ਸਹਿਕਾਰੀ ਘੁਟਾਲਾ: ਨੇਪਾਲ ਦੀ ਅਦਾਲਤ ਨੇ ਸਾਬਕਾ ਗ੍ਰਹਿ ਮੰਤਰੀ ਨੂੰ ਪੁਲੀਸ ਹਿਰਾਸਤ ਵਿੱਚ ਭੇਜਿਆ
ਕਾਠਮੰਡੂ, 20 ਅਕਤੂਬਰ
ਨੇਪਾਲ ਦੀ ਇੱਕ ਜ਼ਿਲ੍ਹਾ ਅਦਾਲਤ ਨੇ ਸਹਿਕਾਰੀ ਸੰਸਥਾਵਾਂ ਦੇ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ਹੇਠ ਸਾਬਕਾ ਗ੍ਰਹਿ ਮੰਤਰੀ ਰਾਬੀ ਲਾਮਿਛਾਨੇ ਨੂੰ ਛੇ ਦਿਨ ਦੀ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਕੇਂਦਰੀ ਜਾਂਚ ਬਿਊਰੋ ਦੀ ਇੱਕ ਟੀਮ ਨੇ ਰਾਜਧਾਨੀ ਦੇ ਬਾਹਰਵਾਰ ਬਨਾਸਥਲੀ ਸਥਿਤ ਉਨ੍ਹਾਂ ਦੀ ਪਾਰਟੀ ਦੇ ਦਫ਼ਤਰ ’ਤੇ ਛਾਪਾ ਮਾਰ ਕੇ 50 ਸਾਲਾ ਲਾਮਿਛਾਨੇ ਨੂੰ ਗ੍ਰਿਫਤਾਰ ਕੀਤਾ ਸੀ ਜੋ ਰਾਸ਼ਟਰੀ ਸਵਤੰਤਰਾ ਪਾਰਟੀ ਦਾ ਪ੍ਰਧਾਨ ਵੀ ਹੈ। ਕਾਸਕੀ ਜ਼ਿਲ੍ਹਾ ਅਦਾਲਤ ਦੇ ਜੱਜ ਨਵਰਾਜ ਦਹਿਲ ਦੇ ਸਿੰਗਲ ਬੈਂਚ ਨੇ ਪੁਲੀਸ ਨੂੰ ਪੋਖਰਾ ਸਥਿਤ ਸੂਰਿਆਦਰਸ਼ਨ ਸਹਿਕਾਰੀ ਸੰਸਥਾਵਾਂ ਦੇ ਫੰਡਾਂ ਦੀ ਦੁਰਵਰਤੋਂ ਵਿੱਚ ਕਥਿਤ ਸ਼ਮੂਲੀਅਤ ਦੀ ਜਾਂਚ ਲਈ ਲਾਮਿਛਾਨੇ ਨੂੰ ਹਿਰਾਸਤ ਵਿੱਚ ਰੱਖਣ ਦੀ ਇਜਾਜ਼ਤ ਦਿੱਤੀ। ਸਾਬਕਾ ਗ੍ਰਹਿ ਮੰਤਰੀ ਤਿੰਨ ਦਿਨ ਹੋਰ ਪੁਲੀਸ ਹਿਰਾਸਤ ਵਿੱਚ ਰਹਿਣਗੇ ਕਿਉਂਕਿ ਉਹ ਪਹਿਲਾਂ ਹੀ ਤਿੰਨ ਦਿਨ ਦੀ ਸਜ਼ਾ ਕੱਟ ਚੁੱਕੇ ਹਨ। ਉਨ੍ਹਾਂ ’ਤੇ ਸਹਿਕਾਰੀ ਅਦਾਰਿਆਂ ਨਾਲ ਸਬੰਧਤ 1.35 ਅਰਬ ਰੁਪਏ ਦਾ ਗਬਨ ਕਰਨ ਦਾ ਦੋਸ਼ ਹੈ। ਇਸ ਤੋਂ ਪਹਿਲਾਂ ਸੰਕਟ ਵਿੱਚ ਘਿਰੀ ਸਹਿਕਾਰੀ ਸਭਾਵਾਂ ਦੀ ਜਾਂਚ ਲਈ ਇੱਕ ਸੰਸਦੀ ਵਿਸ਼ੇਸ਼ ਜਾਂਚ ਕਮੇਟੀ ਬਣਾਈ ਗਈ ਸੀ। ਕਮੇਟੀ ਦੀ ਰਿਪੋਰਟ ਵਿੱਚ ਦੋਸ਼ ਲਾਇਆ ਗਿਆ ਹੈ ਕਿ ਲਾਮਿਛਾਨੇ ਸੂਰਿਆਦਰਸ਼ਨ ਅਤੇ ਗੋਰਖਾ ਮੀਡੀਆ ਨੈੱਟਵਰਕ ਸਮੇਤ ਵੱਖ-ਵੱਖ ਸਹਿਕਾਰੀ ਸੰਸਥਾਵਾਂ ਦੇ ਫੰਡਾਂ ਦੀ ਦੁਰਵਰਤੋਂ ਵਿੱਚ ਸ਼ਾਮਲ ਸੀ। ਉਹ ਉਸ ਵੇਲੇ ਮੀਡੀਆ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਸਨ ਜੋ ਹੁਣ ਭੰਗ ਕਰ ਦਿੱਤੀ ਗਈ ਹੈ। ਪੀਟੀਆਈ