ਬਿਹਤਰ ਮੰਡੀਕਰਨ ਲਈ ਸੂਬਿਆਂ ਦਾ ਤਾਲਮੇਲ ਜ਼ਰੂਰੀ: ਬਰਸਟ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਨਵੰਬਰ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੂੰ ਸੂਬੇ ਦੇ ਮੰਡੀਕਰਨ ਸਿਸਟਮ ਲਈ ਕੀਤੇ ਜਾ ਰਹੇ ਕਾਰਜਾਂ ਲਈ ਉਨ੍ਹਾਂ ਨੂੰ ਨੈਸ਼ਨਲ ਕੌਂਸਲ ਆਫ਼ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ (ਕੌਸਾਂਬ) ਨਵੀਂ ਦਿੱਲੀ ਦਾ ਚੇਅਰਮੈਨ ਲਾਇਆ ਗਿਆ ਹੈ। ਇਹ ਐਲਾਨ ਅੱਜ ਕੌਸਾਂਬ ਦੇ ਮੈਨੇਜਿੰਗ ਡਾਇਰੈਕਟਰ ਡਾ. ਜੇਐੱਸ ਯਾਦਵ ਵੱਲੋਂ ਕਿਸਾਨ ਭਵਨ ’ਚ ਕੀਤਾ ਗਿਆ। ਇਸ ਮੌਕੇ ਸ੍ਰੀ ਬਰਸਟ ਨੇ ਕਿਹਾ ਕਿ ਪੰਜਾਬ ਦੀਆਂ ਖੇਤੀਬਾੜੀ ਜਿਣਸਾਂ ਦੇ ਬਿਹਤਰ ਮੰਡੀਕਰਨ ਲਈ ਹੋਰਨਾਂ ਸੂਬਿਆਂ ਨਾਲ ਆਪਸੀ ਤਾਲਮੇਲ ਹੋਣਾ ਜ਼ਰੂਰੀ ਹੈ। ਕੌਸਾਂਬ ਵੱਲੋਂ ਅਜਿਹੇ ਉਪਰਾਲੇ ਕੀਤੇ ਜਾਣਗੇ ਕਿ ਪੰਜਾਬ ਦਾ ਕਿਸਾਨ ਸਿੱਧੇ ਤੌਰ ’ਤੇ ਦੂਜੇ ਰਾਜਾਂ ਵਿੱਚ ਆਪਣੀ ਫ਼ਸਲ ਨੂੰ ਵੇਚ ਸਕੇ। ਇਸ ਦੇ ਨਾਲ ਹੀ ਆਰਗੈਨਿਕ ਉਤਪਾਦਾਂ ਦੇ ਮੰਡੀਕਰਨ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੇਤੀ ਲਈ ਘੱਟ ਰਹੀ ਜ਼ਮੀਨ ਤੇ ਡਿੱਗ ਰਿਹਾ ਪਾਣੀ ਦਾ ਪੱਧਰ ਚਿੰਤਾ ਦਾ ਵਿਸ਼ਾ ਹੈ। ਇਸ ਲਈ ਕੌਸਾਂਬ ਨਾਲ ਮਿਲ ਕੇ ਬੰਜਰ ਜ਼ਮੀਨ ਨੂੰ ਵਾਹੀਯੋਗ ਬਣਾਉਣ ਤੇ ਪਾਣੀ ਦੇ ਪੱਧਰ ਨੂੰ ਠੀਕ ਰੱਖਣ ਸਬੰਧੀ ਕਾਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਰਾਸ਼ਟਰੀ ਪੱਧਰ ’ਤੇ ਐਗਰੀਕਲਚਰਲ ਮਾਰਕੀਟਿੰਗ ਪਾਲਿਸੀ ਬਣਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇੱਕ ਕਮੇਟੀ ਵੀ ਬਣਾਈ ਜਾਵੇਗੀ ਜਿਸ ਵਿੱਚ ਖੇਤੀਬਾੜੀ ਮੰਡੀਕਰਨ ਨਾਲ ਸਬੰਧਤ ਉੱਘੀਆਂ ਸ਼ਖ਼ਸੀਅਤਾਂ ਨੂੰ ਸ਼ਾਮਲ ਕੀਤਾ ਜਾਵੇਗਾ। ਡਾ. ਯਾਦਵ ਨੇ ਕਿਹਾ ਕਿ ਪੰਜਾਬ ਦਾ ਮੰਡੀਕਰਨ ਸਿਸਟਮ ਬਹੁਤ ਵਧੀਆ ਹੈ ਅਤੇ ਪੂਰੇ ਭਾਰਤ ਦੇ ਮੰਡੀ ਸਿਸਟਮ ਵਿੱਚ ਬਦਲਾਅ ਲਿਆ ਕੇ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਇਆ ਜਾਵੇਗਾ।