ਇੱਕ ਮੁਰਦੇ ਨਾਲ ਗੱਲਬਾਤ
ਅਤਾਉਲ ਹੱਕ ਕਾਸਮੀ
ਪਾਕਿਸਤਾਨੀ ਉਰਦੂ ਵਿਅੰਗ
ਸਮੋਸਾ-ਚਾਹ ਦੀ ਖ਼ਾਹਿਸ਼ ’ਚ ਮੈਂ ਇੱਕ ਛੋਟੇ ਜਿਹੇ ਮਾਮੂਲੀ ਹੋਟਲ ’ਚ ਦਾਖ਼ਲ ਹੋਇਆ ਅਤੇ ਸੜਕ ਵੱਲ ਪਿੱਠ ਕਰਕੇ ਇੱਕ ਮੇਜ਼ ’ਤੇ ਬੈਠ ਗਿਆ। ਮੇਰੀ ਪਿੱਠ ਦੇ ਪਿੱਛੇ ਜੋ ਸੜਕ ਸੀ ਉਸ ’ਤੇ ਲੋਕਾਂ ਦੀ ਭੀੜ, ਜਿਨ੍ਹਾਂ ਦੀ ਕੋਈ ਮੰਜ਼ਿਲ ਨਹੀਂ ਸੀ, ਭੱਜੀ ਜਾ ਰਹੀ ਸੀ। ਮੇਜ਼ ’ਤੇ ਪਹਿਲਾਂ ਹੀ ਕੱਪ-ਪਲੇਟ ਅਤੇ ਗਲਾਸ ਖਿੱਲਰੇ ਪਏ ਸਨ। ਮੇਜ਼ ਸਾਫ਼ ਕਰਨ ਲਈ ਕਿਹਾ ਤਾਂ ਇੱਕ ਗੰਦਾ ਜਿਹਾ ਲੜਕਾ ਆਇਆ ਅਤੇ ਕੱਪ-ਪਲੇਟ ਤੇ ਗਲਾਸ ਲੈ ਕੇ ਸਾਹਮਣੇ ਦਰਵਾਜ਼ੇ ਦੇ ਵੱਲ ਗਿਆ। ਉਸ ਨੇ ਦਰਵਾਜ਼ੇ ਨੂੰ ਲੱਤ ਮਾਰੀ ਤਾਂ ਦਰਵਾਜ਼ਾ ਪੂਰਾ ਖੁੱਲ੍ਹ ਗਿਆ।
ਦਰਵਾਜ਼ਾ ਖੁੱਲ੍ਹਿਆ ਤਾਂ ਮੇਰੀ ਨਜ਼ਰ ਦਰਵਾਜ਼ੇ ਦੇ ਪਾਰ ਗਈ। ਮੈਨੂੰ ਉੱਥੇ ਬਹੁਤ ਸਾਰੀਆਂ ਕਬਰਾਂ ਨਜ਼ਰ ਆਈਆਂ। ਮੈਂ ਸਮਝ ਗਿਆ ਕਿ ਇਹ ਹੋਟਲ ਕਬਰਿਸਤਾਨ ਦੀ ਜ਼ਮੀਨ ’ਤੇ ਕਬਜ਼ਾ ਕਰਕੇ ਬਣਾਇਆ ਗਿਆ ਹੈ। ਤਦੇ ਮੇਰੇ ਆਰਡਰ ਦਾ ਸਮੋਸਾ ਅਤੇ ਚਾਹ ਮੇਰੇ ਮੇਜ਼ ’ਤੇ ਆ ਗਿਆ ਅਤੇ ਸਮੋਸਾ ਖਾਂਦੇ-ਖਾਂਦੇ ਮੈਂ ਕਬਰਿਸਤਾਨ ਨੂੰ ਦੇਖ ਰਿਹਾ ਸੀ।
ਮੂਰਖ ਜਿਹਾ ਦਿਸਦਾ ਕੋਈ ਆਪਣੀ ਕਬਰ ’ਚੋਂ ਨਿਕਲਿਆ ਅਤੇ ਸਿੱਧਾ ਹੋਟਲ ਅੰਦਰ ਆ ਕੇ ਮੇਰੇ ਸਾਹਮਣੇ ਬੈਠ ਗਿਆ। ਮੈਂ ਉਸ ਨੂੰ ਹੈਰਾਨੀ ਨਾਲ ਦੇਖਣ ਲੱਗਾ। ਉਸ ਨੇ ਮੈਨੂੰ ਕਿਹਾ, ‘‘ਕਿਰਪਾ ਕਰਕੇ ਇੱਕ ਪਲੇਟ ਸਮੋਸਾ ਮੇਰੇ ਲਈ ਵੀ ਮੰਗਵਾ ਦੇਵੋ।’’ ਮੈਂ ਕਿਹਾ, ‘‘ਤੁਸੀਂ ਤਾਂ ਮਰੇ ਹੋਏ ਹੋ, ਤੁਸੀਂ ਸਮੋਸਾ ਕਿਵੇਂ ਖਾ ਸਕਦੇ ਹੋ? ਬੇਕਾਰ ਹੀ ਮੇਰੇ ਪੈਸੇ ਬਰਬਾਦ ਨਾ ਕਰੋ।’’ ਮੇਰੀ ਗੱਲ ਸੁਣ ਕੇ ਮੁਰਦੇ ਨੂੰ ਹਾਸਾ ਆ ਗਿਆ, ਬੋਲਿਆ, ‘‘ਜੇਕਰ ਮੈਂ ਮੁਰਦਾ ਹਾਂ ਤਾਂ ਤੁਸੀਂ ਵੀ ਕਿਹੜਾ ਜ਼ਿੰਦਾ ਹੋ? ਇੱਥੇ ਹਰੇਕ ਮਰੇ ਹੋਏ ਆਦਮੀ ਨੂੰ ਭਰਮ ਹੈ ਕਿ ਉਹ ਜਿਊਂਦਾ ਹੈ।’’
ਮੈਂ ਕਿਹਾ, ‘‘ਤੁਹਾਡੀ ਪਛਾਣ?’’ ਮੁਰਦਾ ਬੋਲਿਆ, ‘‘ਪਛਾਣ ਜਿਊਂਦੇ ਆਦਮੀ ਦੀ ਹੁੰਦੀ ਹੈ। ਮਰਨ ਤੋਂ ਬਾਅਦ ਸਾਰਿਆਂ ਦੀ ਇੱਕ ਹੀ ਪਛਾਣ ਹੁੰਦੀ ਹੈ ‘ਡੈੱਡ ਬੌਡੀ’। ਸ਼ੇਕਸਪੀਅਰ ਨੇ ਕਿਹਾ ਹੈ ਕਿ ਨਾਂ ’ਚ ਕੀ ਰੱਖਿਆ ਹੈ। ਖ਼ੈਰ, ਜਦ ਮੈਂ ਜਿਊਂਦਾ ਸੀ ਤਾਂ ਮੇਰਾ ਨਾਂ ਸੀ ‘ਗ਼ਮਗ਼ੀਨ ਅੰਧੇਰਪੁਰੀ’। ਦੋਸਤ ਮੈਨੂੰ ਗ਼ਮਗ਼ੀਨ ਹੀ ਆਖਿਆ ਕਰਦੇ ਹਨ।’’ ਮੈਂ ਕਿਹਾ, ‘‘ਨਾਂ ਤਾਂ ਤੁਹਾਡਾ ਗ਼ਮਗ਼ੀਨ ਹੈ ਪਰ ਗੱਲਾਂ ਜ਼ਿੰਦਾਦਿਲੀ ਦੀਆਂ ਕਰਦੇ ਹੋ।’’ ਉਸ ਨੇ ਕਿਹਾ, ‘‘ਅਸਲ ਜ਼ਿੰਦਗੀ ’ਚ ਉਹੀ ਖ਼ੁਸ਼ ਹੈ ਜੀਹਨੂੰ ਅਸੀਂ ਗ਼ਮਗ਼ੀਨ ਸਮਝਦੇ ਹਾਂ।’’ ਮੈਂ ਕਿਹਾ, ‘‘ਗ਼ਮਗ਼ੀਨ ਸਾਹਿਬ ਤੁਸੀਂ ਜਦ ਜਿਊਂਦੇ ਸੀ ਤਾਂ ਕੀ ਕਰਦੇ ਸੀ?’’ ਉਸ ਨੇ ਕਿਹਾ, ‘‘ਉਹੀ ਕਰਦਾ ਸੀ ਜੋ ਹੁਣ ਕਰ ਰਿਹਾ ਹਾਂ ਮਤਲਬ ਮੁਫ਼ਤ ਦਾ ਮਾਲ ਖਾਇਆ ਕਰਦਾ ਸੀ।’’
ਮੈਂ ਕਿਹਾ, ‘‘ਫਿਰ ਤਾਂ ਲੋਕ ਤੁਹਾਨੂੰ ਸਖ਼ਤ ਨਾ-ਪਸੰਦ ਕਰਦੇ ਹੋਣਗੇ?’’ ਮੁਰਦੇ ਨੂੰ ਬੁਰਾ ਲੱਗ ਗਿਆ। ਉਹ ਕਹਿਣ ਲੱਗਾ, ‘‘ਕਿਹੋ ਜਿਹੀ ਗੱਲ ਆਖ ਰਹੇ ਹੋ ਤੁਸੀਂ! ਸਾਡੀ ਸੁਸਾਇਟੀ ’ਚ ਤਾਂ ਉਨ੍ਹਾਂ ਨੂੰ ਬੜੇ ਆਦਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਜਿਹੜੇ ਦੂਜਿਆਂ ਦੇ ਖ਼ੂਨ-ਪਸੀਨੇ ਦੀ ਕਮਾਈ ਖਾਂਦੇ ਹਨ। ਇੱਥੇ ਤਾਂ ਸਾਰੇ ਦੂਜਿਆਂ ਦੀ ਮਿਹਨਤ ਦਾ ਹੀ ਖਾ ਰਹੇ ਹਨ। ਇਹ ਜਿਹੜੇ ਵੱਡੇ ਪੂੰਜੀਪਤੀ ਹਨ, ਕੀ ਉਹ ਮਿਹਨਤ ਕਰਦੇ ਹਨ? ਨਹੀਂ। ਉਨ੍ਹਾਂ ਲਈ ਮਿਹਨਤ ਕੋਈ ਹੋਰ ਕਰਦਾ ਹੈ ਅਤੇ ਇਹ ਉਨ੍ਹਾਂ ਦੀ ਮਿਹਨਤ ਖਾਂਦੇ ਹਨ। ਮੈਨੂੰ ਤਾਂ ਇਸ ਗੱਲ ਦਾ ਦੁੱਖ ਹੈ ਕਿ ਤੁਸੀਂ ਮੇਰੇ ਲਈ ਚੰਗਾ ਸ਼ਬਦ ਇਸਤੇਮਾਲ ਨਹੀਂ ਕੀਤਾ।’’
ਮੈਂ ਕਿਹਾ, ‘‘ਜੇਕਰ ਮੇਰੀ ਗੱਲ ਨਾਲ ਤੁਹਾਡਾ ਦਿਲ ਦੁਖਿਆ ਹੈ ਤਾਂ ਮੈਂ ਮਾਫ਼ੀ ਚਾਹੁੰਦਾ ਹਾਂ।’’ ਮੁਰਦੇ ਨੇ ਕਿਹਾ, ‘‘ਮਾਫ਼ੀ-ਮੂਫ਼ੀ ਛੱਡੋ। ਮੇਰੇ ਲਈ ਇੱਕ ਪਲੇਟ ਸਮੋਸੇ ਦਾ ਆਰਡਰ ਕਰੋ, ਦਹੀਂ ’ਚ ਬਣਿਆ, ਨਮਕ-ਮਿਰਚ ਤੇਜ਼।’’
ਮੈਂ ਮੁਰਦੇ ਲਈ ਸਮੋਸੇ ਦਾ ਆਰਡਰ ਦੇ ਦਿੱਤਾ ਤਾਂ ਉਸ ਨੇ ਕਿਹਾ, ‘‘ਇੱਕ ਗੱਲ ਹੋਰ, ਆਰਡਰ ਇਸ ਤਰ੍ਹਾਂ ਕਰੋ ਤਾਂ ਕਿ ਅਗਲਾ ਸਮਝ ਜਾਵੇ ਬਈ ਆਰਡਰ ਦੀ ਪੂਰਤੀ ਵੀ ਕਰਨੀ ਹੈ, ਕਿਉਂਕਿ ਸਰਕਾਰ ਜਦੋਂ ਆਮ ਜਨਤਾ ਦੀਆਂ ਸਹੂਲਤਾਂ ਲਈ ਸਾਮਾਨ ਦਾ ਆਰਡਰ ਦਿੰਦੀ ਹੈ ਤਾਂ ਨਾਲ ਕਈ ਵਾਰ ਇਹੋ ਜਿਹਾ ਇਸ਼ਾਰਾ ਵੀ ਹੁੰਦਾ ਹੈ ਕਿ ਆਰਡਰ ਦਾ ਸਾਮਾਨ ਸਪਲਾਈ ਨਹੀਂ ਕਰਨਾ। ਆਮ ਲੋਕ ਸਰਕਾਰ ਦੀ ਜੈ-ਜੈ ਅਤੇ ਸਪਲਾਇਰ ਨੂੰ ਗਾਲ੍ਹਾਂ ਕੱਢਦੇ ਰਹਿੰਦੇ ਹਨ।’’ ਮੈਂ ਕਿਹਾ, ‘‘ਤੁਸੀਂ ਮੇਰੇ ਆਰਡਰ ’ਤੇ ਸ਼ੱਕ ਕਿਉਂ ਕਰ ਰਹੇ ਹੋ?’’ ਉਸ ਨੇ ਕਿਹਾ, ‘‘ਸ਼ੱਕ ਕਰਨਾ ਨਿਹਾਇਤ ਹੀ ਜ਼ਰੂਰੀ ਹੈ ਕਿਉਂਕਿ ਇਸ ਮੁਲਕ ਦੀ ਸਰਕਾਰ ਪਿਛਲੀ ਪੌਣੀ ਸਦੀ ਤੋਂ ਲੋਕਾਂ ਨੂੰ ਇਸੇ ਤਰ੍ਹਾਂ ਬੇਵਕੂਫ਼ ਬਣਾ ਰਹੀ ਹੈ। ਮਾਈਕ ’ਤੇ ਚੀਖ-ਚੀਖ ਕੇ ਐਲਾਨ ਕੀਤਾ ਜਾਂਦਾ ਹੈ ਕਿ ਜਨਤਾ ਲਈ ਰੋਟੀ ਅਤੇ ਕੱਪੜੇ ਦਾ ਆਰਡਰ ਦਿੱਤਾ ਜਾ ਚੁੱਕਿਆ ਹੈ। ਮੈਂ ਧਰਤੀ ਉੱਪਰ ਰੋਟੀ ਦਾ ਇੰਤਜ਼ਾਰ ਕਰਦੇ ਕਰਦੇ ਧਰਤੀ ਦੇ ਹੇਠਾਂ ਆ ਗਿਆ, ਪਰ ਅੱਜ ਤੱਕ ਉਸ ਆਰਡਰ ਵਾਲੇ ਸਾਮਾਨ ਦੀ ਸਪਲਾਈ ਨਹੀਂ ਹੋਈ।’’
ਆਰਡਰ ਕੀਤਾ ਗਿਆ ਦਹੀਂ ਵਾਲਾ ਸਮੋਸਾ ਉਸੇ ਵੇਲੇ ਮੇਜ਼ ’ਤੇ ਆ ਗਿਆ ਤਾਂ ਮੈਂ ਸੁਖ ਦਾ ਸਾਹ ਲਿਆ ਕਿਉਂਕਿ ਆਪਣੇ ਸ਼ੱਕ ਨਾਲ ਪੂਰੀ ਤਰ੍ਹਾਂ ਮਰ ਚੁੱਕੇ ਗ਼ਮਗ਼ੀਨ ਨੇ ਮੈਨੂੰ ਵੀ ਅੱਧਮਰਿਆ ਕਰ ਦਿੱਤਾ ਸੀ।
ਮੈਂ ਗੱਲ ਅੱਗੇ ਵਧਾਉਂਦੇ ਹੋਏ ਪੁੱਛਿਆ, ‘‘ਲੋਕਾਂ, ਮਤਲਬ ਮੁਰਦਿਆਂ ਦੀ ਦੁਨੀਆ ’ਚ ਕੀ ਹੋ ਰਿਹਾ ਹੈ?’’
ਮੁਰਦੇ ਨੇ ਕਿਹਾ, ‘‘ਇਨ੍ਹੀਂ ਦਿਨੀਂ ਅਸੀਂ ਹੜਤਾਲ ’ਤੇ ਹਾਂ।’’ ਮੈਂ ਤ੍ਰਭਕਿਆ, ‘‘ਕਬਰਾਂ ਦੇ ਅੰਦਰ ਅੰਦੋਲਨ? ਇਸ ਦੀ ਵਜ੍ਹਾ ਕੀ ਹੈ?’’ ਮੁਰਦੇ ਨੇ ਕਿਹਾ, ‘‘ਅੱਜਕੱਲ੍ਹ ਮੁਰਦੇ ਨੂੰ ਬਿਨਾਂ ਕਫ਼ਨ ਦੇ ਹੀ ਦਫ਼ਨ ਕੀਤਾ ਜਾ ਰਿਹਾ ਹੈ।’’ ਮੈਂ ਹੈਰਾਨੀ ਨਾਲ ਕਿਹਾ, ‘‘ਮੈਂ ਤੁਹਾਡੀ ਗੱਲ ਸਮਝਿਆ ਨਹੀਂ?’’ ਮੁਰਦੇ ਨੇ ਕਿਹਾ, ‘‘ਮੈਂ ਕਿਹੜਾ ਮਿਰਜ਼ਾ ਗ਼ਾਲਿਬ ਵਾਂਗ ਸ਼ਿਅਰ ਸੁਣਾ ਦਿੱਤਾ, ਜੋ ਤੁਸੀਂ ਸਮਝੇ ਨਹੀਂ। ਗੱਲ ਇਹ ਹੈ ਕਿ ਇਨ੍ਹੀਂ ਦਿਨੀਂ ਪਾਕਿਸਤਾਨ ’ਚ ਇਲੈਕਸ਼ਨ ਦੇ ਦਿਨ ਹਨ। ਬਾਜ਼ਾਰ ’ਚ ਜਿੰਨਾ ਵੀ ਚਿੱਟਾ ਕੱਪੜਾ ਸੀ, ਸਾਰਾ ਸਿਆਸੀ ਪਾਰਟੀਆਂ ਨੇ ਖ਼ਰੀਦ ਲਿਆ ਹੈ। ਜੇਕਰ ਕਹੀਏ ਕਿ ਸਾਡੇ ਅੱਬਾ ਦਾ ਇੰਤਕਾਲ ਹੋ ਗਿਆ ਹੈ ਸਾਨੂੰ ਕਫ਼ਨ ਲਈ ਕੱਪੜਾ ਦੇ ਦਿਉ ਤਾਂ ਸਾਨੂੰ ਝਿੜਕਦੇ ਹਨ ਅਤੇ ਕਹਿੰਦੇ ਹਨ, ਇਹ ਕੋਈ ਮਰਨ ਦਾ ਵਕਤ ਹੈ। ਤੁਹਾਡੇ ਅੱਬਾ ਨੂੰ ਏਨਾ ਵੀ ਨਹੀਂ ਪਤਾ ਕਿ ਡੈਮੋਕਰੇਸੀ ’ਚ ਇੱਕ-ਇੱਕ ਵੋਟ ਦੀ ਕੀਮਤ ਹੁੰਦੀ ਹੈ। ਵੋਟ ਦੇਣ ਤੋਂ ਬਾਅਦ ਨਹੀਂ ਮਰ ਸਕਦੇ ਸਨ? ਜਾਹਿਲ-ਗੰਵਾਰ ਮਰਨ ਦੇ ਲਈ ਮਰੇ ਜਾ ਰਹੇ ਹੋ। ਜਿਵੇਂ ਅੱਜ ਨਾ ਮਰੇ ਤਾਂ ਫਿਰ ਮਰੋਗੇ ਹੀ ਨਹੀਂ? ਜਾਣਦੇ ਹੋ ਕਿ ਇੱਥੇ ਪੈਰ-ਪੈਰ ’ਤੇ ਮਰਨ ਦੇ ਸਾਮਾਨ ਹਨ, ਪਰ ਕੀ ਕਰੀਏ ਜਨਤਾ ਨੂੰ ਸਰਕਾਰ ’ਤੇ ਭਰੋਸਾ ਹੀ ਨਹੀਂ ਹੈ। ਚਿੱਟੇ ਕੱਪੜੇ ਦੀ ਕਿੱਲਤ ਕਾਰਨ ਮੁਰਦੇ ਬਿਨਾਂ ਕਫ਼ਨ ਦੇ ਦਫ਼ਨ ਕੀਤੇ ਜਾ ਰਹੇ ਹਨ।’’
ਮੈਂ ਕਿਹਾ, ‘‘ਇਹ ਸੱਚਮੁੱਚ ਪ੍ਰੇਸ਼ਾਨੀ ਦੀ ਗੱਲ ਹੈ!’’
ਮੁਰਦੇ ਨੇ ਕਿਹਾ, ‘‘ਪ੍ਰੇਸ਼ਾਨੀ ਇੱਥੇ ਹੀ ਖ਼ਤਮ ਨਹੀਂ ਹੁੰਦੀ। ਅਸਲ ਪ੍ਰੇਸ਼ਾਨੀ ਤਾਂ ਉਹ ਮੁਰਦੇ ਹਨ ਜਿਨ੍ਹਾਂ ਨੂੰ ਚੋਣਾਂ ਦੇ ਬੈਨਰ ’ਚ ਲਪੇਟ ਕੇ ਦਫ਼ਨਾ ਦਿੱਤਾ ਗਿਆ ਹੈ। ਹੁਣ ਉਹ ਪੂਰੇ ਕਬਰਿਸਤਾਨ ’ਚ ਆਪੋ-ਆਪਣੀ ਪਾਰਟੀ ਦੇ ਝੰਡੇ ਅਤੇ ਬੈਨਰ ਲੈ ਕੇ ਅੰਦਰ ਘੁੰਮ ਰਹੇ ਹਨ ਅਤੇ ਇਸ ਦੇ ਚੱਲਦਿਆਂ ਪੂਰੇ ਕਬਰਿਸਤਾਨ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ।’’
ਮੈਨੂੰ ਉਸ ਮੁਰਦੇ ਨਾਲ ਹਮਦਰਦੀ ਹੋਣ ਲੱਗੀ ਅਤੇ ਮੈਂ ਕਿਹਾ, ‘‘ਇਹ ਤਾਂ ਤੁਸਾਂ ਲੋਕਾਂ ਨਾਲ ਬਹੁਤ ਜ਼ਿਆਦਤੀ ਹੋ ਰਹੀ ਹੈ। ਮੈਂ ਤੁਸਾਂ ਲੋਕਾਂ ਦੀ ਹੜਤਾਲ ਦਾ ਸਮਰਥਨ ਕਰਦਾ ਹਾਂ।’’ ਮੁਰਦੇ ਨੇ ਧੰਨਵਾਦ ਦਿੰਦੇ ਹੋਏ ਕਿਹਾ, ‘‘ਪਹਿਲਾਂ ਤੁਸੀਂ ਸਾਡੀਆਂ ਪੂਰੀਆਂ ਸਮੱਸਿਆਵਾਂ ਸੁਣ ਲਵੋ। ਗੱਲ ਇੱਥੇ ਖ਼ਤਮ ਨਹੀਂ ਹੁੰਦੀ। ਕਬਰਾਂ ਅੰਦਰ ਉਨ੍ਹਾਂ ਮੁਰਦਿਆਂ ਨੇ ਆਪਣੀ ਵੱਖ-ਵੱਖ ਪਾਰਟੀ ਬਣਾ ਲਈ ਹੈ ਜਿਨ੍ਹਾਂ ਨੂੰ ਉਨ੍ਹਾਂ ਕੱਪੜਿਆਂ ’ਚ ਦਫ਼ਨ ਕਰ ਦਿੱਤਾ ਗਿਆ ਸੀ ਜੋ ਉਨ੍ਹਾਂ ਨੇ ਮਰਦੇ ਵਕਤ ਪਹਿਨੇ ਸਨ। ਇਨ੍ਹਾਂ ਦੇ ਫੈਸ਼ਨ ਸ਼ੋਅ ਨੇ ਵੱਖਰਾ ਨੱਕ ’ਚ ਦਮ ਕਰ ਰੱਖਿਆ ਹੈ। ਕੋਈ ਖ਼ਾਸ ਡਰੈੱਸ ’ਚ ਹੈ ਤਾਂ ਕੋਈ ਕੋਟ ਪੈਂਟ ’ਚ, ਕੋਈ ਕੁੜਤੇ-ਪਜਾਮੇ ’ਚ ਹੈ ਤਾਂ ਕੋਈ ਧੋਤੀ-ਬਨਿਆਣ ’ਚ। ਇੱਕ ਸਾਹਿਬ ਤਾਂ ਪਾਟੀ ਨਿੱਕਰ ’ਚ ਧੁੰਮਾਂ ਪਾ ਰਹੇ ਹਨ। ਸੋਚੋ ਇਹ ਕਿੰਨੀ ਸ਼ਰਮ ਦੀ ਗੱਲ ਹੈ। ਆਖ਼ਰ ਇਨ੍ਹਾਂ ਕਬਰਾਂ ਅੰਦਰ ਨਿਹਾਇਤ ਹੀ ਸ਼ਰੀਫ਼ ਅਤੇ ਪਰਦਾਨਸ਼ੀਂ ਔਰਤਾਂ ਵੀ ਦਫ਼ਨ ਹਨ, ਉਨ੍ਹਾਂ ਦਾ ਖ਼ਿਆਲ ਤਾਂ ਰੱਖਣਾ ਚਾਹੀਦਾ ਹੈ।’’
ਮੈਂ ਕਿਹਾ, ‘‘ਇਹ ਤਾਂ ਸੱਚੀਓਂ ਬਹੁਤ ਹੀ ਭੈੜੀ ਗੱਲ ਹੈ, ਇਹੋ ਜਿਹੇ ... ਨੂੰ ਤਾਂ ਕਬਰ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ।’’ ਮੁਰਦੇ ਨੇ ਮੇਰੀ ਗੱਲ ਦਾ ਸਮਰਥਨ ਕਰਦੇ ਹੋਏ ਕਿਹਾ, ‘‘ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਪਰ ਇਸ ਲਈ ਉਹ ਮੁਰਦੇ ਤਾਂ ਜ਼ਿੰਮੇਵਾਰ ਨਹੀਂ। ਅਸਲੀ ਜ਼ਿੰਮੇਵਾਰ ਤਾਂ ਉਹ ਜ਼ਿੰਦਾ ਲੋਕ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਉਨ੍ਹਾਂ ਹੀ ਕੱਪੜਿਆਂ ’ਚ ਦਫ਼ਨਾ ਦਿੱਤਾ ਜੋ ਮਰਨ ਵਕਤ ਉਨ੍ਹਾਂ ਨੇ ਪਹਿਨੇ ਹੋਏ ਸਨ।’’ ਮੈਂ ਕਿਹਾ, ‘‘ਇਹ ਗੱਲ ਤਾਂ ਦਰੁਸਤ ਹੈ, ਪਰ ਉਨ੍ਹਾਂ ਜ਼ਿੰਦਾ ਲੋਕਾਂ ਦੀ ਇਹੋ ਜਿਹੀ ਕਿਹੜੀ ਮਜਬੂਰੀ ਸੀ ਜੋ ਉਨ੍ਹਾਂ ਨੂੰ ਪਹਿਨੇ ਹੋਏ ਕੱਪੜਿਆਂ ਵਿੱਚ ਹੀ ਦਫ਼ਨ ਕਰ ਦਿੱਤਾ?’’ ਮੁਰਦੇ ਨੇ ਭੇਤ ਦੀ ਗੱਲ ਦੱਸੀ, ‘‘ਉਹ ਸਾਰੇ ਦੰਗਿਆਂ ’ਚ ਮਾਰੇ ਗਏ ਲੋਕ ਹਨ। ਤੁਸੀਂ ਤਾਂ ਜਾਣਦੇ ਹੋ ਆਪਣੇ ਮੁਲਕ ’ਚ ਦੰੰਗੇ ਕਿੰਨੇ ਹਾਈ-ਟੈੱਕ ਹੁੰਦੇ ਹਨ। ਮਿੰਟਾਂ ’ਚ ਸੈਂਕੜੇ ਲਾਸ਼ਾਂ ਵਿਛ ਜਾਂਦੀਆਂ ਹਨ। ਹੁਣ ਏਨੇ ਮਰੇ ਲੋਕਾਂ ਦਾ ਹਿਸਾਬ ਕੌਣ ਰੱਖੇ। ਇਸ ਲਈ ਜੋ ਜਿਸ ਹਾਲ ’ਚ ਹੋਣ, ਉਨ੍ਹਾਂ ਨੂੰ ਉਵੇਂ ਦਾ ਉਵੇਂ ਦਫ਼ਨਾ ਕੇ ਮਾਮਲਾ ਰਫ਼ਾ-ਦਫ਼ਾ ਕਰ ਦਿੱਤਾ ਜਾਂਦਾ ਹੈ।’’
ਮੁਰਦੇ ਦੇ ਮੂੰਹੋਂ ਇਹ ਗੱਲ ਸੁਣ ਕੇ ਮੈਂ ਤਾਂ ਹੱਕਾ-ਬੱਕਾ ਰਹਿ ਗਿਆ। ਮੈਂ ਜਾਣਨਾ ਚਾਹੁੰਦਾ ਸੀ ਕਿ ਇਹ ਜਿਹੜੇ ਦੰਗਿਆਂ ’ਚ ਮਾਰੇ ਗਏ ਹਨ ਉਨ੍ਹਾਂ ਦੰਗਿਆਂ ਦੀ ਵਜ੍ਹਾ ਕੀ ਸੀ? ਮੇਰੇ ਸਾਧਾਰਨ ਗਿਆਨ ’ਤੇ ਮੁਰਦੇ ਨੂੰ ਹਾਸਾ ਆ ਗਿਆ। ਕਹਿਣ ਲੱਗਾ, ‘‘ਪਿਛਲੇ ਦਸ ਸਾਲਾਂ ’ਚ ਅਸੀਂ ਦੰਗਿਆਂ ’ਚ ਕਈ ਰਿਕਾਰਡ ਕਾਇਮ ਕੀਤੇ ਹਨ। ਦੰਗਿਆਂ ਦੇ ਮਾਮਲੇ ’ਚ ਅਸੀਂ ਏਨੇ ਨਿਪੁੰਨ ਹੋ ਚੁੱਕੇ ਹਾਂ ਕਿ ਹੁਣ ਦੰਗੇ ਲਈ ਕਿਸੇ ਵਜ੍ਹਾ ਦੇ ਮੁਹਤਾਜ ਨਹੀਂ ਰਹੇ। ਅਸੀਂ ਦੰਗੇ ਕਰਾ ਦਿੰਦੇ ਹਾਂ। ਹੁਣ ਇਹ ਤੁਹਾਡਾ ਕੰਮ ਹੈ ਕਿ ਤੁਸੀਂ ਉਸ ’ਚ ਕੀ ਵਜ੍ਹਾ ਜੋੜਦੇ ਹੋ। ਇੱਥੇ ਅਕਸਰ ਦੰਗੇ ਇਸੇ ਵਜ੍ਹਾ ਨਾਲ ਵੀ ਹੁੰਦੇ ਹਨ ਕਿ ਬਹੁਤ ਦਿਨਾਂ ਤੋਂ ਹੋਏ ਨਹੀਂ। ਦੰਗਾ ਸਾਡੀ ਅਣ-ਐਲਾਨੀ ਰਾਸ਼ਟਰੀ ਖੇਡ ਹੈ। ਸਾਡੇ ਤਾਂ ਦੰਗਿਆਂ ਦੀਆਂ ਇੱਕ ਤੋਂ ਇੱਕ ਵਧ ਕੇ ਕਈ ਕਲਾਤਮਿਕ ਕਿਸਮਾਂ ਹਨ। ਦੰਗਾ ਸਿਖਲਾਈ ਕੇਂਦਰ, ਦੰਗਿਆਂ ਦੇ ਆਧੁਨਿਕ ਤਰੀਕੇ, ਦੰਗਿਆਂ ਤੋਂ ਬਾਅਦ ਹਾਲਾਤ ’ਤੇ ਕੰਟਰੋਲ, ਇਹ ਸਭੇ ਸਾਡੀਆਂ ਉਹ ਕਿਤਾਬਾਂ ਹਨ ਜਿਨ੍ਹਾਂ ਨੂੰ ਬਿਹਤਰੀਨ ਕਿਹਾ ਗਿਆ ਹੈ।’’
ਉਸ ਮਰ ਚੁੱਕੇ ਆਦਮੀ ਨੇ ਮੇਰੀ ਜਨਰਲ ਨਾਲੇਜ ਕਾਫ਼ੀ ਵਧਾ ਦਿੱਤੀ ਸੀ। ਮੈਂ ਉਸ ਦਾ ਦੁੱਧ ਵਰਗਾ ਚਿੱਟਾ ਕਫ਼ਨ ਦੇਖ ਕੇ ਕਿਹਾ, ‘‘ਤੁਹਾਨੂੰ ਤਾਂ ਕਫ਼ਨ ਨਸੀਬ ਹੋਇਆ ਹੈ।’’
ਉਸ ਮੁਰਦੇ ਨੇ ਮੇਰੀ ਗੱਲ ਸੁਣੀ ਤਾਂ ਉਸ ਦੀਆਂ ਅੱਖਾਂ ’ਚ ਹੰਝੂ ਆ ਗਏ। ਉਸ ਨੇ ਕਿਹਾ, ‘‘ਤੁਸੀਂ ਮੇਰੀ ਦੁਖਦੀ ਰਗ ’ਤੇ ਹੱਥ ਰੱਖ ਦਿੱਤਾ ਹੈ। ਮੇਰੀ ਦਰਦ ਭਰੀ ਕਹਾਣੀ ਸੁਣੋਗੇ ਤਾਂ ਤੁਸੀਂ ਵੀ ਰੋ ਪਵੋਗੇ।’’ ਏਨਾ ਕਹਿ ਕੇ ਉਹ ਹੁਬਕੀਂ-ਹੁਬਕੀਂ ਰੋਣ ਲੱਗਾ।
ਮੈਂ ਉਸ ਨੂੰ ਧਰਵਾਸ ਦਿੰਦੇ ਹੋਏ ਕਿਹਾ, ‘‘ਮੈਨੂੰ ਦੱਸੋ ਤੁਹਾਡੇ ਨਾਲ ਕੀ ਅੱਤਿਆਚਾਰ ਹੋਇਆ ਹੈ? ਦੱਸਣ ਨਾਲ ਦੁੱਖ ਘੱਟ ਹੁੰਦਾ ਹੈ।’’
ਉਸ ਨੇ ਕਿਹਾ, ‘‘ਮੈਨੂੰ ਚੰਗੀ ਤਰ੍ਹਾਂ ਯਾਦ ਹੈ ਮੇਰੇ ਪਰਿਵਾਰ ਵਾਲਿਆਂ ਨੇ ਰੋਂਦੇ ਹੋਇਆਂ ਮੈਨੂੰ ਕਫ਼ਨ ਦੇ ਨਾਲ ਦਫ਼ਨ ਕੀਤਾ ਸੀ, ਪਰ ਉਨ੍ਹਾਂ ਦੇ ਜਾਂਦਿਆਂ ਹੀ ਕਫ਼ਨ ਚੋਰਾਂ ਨੇ ਮੇਰੀ ਕਬਰ ਪੁੱਟ ਮੇਰਾ ਨਵਾਂ ਕਫ਼ਨ ਚੋਰੀ ਲਿਆ।’’
ਮੈਂ ਤ੍ਰਭਕਿਆ, ‘‘ਕੀ ਇਸ ਮੁਲਕ ’ਚ ਕਫ਼ਨ ਵੀ ਚੋਰੀ ਹੋ ਜਾਂਦੇ ਹਨ?’’
ਮੁਰਦੇ ਨੇ ਕਿਹਾ, ‘‘ਇਹ ਸ਼ਰਾਬ ਪੀਣ ਦੀ ਆਦਤ ਜੋ ਕਰਵਾਏ ਘੱਟ ਹੈ। ਬਸ ਉਦੋਂ ਤੋਂ ਕਬਰ ਵਿੱਚ ਨੰਗਾ ਪਿਆ ਹੋਇਆ ਹਾਂ। ਇਹ ਜੋ ਤੁਸੀਂ ਮੇਰੇ ਜਿਸਮ ’ਤੇ ਕਫ਼ਨ ਦੇਖ ਰਹੇ ਹੋ, ਇਹ ਮੇਰਾ ਕਫ਼ਨ ਨਹੀਂ ਹੈ, ਮੈਂ ਗੁਆਂਢ ਵਾਲੇ ਮੁਰਦੇ ਤੋਂ ਥੋੜ੍ਹੀ ਦੇਰ ਲਈ ਉਧਾਰ ਮੰਗ ਕੇ ਲਿਆਇਆ ਹਾਂ। ਇੱਥੇ ਸਭਨਾਂ ਨੂੰ ਆਪਣਾ ਕਫ਼ਨ ਪਿਆਰਾ ਹੈ, ਛੇਤੀ ਕੋਈ ਕਿਸੇ ਨੂੰ ਆਪਣਾ ਕਫ਼ਨ ਦਿੰਦਾ ਨਹੀਂ। ਇਸ ਨੇ ਵੀ ਰਾਤ ਨੂੰ ਚੰਪੀ ਮਾਲਿਸ਼ ਦੇ ਵਾਅਦੇ ’ਤੇ ਆਪਣਾ ਕਫ਼ਨ ਦਿੱਤਾ ਹੈ ਤੇ ਕਿਹਾ ਹੈ ਕਿ ਜਲਦੀ ਆ ਜਾਣਾ ਕਿਉਂਕਿ ਇਸ ਵਿਚਾਲੇ ਫਰਿਸ਼ਤੇ ਹਿਸਾਬ ਕਰਨ ਆ ਗਏ ਤਾਂ ਬਹੁਤ ਸ਼ਰਮਿੰਦਗੀ ਹੋ ਜਾਏਗੀ।’’
ਹੁਣ ਤੱਕ ਗ਼ਮਗ਼ੀਨ ਅੰਧੇਰਪੁਰੀ ਆਪਣਾ ਸਮੋਸਾ ਚਟਮ ਕਰ ਗਿਆ ਸੀ। ਮੈਂ ਵੀ ਚਾਹ ਸਮੋਸਾ ਖ਼ਤਮ ਕਰ ਉਸ ਤੋਂ ਇਜਾਜ਼ਤ ਲੈਣੀ ਚਾਹੁੰਦਾ ਸੀ ਤਾਂ ਉਸ ਨੇ ਕਿਹਾ, ‘‘ਤੁਹਾਨੂੰ ਕੁਝ ਕਹਿਣਾ ਸੀ।’’ ਮੈਂ ਕਿਹਾ, ‘‘ਕਹੋ?’’
ਮੁਰਦੇ ਨੇ ਝਿਜਕਦੇ ਹੋਏ ਕਿਹਾ, ‘‘ਮੈਨੂੰ ਇੱਕ ਹਜ਼ਾਰ ਰੁਪਏ ਉਧਾਰ ਚਾਹੀਦੇ ਹਨ।’’ ਮੈਂ ਕਿਹਾ, ‘‘ਕਬਰ ਅੰਦਰ ਇੱਕ ਹਜ਼ਾਰ ਰੁਪਏ ਦਾ ਕੀ ਕਰੋਗੇ?’’ ਮੁਰਦੇ ਨੇ ਛਾਤੀ ਤਾਣ ਕੇ ਕਿਹਾ, ‘‘ਆਪਣੇ ਲਈ ਨਵਾਂ ਕਫ਼ਨ ਖਰੀਦਾਂਗਾ। ਦੋ ਦਿਨ ਪਹਿਲਾਂ ਹੀ ਮੁਹੰਮਦ ਹੁਸੈਨ ਕੱਪੜੇ ਵਾਲਾ ਇਸੇ ਕਬਰਿਸਤਾਨ ਵਿੱਚ ਸ਼ਿਫਟ ਕੀਤਾ ਗਿਆ ਹੈ। ਉਹ ਆਪਣੇ ਨਾਲ ਚਿੱਟੇ ਕੱਪੜੇ ਦੇ ਤਿੰਨ-ਚਾਰ ਥਾਨ ਵੀ ਲੈ ਕੇ ਆਇਆ ਹੈ। ਹੁਣ ਕਬਰ ਵਿੱਚ ਕਫ਼ਨ ਦੀ ਬਲੈਕ ਮਾਰਕੀਟਿੰਗ ਕਰ ਰਹੇ ਹਨ।’’
ਮੈਂ ਤਾਂ ਉਸ ਦੀ ਗੱਲ ਸੁਣ ਕੇ ਸੁੰਨ ਰਹਿ ਗਿਆ। ਕਬਰ ਵਿੱਚ ਵੀ ਬਲੈਕ ਮਾਰਕੀਟਿੰਗ? ਮੁਰਦੇ ਨੇ ਕਿਹਾ, ‘‘ਇਸ ਬਲੈਕ ਮਾਰਕੀਟਿੰਗ ਵਿੱਚ ਹੈ ਹੀ ਏਨਾ ਮਜ਼ਾ ਕਿ ਇਸ ਖ਼ਾਤਰ ਇਨਸਾਨ ਮਰਨ ਲਈ ਵੀ ਤਿਆਰ ਹੈ।’’
ਮੈਂ ਉਸ ਮੁਰਦੇ ਨੂੰ ਇੱਕ ਹਜ਼ਾਰ ਰੁਪਏ ਦਿੰਦੇ ਹੋਏ ਕਿਹਾ, ‘‘ਇਹ ਪੈਸੇ ਵਾਪਸ ਕਿਵੇਂ ਕਰੋਗੇ?’’ ਉਸ ਨੇ ਕਿਹਾ, ‘‘ਇੱਕ ਨਾ ਇੱਕ ਦਿਨ ਤੁਸੀਂ ਵੀ ਸਾਡੀ ਦੁਨੀਆ ਵਿੱਚ ਆਉਣਾ ਹੀ ਹੈ, ਜਿਸ ਦਿਨ ਆਵੋਗੇ ਹਿਸਾਬ ਕਰ ਲਵਾਂਗੇ।’’ ਇਸ ਤੋਂ ਪਹਿਲਾਂ ਕਿ ਮੈਂ ਹੋਰ ਕੁਝ ਕਹਿੰਦਾ, ਗ਼ਮਗ਼ੀਨ ਅੰਧੇਰਪੁਰੀ ਉੱਥੋਂ ਗਾਇਬ ਹੋ ਚੁੱਕੇ ਸਨ।
- ਪੰਜਾਬੀ ਰੂਪ: ਨਿਰਮਲ ਪ੍ਰੇਮੀ ਰਾਮਗੜ੍ਹ
ਸੰਪਰਕ: 94631-61691