ਕੂਲਰ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਰਾਸ ਆਈ ਗਰਮੀ
ਜੋਗਿੰਦਰ ਸਿੰਘ ਮਾਨ
ਮਾਨਸਾ, 3 ਜੂਨ
ਮਾਲਵੇ ਵਿੱਚ ਪੈ ਰਹੀ ਕਹਿਰ ਦੀ ਗਰਮੀ ਕਾਰਨ ਪੇਂਡੂ ਖੇਤਰ ਵਿੱਚ ਕੂਲਰਾਂ ਦੀ ਵਿਕਣ ਦਰ ਵਧਣ ਲੱਗੀ ਹੈ ਜਦੋਂਕਿ ਸ਼ਹਿਰਾਂ ਵਿਚ ਲੋਕ ਏਸੀ ਖਰੀਦਣ ਨੂੰ ਤਰਜੀਹ ਦੇ ਰਹੇ ਹਨ। ਏਸੀ ਦੇ ਜ਼ਮਾਨੇ ਵਿਚ ਹੁਣ ਕੂਲਰ ਮੱਧ ਵਰਗੀ ਪਰਿਵਾਰਾਂ ਦੀ ਪਹਿਲੀ ਪਸੰਦ ਹੈ। ਕੂਲਰ ਬਣਾਉਣ ਵਾਲੀਆਂ ਫੈਕਟਰੀਆਂ ਵਿਚ ਭਾਵੇਂ ਅੱਜ-ਕੱਲ੍ਹ ਕੂਲਰਾਂ ਬਣਾਉਣ ਦਾ ਕੰਮ ਬੰਦ ਹੋਣ ਵਰਗਾ ਹੋ ਜਾਂਦਾ ਹੈ ਪਰ ਐਂਤਕੀ ਤੇਜ਼ ਲੂ ਕਾਰਨ ਹਰ-ਰੋਜ਼ ਹੀ ਦੁਕਾਨਦਾਰਾਂ ਵੱਲੋਂ ਫੈਕਟਰੀ ਵਾਲਿਆਂ ਨੂੰ ਨਵੇਂ ਕੂਲਰ ਭੇਜਣ ਦੇ ਆਰਡਰ ਦਿੱਤੇ ਜਾ ਰਹੇ ਹਨ।
ਕੂਲਰਾਂ ਦੇ ਕਾਰੋਬਾਰ ਕਰਨ ਵਾਲਿਆਂ ਅਨੁਸਾਰ ਇਸ ਵਾਰ ਪੈ ਰਹੀ ਗਰਮੀ ਪੈਣ ਤੋਂ ਬਿਨਾਂ ਹੀ ਦਿਹਾਤੀ ਖੇਤਰ ਵਿਚ ਕੂਲਰਾਂ ਦੀ ਵਿਕਰੀ ਵਿਚ ਜਿਹੜਾ ਵਾਧਾ ਹੋਇਆ ਹੈ, ਉਸ ਨੇ ਪਿਛਲੇ ਸਾਲਾਂ ਦੇ ਰਿਕਾਰਡ ਨੂੰ ਮਾਤ ਪਾ ਦਿੱਤਾ ਹੈ। ਵਰਤਮਾਨ ਸਮੇਂ ਦੌਰਾਨ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਲਈ ਕੂਲਰਾਂ ਦੀ ਖਰੀਦੋ-ਫਰੋਖਤ ਕਰਨੀ ਜ਼ਰੂਰੀ ਕਰ ਰੱਖੀ ਹੈ। ਮਾਨਸਾ ਵਿਖੇ ਨਵੇਂ ਕੂਲਰ ਬਣਾਉਣ ਵਾਲੀਆਂ ਫੈਕਟਰੀਆਂ ਦੇ ਮਾਲਕਾਂ ਨੇ ਦੱਸਿਆ ਕਿ ਕੂਲਰਾਂ ਦੀਆਂ ਕੀਮਤਾਂ ਵੀ ਹਰ ਵਿਅਕਤੀ ਦੀ ਪਹੁੰਚ ਦੇ ਘੇਰੇ ਵਿਚ ਹਨ। ਹਰ ਵਿਅਕਤੀ ਆਪਣੀ ਪਹੁੰਚ ਤੇ ਸਹੂਲਤ ਮੁਤਾਬਕ ਸਸਤੇ ਤੋਂ ਸਸਤਾ ਅਤੇ ਮਹਿੰਗਾ ਤੋਂ ਮਹਿੰਗਾ ਕੂਲਰ ਫਿਟ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਛੋਟਾ ਕੂਲਰ 7000 ਤੋਂ 8000 ਰੁਪਏ ਤੱਕ ਅਤੇ ਵੱਡਾ ਕੂਲਰ 10000 ਤੋਂ 15000 ਰੁਪਏ ਤੱਕ ਤਿਆਰ ਹੋ ਜਾਂਦਾ ਹੈ ਜਿਸ ਕਾਰਨ ਇਹ ਰੇਟ ਹਰ ਇੱਕ ਦੇ ਘੇਰੇ ਵਿਚ ਹਨ, ਜਿਹੜੇ ਵਿਅਕਤੀ ਇਸ ਦੀ ਵਰਤੋਂ ਕਰਨੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਗਰਮੀ ਦਾ ਸੀਜ਼ਨ ਪਹਿਲਾਂ ਦੇ ਮੁਕਾਬਲੇ ਵੱਧ ਲੰਬਾ ਹੋਣ ਸਦਕਾ ਲੋਕਾਂ ਵਲੋਂ ਹੁਣ ਕੂਲਰਾਂ ਦੀ ਕੀਤੀ ਜਾ ਰਹੀ ਲਗਾਤਾਰ ਖਰੀਦ ਕਾਰਨ ਫੈਕਟਰੀਆਂ ਤੋਂ ਕੂਲਰ, ਗਾਹਕਾਂ ਦੀ ਮੰਗ ਅਨੁਸਾਰ ਪੂਰੇ ਨਹੀਂ ਕੀਤੇ ਜਾ ਰਹੇ ਹਨ। ਉਧਰ ਹੀ ਬਿਜਲੀ ਦਾ ਸਾਮਾਨ ਵੇਚਣ ਵਾਲੇ ਕਈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗਰਮੀ ਦੇ ਇਸ ਸੀਜ਼ਨ ਦੌਰਾਨ ਭਾਵੇਂ ਫਰਾਟਾ ਪੱਖੇ ਵਿਕਣ ਦਾ ਕੰਮ ਵੀ ਚੱਲ ਰਿਹਾ ਹੈ ਪਰ ਪੱਖਿਆਂ ਦੇ ਮੁਕਾਬਲੇ ਕੂਲਰਾਂ ਦੀ ਵਿਕਣ ਗਿਣਤੀ ਬਹੁਤ ਵੱਧ ਹੈ।