ਨੈਸ਼ਨਲ ਸਕਿੱਲ ਟਰੇਨਿੰਗ ਇੰਸਟੀਚਿਊਟ ਵਿੱਚ ਕਨਵੋਕੇਸ਼ਨ
ਖੇਤਰੀ ਪ੍ਰਤੀਨਿਧ
ਲੁਧਿਆਣਾ, 26 ਅਕਤੂਬਰ
ਸਥਾਨਕ ਨੈਸ਼ਨਲ ਸਕਿੱਲ ਟਰੇਨਿੰਗ ਇੰਸਟੀਚਿਊਟ ਵਿੱਚ ਤੀਜਾ ਸਾਲਾਨਾ ਕਨਵੋਕੇਸ਼ਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ 2023-24 ਬੈਚ ਦੇ 180 ਸਿਖਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਆ ਗਿਆ। ਇਸ ਤੋਂ ਇਲਾਵਾ ਕਰਾਫਟ ਇੰਸਟ੍ਰਕਟਰਾਂ ਦੇ ਆਲ ਇੰਡੀਆ ਟ੍ਰੇਡ ਟੈੱਸਟ ਵਿੱਚ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕਰਨ ਵਾਲੇ ਸਿਖਿਆਰਥੀਆਂ ਨੂੰ ਵੀ ਟਰਾਫੀਆਂ ਅਤੇ ਪ੍ਰਸ਼ੰਸਾ ਪੱਧਰਾਂ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਅਰੰਭ ਧਾਰਮਿਕ ਰਸਮਾਂ ਨਾਲ ਹੋਇਆ। ਇਸ ਮਗਰੋਂ ਡਿਪਟੀ ਡਾਇਰੈਕਟਰ/ ਪ੍ਰਿੰਸੀਪਲ ਡਾ. ਪ੍ਰਮਿੰਦਰ ਤਿਲਾਂਬੇ ਨੇ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ। ਹੁਨਰ ਵਿਕਾਸ ਅਤੇ ਉੱਦਮਤਾ ਦੇ ਖੇਤਰੀ ਡਾਇਰੈਕਟਰ ਜਗਦੀਸ਼ ਚੰਦ ਨੇ ਮੁੱਖ ਭਾਸ਼ਣ ਦਿੱਤਾ। ਐਸੋਸੀਏਸ਼ਨ ਆਫ ਲੁਧਿਆਣਾ ਮਸ਼ੀਨ ਟੂਲ ਇੰਡਸਟਰੀ ਦੇ ਪ੍ਰਧਾਨ ਤਰਲੋਚਨ ਸਿੰਘ ਨੇ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਸਿਖਲਾਈ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਖੇਤਰੀ ਨਿਰਦੇਸ਼ਕ ਹੁਨਰ ਵਿਕਾਸ ਅਤੇ ਉੱਦਮਤਾ, ਹਿਮਾਚਲ ਪ੍ਰਦੇਸ਼ ਸੁਭਾਸ਼ ਚੰਦਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਿਖਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸਮਾਗਮ ਦੀ ਸਮਾਪਤੀ ’ਤੇ ਸਹਾਇਕ ਡਾਇਰੈਕਟਰ ਗੁਰਮੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।