ਮੁਲਕਾਂ ’ਚ ਜਲਵਾਯੂ ਕਾਰਵਾਈ ਦੀ ਹਮਾਇਤ ਕਰਨ ਦੇ ਢੰਗਾਂ ’ਤੇ ਗੰਭੀਰਤਾ ਨਾਲ ਚਰਚਾ ਨਾ ਕਰਨ ਲਈ ਵਿਕਸਿਤ ਦੇਸ਼ਾਂ ਪ੍ਰਤੀ ਨਿਰਾਸ਼ਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਵਿੱਤੀ ਤੇ ਤਕਨੀਕੀ ਮਦਦ ਬਿਨਾਂ ਜਲਵਾਯੂ ਤਬਦੀਲੀ ਨਾਲ ਨਜਿੱਠਣਾ ਸੰਭਵ ਨਹੀਂ ਹੈ। ਬੀਤੇ ਦਿਨ ਮਿਟੀਗੇਸ਼ਨ ਵਰਕ ਪ੍ਰੋਗਰਾਮ (ਐੱਮਡਬਲਿਊਪੀ) ਬਾਰੇ ਸਹਾਇਕ ਸੰਸਥਾਵਾਂ ਦੀ ਮੀਟਿੰਗ ਦੇ ਸਮਾਪਤੀ ਸੈਸ਼ਨ ’ਚ ਬਿਆਨ ਦਿੰਦਿਆਂ ਭਾਰਤ ਨੇ ਕਿਹਾ ਕਿ ਵਿਕਸਿਤ ਮੁਲਕ ਜਿਨ੍ਹਾਂ ਇਤਿਹਾਸਕ ਤੌਰ ’ਤੇ ਗਰੀਨ ਹਾਊਸ ਗੈਸਾਂ ਦੀ ਨਿਕਾਸੀ ’ਚ ਸਭ ਤੋਂ ਵੱਧ ਯੋਗਦਾਨ ਦਿੱਤਾ ਹੈ ਅਤੇ ਜਿਨ੍ਹਾਂ ਕੋਲ ਵੱਧ ਸਰੋਤ ਤੇ ਜਲਵਾਯੂ ਲਈ ਕੰਮ ਕਰਨ ਦੀ ਸਮਰੱਥਾ ਹੈ, ਉਹ ਲਗਾਤਾਰ ਇਸ ਮਾਮਲੇ ’ਚ ਕਾਰਵਾਈ ਕਰਨ ਵਿੱਚ ਦੇਰੀ ਕਰਦੇ ਹਨ ਤੇ ਆਪਣੇ ਟੀਚੇ ਬਦਲਦੇ ਰਹੇ ਹਨ। ਭਾਰਤ ਦੇ ਉਪ ਮੁੱਖ ਵਾਰਤਾਕਾਰ ਨੀਲੇਸ਼ ਸਾਹ ਨੇ ਕਿਹਾ, ‘ਅਸੀਂ ਵਿਕਾਸਸ਼ੀਲ ਦੇਸ਼ਾਂ ਲਈ ਅਹਿਮ ਮਾਮਲਿਆਂ ਵਿੱਚ (ਪਿਛਲੇ ਹਫ਼ਤੇ ਦੌਰਾਨ) ਕੋਈ ਪ੍ਰਗਤੀ ਨਹੀਂ ਦੇਖੀ ਹੈ। ਦੁਨੀਆ ਦਾ ਸਾਡਾ ਹਿੱਸਾ ਜਲਵਾਯੂ ਤਬਦੀਲੀ ਦੇ ਸਭ ਤੋਂ ਬੁਰੇ ਪ੍ਰਭਾਵਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਨ੍ਹਾਂ ਪ੍ਰਭਾਵਾਂ ਤੋਂ ਉੱਭਰਨ ਜਾਂ ਜਲਵਾਯੂ ਪ੍ਰਣਾਲੀ ’ਚ ਤਬਦੀਲੀਆਂ ਨੂੰ ਸਹੀ ਕਰਨ ਦੀ ਸਮਰੱਥਾ ਬਹੁਤ ਘੱਟ ਹੈ ਜਿਸ ਲਈ ਅਸੀਂ ਜ਼ਿੰਮੇਵਾਰ ਨਹੀਂ ਹਾਂ।’ ਉਨ੍ਹਾਂ ਕਿਹਾ ਕਿ ਐੱਮਡਬਲਿਊਪੀ ਮਦਦ ਲਈ ਹੈ ਨਾ ਕਿ ਸਜ਼ਾ ਦੇਣ ਲਈ। -ਪੀਟੀਆਈ