ਇਜ਼ਰਾਈਲ ਵੱਲੋਂ ਫ਼ਲਸਤੀਨੀਆਂ ਦੀ ਨਸਲਕੁਸ਼ੀ ਖ਼ਿਲਾਫ਼ ਕਨਵੈਨਸ਼ਨ
ਪਾਲ ਸਿੰਘ ਨੌਲੀ
ਜਲੰਧਰ, 7 ਅਕਤੂਬਰ
ਇਜ਼ਰਾਈਲ ਵੱਲੋਂ ਫਲਸਤੀਨੀਆਂ ਦੀ ਨਸਲਕੁਸ਼ੀ ਦੇ ਵਿਰੋਧ ’ਚ, ਸਥਾਈ ਜੰਗਬੰਦੀ ਅਤੇ ਭਾਰਤ ਸਰਕਾਰ ਵੱਲੋਂ ਇਜ਼ਰਾਈਲ ਨੂੰ ਹਥਿਆਰ ਅਤੇ ਹੋਰ ਜੰਗੀ ਸਾਜ਼ੋ-ਸਾਮਾਨ ਦਿੱਤੇ ਜਾਣ ਦੇ ਵਿਰੋਧ ਵਿਚ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਕਨਵੈਨਸ਼ਨ ਕੀਤੀ ਗਈ ਅਤੇ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ ਗਿਆ। ਇਸ ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ’ਚ ਰਤਨ ਸਿੰਘ ਰੰਧਾਵਾ, ਅਜਮੇਰ ਸਿੰਘ, ਰਾਜਵਿੰਦਰ ਸਿੰਘ ਰਾਣਾ, ਨਰਾਇਣ ਦੱਤ, ਗੁਰਨਾਮ ਸਿੰਘ ਬਾਲਦ ਕਲ੍ਹਾਂ ਸ਼ਾਮਲ ਸਨ।
ਆਗੂਆਂ ਨੇ ਕਿਹਾ ਕਿ ਪਿਛਲੇ ਸਾਲ ਤੋਂ ਬੰਬਾਰੀ ਅਤੇ ਜ਼ਮੀਨੀ ਹਮਲਿਆਂ ਨਾਲ 50,000 ਤੋਂ ਵੱਧ ਲੋਕ ਮੌਤ ਦੇ ਘਾਟ ਉਤਾਰ ਦਿੱਤੇ ਗਏ ਹਨ। ਇਸ ਹਮਲੇ ਨਾਲ ਦਸ ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਸਾਰੇ ਜੰਗੀ ਨਿਯਮਾਂ ਨੂੰ ਛਿੱਕੇ ਉੱਤੇ ਟੰਗ ਕੇ ਹਸਪਤਾਲਾਂ, ਸਕੂਲਾਂ ਅਤੇ ਰਿਹਾਇਸ਼ੀ ਥਾਵਾਂ ਨੂੰ ਵੀ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਕਨਵੈਨਸ਼ਨ ਵਿੱਚ ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਸਥਾਈ ਜੰਗਬੰਦੀ ਕੀਤੀ ਜਾਵੇ, ਯੂਐਨਓ ਦੇ ਮਤੇ ਅਨੁਸਾਰ ਫਲਸਤੀਨੀ ਇਲਾਕਿਆਂ ਵਿੱਚੋਂ ਇਜ਼ਰਾਇਲੀ ਫੌਜਾਂ ਫੌਰੀ ਤੌਰ ’ਤੇ ਵਾਪਸ ਬੁਲਾਈਆਂ ਜਾਣ।