ਵਿਦਿਆਰਥੀਆਂ ਦਾ ਸਾਇੰਸਦਾਨਾਂ ਨਾਲ ਤਾਲਮੇਲ ਜ਼ਰੂਰੀ: ਪ੍ਰੋ. ਅਰਵਿੰਦ
ਖੇਤਰੀ ਪ੍ਰ੍ਰਤੀਨਿਧ
ਪਟਿਆਲਾ, 3 ਅਪਰੈਲ
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਸਾਇੰਸ ਦੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਪਛਾਣਨ ਅਤੇ ਇਸ ਨੂੰ ਨਿਖਾਰਨ ਲਈ ਵਿਗਿਆਨੀਆਂ ਨਾਲ ਲਗਾਤਾਰ ਸੰਪਰਕ ਰੱਖਣ ਦੀ ਸਲਾਹ ਦਿੱਤੀ ਹੈ। ਅੱਜ ‘21 ਸੈਂਚੁਰੀ: ਐਨ ਐਰਾ ਆਫ਼ ਮਲਟੀਡਿਪਿਲਨਰੀ ਰਿਸਰਚ’ ਵਿਸ਼ੇ ’ਤੇ ਕਰਵਾਈ ਗਈ ਵਰਕਸ਼ਾਪ ਦੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਉੱਘੇ ਵਿਗਿਆਨੀਆਂ ਨਾਲ ਸੰਪਰਕ ਪੈਦਾ ਕਰਨ ਲਈ ਪਿਛਲੇ ਸਮੇਂ ਤੋਂ ਇਹ ਭਾਸ਼ਣ ਲੜੀ ਆਰੰਭੀ ਗਈ ਹੈ ਤਾਂ ਜੋ ਵਿਦਿਆਰਥੀ ਇਨ੍ਹਾਂ ਵਿਗਿਆਨੀਆਂ ਤੋਂ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਸੇਧ ਲੈ ਸਕਣ ਦੇ ਨਾਲ-ਨਾਲ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਉਭਾਰ ਸਕਣ। ਇਹ ਤਿੰਨ ਦਿਨਾਂ ਵਰਕਸ਼ਾਪ ਭੌਤਿਕ ਵਿਗਿਆਨ ਵਿਭਾਗ ਵੱਲੋਂ ਨੈਸ਼ਨਲ ਅਕੈਡਮੀ ਆਫ਼ ਸਾਇੰਸਿਜ਼, ਅਲਾਹਬਾਦ, ਇੰਡੀਅਨ ਅਕੈਡਮੀ ਆਫ਼ ਸਾਇੰਸਿਜ਼, ਬੰਗਲੌਰ ਅਤੇ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ, ਨਵੀਂ ਦਿੱਲੀ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਜਿਸ ਵਿੱਚ ਦੇਸ਼ ਭਰ ਦੇ ਸਾਇੰਸਦਾਨ ਆਪਣਾ ਭਾਸ਼ਣ ਦੇਣਗੇ। ਉਦਘਾਟਨੀ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸੀ. ਐੱਸ.ਆਈ.ਆਰ. ਦੇ ਡਾ. ਗਿਰੀਸ਼ ਸਾਹਨੀ ਨੇ ਬਹੁ-ਅਨੁਸ਼ਾਸਨੀ ਖੋਜ ਬਾਰੇ ਗੱਲ ਕਰਦਿਆਂ ਕਿਹਾ ਕਿ ਜਿਵੇਂ ਸਫ਼ੇਦ ਚਾਨਣ ਸੱਤ ਰੰਗਾਂ ਤੋਂ ਬਣਿਆ ਹੁੰਦਾ ਹੈ, ਉਸੇ ਤਰ੍ਹਾਂ ਕਿਸੇ ਵੀ ਗਿਆਨ ਦੇ ਨਿਰਮਾਣ ਪਿੱਛੇ ਖੋਜ ਅਤੇ ਅਧਿਐਨ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਰਹੇ ਹੁੰਦੇ ਹਨ। ਸਿਰਫ਼ ਇੱਕੋ ਖੇਤਰ ਵਿੱਚ ਵਿਸ਼ੇਸ਼ ਮੁਹਾਰਤ ਪੈਦਾ ਕਰ ਕੇ ਸਫਲ ਨਹੀਂ ਹੋਇਆ ਜਾ ਸਕਦਾ ਬਲਕਿ ਵੱਖ-ਵੱਖ ਖੇਤਰਾਂ ਵਿੱਚ ਦਿਲਚਸਪੀ ਲੈਣਾ ਵੀ ਅਹਿਮ ਹੈ। ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ, ਬਹਿਰਾਮਪੁਰ ਦੇ ਡਾਇਰੈਕਟਰ ਪ੍ਰੋ. ਏ. ਕੇ. ਗਾਂਗੁਲੀ ਅਤੇ ਪੰਜਾਬ ’ਵਰਸਿਟੀ ਚੰਡੀਗੜ੍ਹ ਦੇ ਸਾਬਕਾ ਡੀਨ ਅਤੇ ਪ੍ਰੋਫ਼ੈਸਰ ਐਮੀਰਟਸ ਪ੍ਰੋ. ਕੇ. ਕੇ. ਭਸੀਨ ਨੇ ਸ਼ਿਰਕਤ ਕੀਤੀ।