ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁੱਲਰ

07:51 AM May 13, 2024 IST

ਪ੍ਰੋ. ਜਸਵੰਤ ਸਿੰਘ ਗੰਡਮ
ਮੇਰੇ ਨਾਨਕੇ ਮਾਝੇ ਵਿੱਚ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਲੀਮਪੁਰ ਅਫ਼ਗਾਨਾ, ਗੁਰਦਾਸਪੁਰ-ਕਲਾਨੌਰ-ਡੇਰਾ ਬਾਬਾ ਨਾਨਕ ਸੜਕ ’ਤੇ। ਢੇਰਾ ਬਾਬਾ ਨਾਨਕ ਦਾ ਨਾਮ ਹੀ ਦੱਸਦਾ ਹੈ ਕਿ ਇਹ ਬੜਾ ਮੁਕੱਦਸ ਸਥਾਨ ਹੈ। ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ। ਬਾਬਾ ਨਾਨਕ ਦੇ ‘ਚੋਲਾ ਸਾਹਿਬ’ ਵਾਲਾ। ਕੌਮਾਂਤਰੀ ਸਰਹੱਦ ਨਾਲ। ਸਰਹੱਦ ਦੇ ਪਾਰਲੇ ਪਾਸੇ ਗੁਰੂ ਨਾਨਕ ਦੇਵ ਜੀ ਦੀ ਕਿਰਤ ਦੀ ਕੀਰਤੀ ਦਾ ਨਗਰ ਹੈ ਕਰਤਾਰਪੁਰ ਸਾਹਿਬ। ਦੋ ਗੁਆਂਢੀ ਮੁਲਕਾਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਖੋਲ੍ਹੇ ਗਏ ਕਰਤਾਰਪੁਰ ਸਾਹਿਬ ਦੇ ਲਾਂਘੇ ਕਾਰਨ ਇਸ ਦਾ ਮਹੱਤਵ ਹੋਰ ਵੀ ਵਧ ਗਿਆ ਹੈ, ਗੁਰੂ ਜੀ ਦੇ ਦੋ ਪਵਿੱਤਰ ਇਤਿਹਾਸਕ ਸਥਾਨਾਂ ਨੂੰ ਜੋੜਨ ਕਰ ਕੇ। ‘ਆਰ ਨਾਨਕ, ਪਾਰ ਨਾਨਕ’ ਨੂੰ ਕਲਾਨੌਰ ਵਿੱਚ ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਹੋਈ ਸੀ। ਤਾਜਪੋਸ਼ੀ ਵਾਲੀ ਥਾਂ ਨੂੰ ਪੁਰਤਾਤੱਤਵ ਵਿਭਾਗ ਨੇ ਇਤਿਹਾਸਕ ਵਿਰਾਸਤੀ ਦਰਜਾ ਦਿੱਤਾ ਹੋਇਆ ਹੈ।
ਮੇਰੇ ਨਾਨਕੇ ਪਿੰਡ ਦਾ ਵਸੀਵਾਂ ਗੁਰਦਾਸ ਨੰਗਲ ਨਾਲ ਲਗਦਾ। ਗੁਰਦਾਸ ਨੰਗਲ ਨਾਲ ਵੀ ਸਿੱਖ ਇਤਿਹਾਸ ਜੁੜਿਆ ਹੈ ਪਰ ਦਰਦੀਲਾ ਬੜਾ। ਇਥੋਂ ਬੰਬਾ ਬਹਾਦਰ ਨੂੰ ਉਸ ਵੇਲੇ ਦੀ ਹਕੂਮਤ ਨੇ ਬੰਦੀ ਬਣਾ ਕੇ ਦਿੱਲੀ ਲਿਜਾ ਕੇ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਸੀ। ਬਾਬਾ ਬੰਦਾ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਸੀ।
ਮੇਰਾ ਬਚਪਨ ਨਾਨਕੇ ਪਿੰਡ ਬੀਤਿਆ। ਸੱਠਵਿਆਂ ਦੇ ਸ਼ੁਰੂ ਵਿਚ ਛੇਵੀਂ-ਸੱਤਵੀਂ ਜਮਾਤ ਗੁਰਦਾਸ ਨੰਗਲ ਦੇ ਸਰਕਾਰੀ ਮਿਡਲ ਸਕੂਲ ਤੋਂ ਕੀਤੀ। ਮੇਰੇ ਮਾਮਾ ਜੀ ਦੀਦਾਰ ਸਿੰਘ ਗੋਰਾਇਆ ਗੁਰਦਾਸਪੁਰ ਦੇ ਡਾਕਖਾਨੇ ’ਚ ਨੌਕਰੀ ਮਿਲਣ ਮਗਰੋਂ ਮੈਨੂੰ ਸਲੀਮਪੁਰ ਲੈ ਗਏ ਤਾਂ ਕਿ ਮੈਂ ਉਨ੍ਹਾਂ ਦੀ ਦੇਖ ਰੇਖ ਵਿਚ ਪੜ੍ਹ ਸਕਾਂ।
ਇਸ ਇਲਾਕੇ ਵਿਚ ਉਨ੍ਹੀਂ ਦਿਨੀਂ ਤਿਲਾਂ ਦੀ ਖੇਤੀ ਬੜੀ ਹੁੰਦੀ ਸੀ। ਖਰਬੂਜ਼ੇ ਵੀ ਬਹੁਤ ਬੀਜੇ ਜਾਂਦੇ ਸਨ। ਅੰਬਾਂ ਲਈ ਤਾਂ ਵੈਸੇ ਹੀ ਗੁਰਦਾਸਪੁਰ ਦਾ ਇਲਾਕਾ/ਹੋਰ ਕੰਡੀ ਦੇ ਇਲਾਕੇ ਜਾਣੇ ਹੀ ਜਾਂਦੇ ਸਨ/ਹਨ।
ਉਦੋਂ ਭਾਵੇਂ ਮਿਸ਼੍ਰਰ ਖੇਤੀ ਵਾਲੀਆਂ ਗੱਲਾਂ ਤਾਂ ਕਦੇ ਨਹੀਂ ਸੀ ਸੁਣੀਆਂ ਪਰ ਉਸ ਇਲਾਕੇ ਵਿਚ ਤਿਲਾਂ ਦੇ ਨਾਲ ਨਾਲ ਦਾਲ ਦੀ ਫ਼ਸਲ ਬੀਜ ਦਿਤੀ ਜਾਂਦੀ ਸੀ, ਬਹੁਤਾ ਕਰ ਕੇ ਮਾਹਾਂ ਦੀ ਦਾਲ ਦੀ ਫਸਲ ਬੀਜੀ ਜਾਂਦੀ ਸੀ। ਤਿਲ ਸੋਟੀ ਜਿਹੀ ਵਾਂਗ ਸਿੱਧੇ ਉਪਰ ਵੱਲ ਖੜ੍ਹ ਜਾਂਦੇ ਤੇ ਸਿਖਰ ਉਪਰ ਤਿਲਾਂ ਦਾ ਫਲ/ਬੀਜ ਲਗਦੇ। ਦਾਲ ਦੀ ਫਸਲ ਹੇਠਾਂ ਲੇਟਵੇਂ ਰੂਪ ਵਿਚ ਵਧਦੀ-ਫੁਲਦੀ ਰਹਿੰਦੀ। ਫਸਲ ਪੱਕਦੇ ਸਾਰ ਘਰਾਂ ਵਿਚ ਤਿਲ ਹੀ ਤਿਲ ਆ ਜਾਂਦੇ; ਭਾਵ, ਤਿਲ ਧਰਨ ਨੂੰ ਥਾਂ ਨਾ ਬਚਦੀ!
ਉਨ੍ਹੀਂ ਦਿਨੀਂ ਉੱਧਰ ਪੂਰੇ ਪੇਂਡੂ ਇਲਾਕੇ ਵਿਚ ਸਿਆਲਾਂ ਦੀ ਗਿਜ਼ਾ ਤਿਲ ਹੁੰਦੇ ਸਨ। ਤਿਲਾਂ ਦਾ ਤੇਲ/ਤਿਲਤ ਕਢਵਾ ਲਿਆ ਜਾਂਦਾ ਸੀ। ਮੈਂ ਖੁਦ ਇਹ ਕੰਮ ਕਰਵਾਉਣ ਹਿਤ ਪੰਜ ਵੱਟੀਆਂ (ਕਰੀਬ 20 ਕਿਲੋ ਗਰਾਮ) ਤਿਲਾਂ ਦਾ ਤੋੜਾ 11-12 ਸਾਲ ਦੀ ਉਮਰੇ ਸਿਰ ’ਤੇ ਚੁੱਕ ਕੇ ਕੋਈ2-2.5 ਕਿਲੋ ਮੀਟਰ ਦੂਰ ਪੈਂਦੇ ਕੋਹਲੂ ਉਪਰ ਤੇਲੀ ਕੋਲੋਂ ਘਾਣੀ ਕਢਵਾਉਣ ਪੈਦਲ ਜਾਂਦਾ ਰਿਹਾ ਹਾਂ। ਹੁਣ ਤਾਂ ਇਹੀ ਮੁਹਾਵਰਾ ਸੁਨਣ ਨੂੰ ਮਿਲਦਾ- ‘ਇਨ੍ਹਾਂ ਤਿਲਾਂ ਵਿਚ ਤੇਲ ਨਹੀਂ’ ਪਰ ਉਨ੍ਹਾਂ ਤਿਲਾਂ ’ਚੋਂ ਬਹੁਤ ਤੇਲ ਨਿਕਲਦਾ ਸੀ; ਤੋੜੇ ਦੇ ਭਾਰ ਨਾਲ ਸਗੋਂ ਆਪਣਾ ਤੇਲ ਵੀ ਨਿਕਲ ਜਾਂਦਾ ਸੀ! ਤਿਲਾਂ ਦੇ ਤੇਲ ਦੇ ਹਰ ਸੁਬ੍ਹਾ ਪਰੌਂਠੇ ਪੱਕਦੇ। ਚਾਰੇ ਪਾਸੇ ਤੇਲ ਦੀ ਨਿਵੇਕਲੀ ਖੁਸ਼ਬੂ ਫੈਲ ਜਾਂਦੀ ਸੀ।
ਰਾਤ ਨੂੰ ਕੁੱਲਰ ਬਣਦਾ ਸੀ। ਇਸ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਸੀ। ਸਾਡੇ ਇੱਧਰ ਦੁਆਬੇ ਵਿਚ ਉਦੋਂ ਕਣਕ ਮੱਕੀ ਬੀਜੇ ਜਾਂਦੇ ਸਨ। ਝੋਨਾ ਅਜੇ ਨਹੀਂ ਸੀ ਆਇਆ। ਮੇਰੀ ਸੁਰਤ ਵਿਚ ਮੈਂ ਇਸ ਪਾਸੇ ਤਿਲਾਂ ਦੀ ਖੇਤੀ ਵੀ ਨਹੀਂ ਦੇਖੀ। ਉੱਧਰ ਝੋਨਾ ਬਹੁਤ ਪਹਿਲਾਂ ਬੀਜਿਆ ਜਾਣ ਲੱਗ ਪਿਆ ਸੀ। ਮੱਕੀ ਨਹੀਂ ਸੀ ਬੀਜੀ ਜਾਂਦੀ। ਇਸ ਲਈ ਸਾਡੇ ਲਈ ਕੁੱਲਰ ਬਹੁਤ ਆਕਰਸ਼ਣ ਵਾਲੀ ਗਿਜ਼ਾ ਹੁੰਦੀ ਸੀ, ਉਨ੍ਹਾਂ ਲਈ ਮੱਕੀ ਦੀ ਰੋਟੀ ਅਤੇ ਛੱਲੀ। ਮਾਝੇ ਵਾਲੇ ਤਾਂ ਸਾਨੂੰ ‘ਦੁਆਬੀਏ ਮੱਕੀ ਖਾਣੇ’ ਸੱਦਦੇ ਸਨ।
ਮੇਰੀ ਨਾਨੀ (ਮਰਹੂਮ) ਰਾਮ ਕੌਰ ਗੋਰਾਇਆ ਨੇ ਰੋਜ਼ ਰਾਤ ਨੂੰ ਚੱਠੂ ਵਿਚ ਗੁੜ ਅਤੇ ਤਿਲ ਪਾ ਕੇ ਕੁੱਟਣੇ। ਦੋਵੇਂ ਰਲਗਡ ਹੋ ਜਾਂਦੇ ਅਤੇ ਕੁੱਲਰ ਬਣ ਜਾਂਦਾ ਜੋ ਮੂੰਹੋਂ ਨਾ ਲੱਥਦਾ (ਕਈ ਥਾਂ ਇਸ ਨੂੰ ਤਿਲਵਾ ਜਾਂ ਤਿਲੋਆ ਵੀ ਕਿਹਾ ਜਾਂਦਾ ਹੈ; ਭਾਵ, ਤਿਲ ਅਤੇ ਮਿੱਠਾ ਕੁੱਟ ਕੇ ਤਿਆਰ ਕੀਤਾ ਭੋਜਨ)। ਮੈਂ 74 ਸਾਲ ਦਾ ਹੋਣ ਵਾਲਾ ਹਾਂ ਪਰ ਅੱਜ ਤਕ ਮੈਂ ਸੱਠਵਿਆਂ ਦੇ ਦਹਾਕੇ ਦੇ ਪਹਿਲੇ ਪਹਿਰ ’ਚ ਆਪਣੇ ਨਾਨਕੇ ਪਿੰਡ ਖਾਧੇ ਕੁੱਲਰ ਵਰਗੇ ਹੋਰ ਕੋਈ ਵੀ ਤਿਲਾਂ ਤੋਂ ਬਣਾਏ ਜਾਣ ਵਾਲੇ ਇੰਨੇ ਜ਼ਾਇਕੇਦਾਰ ਖਾਧ ਪਦਾਰਥ ਜਾਂ ‘ਸਵੀਟ ਡਿਸ਼’ ਨਹੀਂ ਖਾਧਾ (ਹੁਣ ਤਾਂ ਉੱਧਰ ਵੀ ਤਿਲ ਨਹੀਂ ਰਹੇ, ਤੇਲ ਜਾਂ ਕੁੱਲਰ ਕੀ ਰਹਿਣੇ ਭਲਾ)।
ਅਜੋਕੇ ਦੌਰ ਵਿਚ ਤਿਲਾਂ ਤੋਂ ਬੜਾ ਕੁਝ ਬਣਦਾ; ਤਿਲ ਚੌਲੀ, ਰੇੜੀਆਂ, ਗੱਚਕ ਆਦਿ। ਘੁੱਦਾ ਵੀ ਜੋ ਕੁੱਲਰ ਦਾ ਮਾਡਰਨ ਰੂਪ ਕਿਹਾ ਜਾ ਸਕਦਾ ਹੈ। ਦੇਖਣ ਨੂੰ ਚੰਗਾ ਵੀ ਲਗਦਾ, ਖਾਣ ਨੂੰ ਵੀ ਮਾੜਾ ਨਹੀਂ ਪਰ ਸੁਆਦ ਦਾ ਉਹ ਸੁਰਗੀ ਹੁਲਾਰਾ ਨਹੀਂ ਲੱਭਦਾ ਜੋ ਕੁੱਲਰ ’ਚੋਂ ਮਿਲਦਾ ਸੀ।
ਲਗਦਾ ਹੈ, ਨਾਨੀ ਨਾਲ ਹੀ ਕੁੱਲਰ ਵੀ ਚਲਾ ਗਿਆ।
ਸੰਪਰਕ: 98766-55055

Advertisement

Advertisement