’ਵਰਸਿਟੀ ਕਾਲਜ ’ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਨਾਟਕ ਕਰਵਾਉਣ ਤੋਂ ਵਿਵਾਦ
ਬੀਰਬਲ ਰਿਸ਼ੀ
ਧੂਰੀ, 27 ਸਤੰਬਰ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਅੱਜ ਇੱਥੇ ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਨਾਟਕ ਕਰਵਾਏ ਜਾਣ ਨੂੰ ਲੈ ਕੇ ਜਥੇਬੰਦੀ ਦੇ ਕਾਰਕੁਨ ਤੇ ਕਾਲਜ ਮੈਨੇਜਮੈਂਟ ਆਹਮੋ-ਸਾਹਮਣੇ ਆ ਗਏ। ਵਿਦਿਆਰਥੀਆਂ ਨੇ ਮੈਨੇਜਮੈਂਟ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਵਿਦਿਆਰਥੀਆਂ ਵੱਲੋਂ ਮਹਾਨ ਸ਼ਹੀਦ ਦਾ ਦਿਨ ਮਨਾਉਣ ਤੋਂ ਰੋਕਣ ਦੇ ਦੋਸ਼ ਲਗਾਏ।
ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਸੁਖਦੀਪ ਹਥਨ ਅਤੇ ਜ਼ਿਲ੍ਹਾ ਪ੍ਰਧਾਨ ਕਮਲਦੀਪ ਕੌਰ ਨੇ ਦੱਸਿਆ ਕਿ ਅੱਜ ਕਾਲਜ ਵਿੱਚ ਕ੍ਰਾਂਤੀ ਕਲਾ ਮੰਚ ਮੋਗਾ ਵੱਲੋਂ ਬਲਜੀਤ ਮੋਗਾ ਦੀ ਨਿਰਦੇਸ਼ਨਾ ਹੇਠ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਨਾਟਕ ਸ਼ੁਰੂ ਕੀਤਾ ਗਿਆ ਤਾਂ ਕਾਲਜ ਪ੍ਰਿੰਸੀਪਲ ਨੇ ਇਸ ਨੂੰ ਰੋਕਣ ਦੇ ਯਤਨ ਕੀਤੇ। ਵਿਦਿਆਰਥੀਆਂ ਨੇ ਨਾਟਕ ਰੋਕੇ ਜਾਣ ਤੋਂ ਗੁੱਸੇ ਵਿੱਚ ਆ ਕੇ ਪ੍ਰਿੰਸੀਪਲ ਤੇ ਕਾਲਜ ਮੈਨੇਜਮੈਂਟ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਰੋਕਾਂ ਦੇ ਬਾਵਜੂਦ ਨਾਟਕ ਕਰਵਾਇਆ।
ਵਿਦਿਆਰਥੀ ਆਗੂਆਂ ਨੇ ਕਾਲਜ ਅਧਿਕਾਰੀਆਂ ’ਤੇ ਦੂਹਰੇ ਮਾਪਦੰਡ ਅਪਣਾਉਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਇੱਕ ਪਾਸੇ ਤਾਂ ਆਪਣੇ ਦਫ਼ਤਰਾਂ ਵਿੱਚ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਲਗਾ ਕੇ ਉਨ੍ਹਾਂ ਨੂੰ ਸਤਿਕਾਰ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਵਿਦਿਆਰਥੀਆਂ ਨੂੰ ਆਪਣੇ ਸ਼ਹੀਦਾਂ ਦੇ ਦਿਨ ਮਨਾਉਣ ਤੋਂ ਵੀ ਰੋਕਿਆ ਜਾ ਰਿਹਾ ਹੈ। ਆਗੂਆਂ ਅਨੁਸਾਰ ਪ੍ਰਿੰਸੀਪਲ ਨੇ ਮੌਕੇ ’ਤੇ ਪੁਲੀਸ ਬੁਲਾ ਕੇ ਵਿਦਿਆਰਥੀਆਂ ਨੂੰ ਦਬਕਾਉਣ ਦਾ ਵੀ ਅਸਫ਼ਲ ਯਤਨ ਕੀਤਾ, ਜੋ ਨਿੰਦਣਯੋਗ ਕਾਰਵਾਈ ਹੈ। ਇਸ ਮੌਕੇ ਵਿਦਿਆਰਥੀਆਂ ਦੀ ਅਗਵਾਈ ਇਕਾਈ ਪ੍ਰਧਾਨ ਮਨਪ੍ਰੀਤ ਸਿੰਘ, ਬਹਾਦਰ ਸਿੰਘ ਅਤੇ ਗੁਰਤੇਜ ਸਿੰਘ ਕਰ ਰਹੇ ਸਨ।
ਪ੍ਰਿੰਸੀਪਲ ਨੇ ਦੋਸ਼ ਨਕਾਰੇ
ਕਾਲਜ ਪ੍ਰਿੰਸੀਪਲ ਨੇ ਪੀਐੱਸਯੂ ਆਗੂਆਂ ਵੱਲੋਂ ਲਗਾਏ ਦੋਸ਼ ਝੂਠੇ ਤੇ ਬੇਬੁਨਿਆਦ ਦੱਸੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਸਹੀਦ ਭਗਤ ਸਿੰਘ ਸਬੰਧੀ ਚਿੱਤਰ ਪ੍ਰਦਰਸ਼ਨੀ ਲਗਾਏ ਜਾਣ ਦੀ ਮਨਜ਼ੂਰੀ ਲਈ ਸੀ ਜਿਸ ਸਬੰਧੀ ਉਨ੍ਹਾਂ ਨੂੰ ਬਕਾਇਦਾ ਲਾਇਬਰੇਰੀ ਦਿੱਤੀ ਗਈ ਸੀ। ਉਨ੍ਹਾਂ ਜਦੋਂ ਆਪਣੀ ਮਰਜ਼ੀ ਨਾਲ ਨਾਟਕ ਕਰਵਾਉਣੇ ਸ਼ੁਰੂ ਕੀਤੇ ਤਾਂ ਇਹ ਕਾਲਜ ਦੇ ਅਨੁਸਾਸ਼ਨ ਵਿਰੁੱਧ ਹੋਣ ਕਰ ਕੇ ਉਨ੍ਹਾਂ ਵਿਦਿਆਰਥੀਆਂ ਨਾਲ ਗੱਲ ਕੀਤੀ ਸੀ। ਐੱਸਐੱਚਓ ਸਦਰ ਕਰਮਜੀਤ ਸਿੰਘ ਨੇ ਕਿਹਾ ਕਿ ਪੁਲੀਸ ਨੂੰ ਕਾਲਜ ਪ੍ਰਿੰਸੀਪਲ ਨੇ ਬੁਲਾਇਆ ਸੀ ਪਰ ਉਨ੍ਹਾਂ ਕਿਸੇ ਵਿਦਿਆਰਥੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ।