ਗਲੀ ’ਚ ਸਮਰਸੀਬਲ ਪੰਪ ਲਾਉਣ ’ਤੇ ਵਿਵਾਦ
ਨਿੱਜੀ ਪੱਤਰ ਪ੍ਰੇਰਕ
ਖੰਨਾ, 5 ਅਗਸਤ
ਸਰਕਾਰ ਵੱਲੋਂ ਭਾਵੇਂ ਸਮਰਸੀਬਲ ਪੰਪ ਲਾਉਣ ’ਤੇ ਪਾਬੰਦੀ ਲਾਈ ਹੋਈ ਹੈ ਪਰ ਇਸ ਦੇ ਬਾਵਜੂਦ ਖੰਨਾ ਵਿੱਚ ਧੜਾਧੜ ਸਮਰਸੀਬਲ ਪੰਪ ਲੱਗ ਰਹੇ ਹਨ, ਜਿਸ ਵੱਲ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਅਜਿਹਾ ਹੀ ਮਾਮਲਾ ਇਥੋਂ ਦੇ ਮਾਲੇਰਕੋਟਲਾ ਰੋਡ ਸਥਿਤ ਗੁਰੂ ਹਰਿਕ੍ਰਿਸ਼ਨ ਨਗਰ ਵਿੱਚ ਸਾਹਮਣੇ ਆਇਆ। ਜਿੱਥੇ ਇਕ ਵਿਅਕਤੀ ਨੇ ਗਲੀ ਵਿੱਚ ਹੀ ਸਮਰਸੀਬਲ ਲਾਉਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਮੁਹੱਲਾ ਵਾਸੀਆਂ ਨੇ ਇਸ ਦੀ ਸ਼ਿਕਾਇਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੀਤੀ। ਦੱਸਿਆ ਜਾ ਰਿਹਾ ਹੈ ਕਿ ਸ਼ਿਕਾਇਤ ਦੇ ਬਾਵਜੂਦ ਸਮਰਸੀਬਲ ਪੰਪ ਲਾਉਣ ਵਾਲੇ ਨੂੰ ਰੋਕਿਆ ਨਹੀਂ ਗਿਆ। ਈਓ ਅਤੇ ਐੱਸਡੀਐੱਮ ਨੂੰ ਦਿੱਤੀ ਸ਼ਿਕਾਇਤ ਰਾਹੀਂ ਸਿਕੰਦਰ ਸਿੰਘ, ਗੁਰਪ੍ਰੀਤ ਕੌਰ, ਪ੍ਰੇਮ ਲਤਾ, ਗੁਰਪ੍ਰੀਤ ਸਿੰਘ, ਨਰਿੰਦਰ ਸਿੰਘ, ਰਵਨੀਤ ਸਿੰਘ, ਰਾਜੀਵ ਪੁੰਜ, ਸੁਖਦੀਪ ਸਿੰਘ, ਅਜੈ ਕੁਮਾਰ, ਨਵਦੀਪ ਸਿੰਘ, ਜਸਪ੍ਰੀਤ ਸਿੰਘ, ਸਿਮਰਨਦੀਪ ਕੌਰ, ਜਸਵੰਤ ਕੌਰ, ਗੁਰਪ੍ਰੀਤ ਸਿੰਘ ਅਤੇ ਸੁਰਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਇਕ ਵਿਅਕਤੀ ਸਮਰਸੀਬਲ ਲਗਾ ਰਿਹਾ ਹੈ, ਜਿਸ ਵੱਲੋਂ ਮਸ਼ੀਨਰੀ ਮੰਗਵਾ ਕੇ ਬੋਰ ਕੀਤਾ ਜਾ ਰਿਹਾ ਹੈ ਜਦੋਂ ਕਿ ਗਲੀ ਵਿੱਚ ਪੰਪ ਲਾਉਣ ਦਾ ਕੋਈ ਅਧਿਕਾਰ ਨਹੀਂ ਹੈ। ਮੁਹੱਲਾ ਵਾਸੀਆਂ ਨੇ ਮੰਗ ਕੀਤੀ ਕਿ ਉਸ ਵਿਅਕਤੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਈਓ ਚਰਨਜੀਤ ਸਿਘ ਨੇ ਕਿਹਾ ਕਿ ਅਜਿਹਾ ਕਰਨਾ ਗੈਰਕਾਨੂੰਨੀ ਹੈ। ਸਮਰਸੀਬਲ ਪੰਪ ਲਾਉਣ ਵਾਲੇ ਦਾ ਸਮਾਨ ਜ਼ਬਤ ਕਰਨ ਲਈ ਉਨ੍ਹਾਂ ਵੱਲੋਂ ਟੀਮ ਭੇਜੀ ਗਈ ਹੈ, ਜਿਸ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।