ਕੋਆਪਰੇਟਿਵ ਸੁਸਾਇਟੀ ਘਨੌਰੀ ਖੁਰਦ ਦਾ ਜਿੰਦਰਾ ਖੋਲ੍ਹਣ ਤੋਂ ਇਨਕਾਰ
ਬੀਰਬਲ ਰਿਸ਼ੀ
ਸ਼ੇਰਪੁਰ, 26 ਮਾਰਚ
ਕੋਆਪਰੇਟਿਵ ਸੁਸਾਇਟੀ ਘਨੌਰੀ ਖੁਰਦ ਦੀ ਚੋਣ ਦੌਰਾਨ ਨਵੀਂ ਜ਼ੋਨ ਪ੍ਰਕਿਰਿਆ ਤਹਿਤ ਮੈਂਬਰਾਂ ਦੀ ਗਿਣਤੀ ਘਟ ਜਾਣ ਤੋਂ ਖਫ਼ਾ ਪਿੰਡ ਵਾਸੀ ਸੁਸਾਇਟੀ ਦੇ ਮੁੱਖ ਗੇਟ ਨੂੰ ਜੜੇ ਜਿੰਦਰੇ ਨੂੰ ਖੋਲ੍ਹਣ ਤੋਂ ਇਨਕਾਰੀ ਹਨ ਅਤੇ ਅੱਜ ਸਬੰਧਤ ਮੈਂਬਰਾਂ ਨਾਲ ਵਿਭਾਗ ਦੀ ਇੰਸਪੈਕਟਰ ਵੱਲੋਂ ਘਨੌਰ ਕਲਾਂ ਸੁਸਾਇਟੀ ‘ਚ ਕੀਤੀ ਮੀਟਿੰਗ ਬੇਸਿੱਟਾ ਰਹੀ।
ਸੁਸਾਇਟੀ ਨੂੰ ਜਿੰਦਾ ਲਗਾਉਣ ਦਾ ਵਿਰੋਧ ਕਰ ਰਹੇ ਸੁਸਾਇਟੀ ਦੇ ਮੈਂਬਰਾਂ ਅਮਰਜੀਤ ਸਿੰਘ, ਪਰਗਟ ਸਿੰਘ, ਅਮਰੀਕ ਸਿੰਘ ਤੇ ਗੁਰਪ੍ਰੀਤ ਸਿੰਘ (ਸਾਰੇ ਵਾਸੀਅਨ ਘਨੌਰੀ ਕਲਾਂ) ਨੇ ਅੱਜ ਏਆਰ ਦਫ਼ਤਰ ਤੇ ਥਾਣਾ ਸ਼ੇਰਪੁਰ ਨੂੰ ਕੀਤੀ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਕਿ ਪਿੰਡ ਘਨੌਰੀ ਕਲਾਂ ਤੇ ਘਨੌਰੀ ਖੁਰਦ ਦੋ ਪਿੰਡਾਂ ’ਤੇ ਅਧਾਰਤ ਕੋਆਪਰੇਟਿਵ ਸੁਸਾਇਟੀ ਪਿੰਡ ਘਨੌਰੀ ਖੁਰਦ ਬਣੀ ਹੋਈ ਹੈ ਜਿਸ ਵਿੱਚ ਘਨੌਰੀ ਖੁਰਦ ਦੇ 165, ਘਨੌਰੀ ਕਲਾਂ ਦੇ 637 ਮੈਂਬਰ ਅਤੇ 802 ਮੈਂਬਰ ਹਨ। ਵਿਭਾਗ ਦੀ ਨਵੀਂ ਚੋਣ ਪ੍ਰਕਿਰਿਆ ਨੀਤੀ ਤਹਿਤ 70 ਮੈਂਬਰਾਂ ਪਿੱਛੇ ਇੱਕ ਕਾਰਜਕਰਨੀ ਕਮੇਟੀ ਦਾ ਮੈਂਬਰ ਚੁਣਿਆ ਜਾਣਾ ਹੈ ਜਿਸ ਤਹਿਤ ਘਨੌਰੀ ਖੁਰਦ ਦੇ ਤਿੰਨ ਅਤੇ ਘਨੌਰੀ ਕਲਾਂ ਦੇ ਅੱਠ ਮੈਂਬਰ ਬਣਦੇ ਹਨ। ਆਗੂਆਂ ਨੇ ਦੱਸਿਆ ਕਿ ਭਾਵੇਂ ਜਿੰਦਾ ਲਗਾਉਣ ਦਾ ਘਟਨਾਕ੍ਰਮ ਕਈ ਦਿਨ ਪਹਿਲਾਂ ਦਾ ਹੈ ਪਰ ਉਨ੍ਹਾਂ ਮਾਮਲੇ ਨੂੰ ਸੁਲਝਾਉਣ ਲਈ ਯਤਨ ਕੀਤੇ ਪਰ ਦੂਜੀ ਧਿਰ ਨੇ ਗੱਲ ਨਹੀਂ ਮੰਨੀ।
ਸੰਪਰਕ ਕਰਨ ’ਤੇ ਵਿਭਾਗ ਦੀ ਇੰਸਪੈਕਟਰ ਅਰਸ਼ਦੀਪ ਕੌਰ ਨੇ ਅੱਜ ਹੋਈ ਮੀਟਿੰਗ ਦੀ ਪੁਸ਼ਟੀ ਕੀਤੀ ਪਰ ਵਿਭਾਗ ਦੀ ਸਥਿਤੀ ਸਪੱਸ਼ਟ ਕਰਨ ਤੋਂ ਕੰਨੀ ਕਤਰਾਈ। ਐੱਸਡੀਐੱਮ ਧੂਰੀ ਅਮਿਤ ਗੁਪਤਾ ਨੇ ਮੀਟਿੰਗ ’ਚ ਹੋਣ ਕਾਰਨ ਗੱਲ ਕਰਨ ਤੋਂ ਅਸਮਰੱਥਾ ਜਿਤਾਈ।
ਸੁਸਾਇਟੀ ਪ੍ਰਧਾਨ ਨੇ ਦੋਸ਼ ਨਕਾਰੇ
ਘਨੌਰੀ ਖੁਰਦ ਸੁਸਾਇਟੀ ਦੇ ਪ੍ਰਧਾਨ ਨੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਕਰਾਰ ਦਿੰਦਿਆਂ ਸਪੱਸ਼ਟ ਕੀਤਾ ਕਿ 2019 ਵਿੱਚ ਸੁਸਾਇਟੀ ਦੇ ਮੈਂਬਰਾਂ ਦੀ ਚੋਣ ਦੌਰਾਨ ਘਨੌਰੀ ਖੁਰਦ ਦੇ 5 ਅਤੇ ਘਨੌਰੀ ਕਲਾਂ ਦੇ 6 ਮੈਂਬਰ ਚੁਣੇ ਗਏ ਸਨ ਅਤੇ ਪਿੰਡ ਵਾਸੀਆਂ ਦੀ ਮੰਗ ਹੈ ਕਿ ਪਹਿਲਾਂ ਚਲਦੇ ਪੈਟਰਨ ’ਤੇ ਚੋਣ ਹੋਣੀ ਚਾਹੀਦੀ ਹੈ। ਉਨ੍ਹਾਂ ਮਾਮਲਾ ਬੈਠ ਕੇ ਨਬਿੇੜਨ ਦੀ ਹਾਮੀ ਭਰਦਿਆਂ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਪੰਜ ਮੈਂਬਰ ਲਏ ਜਾਣ ਤਾਂ ਜਿੰਦਰਾ ਤੁਰੰਤ ਖੋਲ੍ਹਿਆ ਜਾ ਸਕਦਾ ਹੈ।